ਲਿਬਰਲਾਂ ਦੀ ਬੇਲੋੜੀ ਅਸਹਿਣਸ਼ੀਲਤਾ!

3 Parliamentary intoleanceਪਿਛਲੇ ਕੁੱਝ ਦਿਨਾਂ ਤੋਂ ਇੱਕ ਵੱਖਰੀ ਕਿਸਮ ਦੇ ਚੱਲ ਰਹੇ ਡਰਾਮੇ ਦਾ ਲਿਬਰਲ ਬਹੁ-ਗਿਣਤੀ ਮੈਂਬਰਾਂ ਨੇ ਐਨ ਡੀ ਪੀ ਦੀ ਸਹਾਇਤਾ ਨਾਲ ਆਪਣੀ ਮਨ ਮਰਜ਼ੀ ਦੇ ਹਿਸਾਬ ਨਾਲ ਭੋਗ ਪਾ ਦਿੱਤਾ। ਸਥਾਪਤ ਪਾਰਲੀਮਾਨੀ ਮਰਿਆਦਾ ਮੁਤਾਬਕ ਪਾਰਲੀਮੈਂਟ ਵਿੱਚ ‘ਸਟੈਸਸ ਆਫ ਵੂਮੈਨ’ (ਔਰਤਾਂ ਦੇ ਦਰਜ਼ੇ ਬਾਬਤ) ਕਮੇਟੀ ਦਾ ਮੁਖੀ ਵਿਰੋਧੀ ਧਿਰ ਦੇ ਕਿਸੇ ਮੈਂਬਰ ਪਾਰਲੀਮੈਂਟ ਨੂੰ ਬਣਾਇਆ ਜਾਂਦਾ ਹੈ। ਕੰਜ਼ਰਵੇਟਿਵ ਪਾਰਟੀ ਵੱਲੋਂ ਅਲਬਰਟਾ ਦੇ ਲੇਥਬਰਿੱਜ ਹਲਕੇ ਤੋਂ ਚੁਣੀ ਗਈ 30 ਸਾਲਾ ਰੇਸ਼ਲ ਹਾਰਡਰ ਨੂੰ ਇਸ ਅਹੁਦੇ ਲਈ ਨਾਮਜ਼ਦ ਕੀਤਾ ਗਿਆ। ਲਿਬਰਲ ਪਾਰਟੀ ਨੇ ਬਹੁ ਗਿਣਤੀ ਵੋਟ ਰਾਹੀਂ ਰੇਸ਼ਲ ਨੂੰ ਚੇਅਰ ਨਹੀਂ ਬਣਨ ਦਿੱਤਾ ਕਿਉਂਕਿ ਉਹ ਗਰਭਪਾਤ ਦੇ ਵਿਰੋਧ ਵਿੱਚ ਸਟੈਂਡ ਰੱਖਦੀ ਹੈ।

ਪਾਰਲੀਮੈਂਟ ਦੀ 10 ਮੈਂਬਰੀ ਸਟੇਟਸ ਆਫ ਵੂਮੇਨ ਕਮੇਟੀ ਵਿੱਚ 6 ਲਿਬਰਲ ਮੈਂਬਰ ਹਨ, 3 ਕੰਜ਼ਰਵੇਟਿਵ ਅਤੇ ਇੱਕ ਐਨ ਡੀ ਪੀ ਦਾ। ਜੇਕਰ ਲਿਬਰਲ ਮੈਂਬਰ ਚਾਹੁੰਦੇ ਤਾਂ ਉਹ ਵਿਰੋਧੀ ਧਿਰ ਦੇ ਫੈਸਲੇ ਦਾ ਸਨਮਾਨ ਕਰਦੇ ਹੋਏ ਰੇਸ਼ਲ ਦੀ ਨਾਮਜ਼ਦਗੀ ਦਾ ਵਿਰੋਧ ਨਾ ਕਰਦੇ। ਵੈਸੇ ਵੀ ਬਹੁ-ਗਿਣਤੀ ਲਿਬਰਲ ਕਮੇਟੀ ਵਿੱਚ ਚੇਅਰ ਵਜੋਂ ਰੇਸ਼ਲ ਨੇ ਕਿਸ ਮਤੇ ਨੂੰ ਆਪਣੇ ਨਿੱਜੀ ਖਿਆਲ ਨਾਲ ਪਾਸ ਕਰਵਾ ਲੈਣਾ ਸੀ?।

ਕੰਜ਼ਰਵੇਟਿਵ ਪਾਰਟੀ ਦੇ ਬਹੁਤ ਸਾਰੇ ਐਮ ਪੀ ਗਰਭਪਾਤ ਦੇ ਹੱਕ ਅਤੇ ਵਿਰੋਧ ਵਿੱਚ ਮੱਤ ਰੱਖਦੇ ਹਨ ਜਿਵੇਂ ਕਿ ਬਹੁਤ ਸਾਰੇ ਲਿਬਰਲ ਅਤੇ ਐਨ ਡੀ ਪੀ ਸਮਰੱਥਕ ਇਸ ਗੱਲ ਵਿੱਚ ਯਕੀਨ ਰੱਖਦੇ ਹਨ ਕਿ ਗਰਭਪਾਤ ਕਰਵਾਉਣਾ ਜਾਂ ਨਾ ਕਰਵਾਉਣਾ ਔਰਤ ਦਾ ਨਿੱਜੀ ਫੈਸਲਾ ਹੋਣਾ ਚਾਹੀਦਾ ਹੈ।

ਇਸ ਸਾਲ ਫਰਵਰੀ ਮਹੀਨੇ ਵਿੱਚ ਐਨਗਸ ਰੀਡ (Angus Reid) ਵੱਲੋਂ ਇੱਕ ਸਰਵੇਖਣ ਕਰਵਾਇਆ ਗਿਆ ਜਿਸ ਵਿਚ 1,025 ਕੈਨੇਡੀਅਨ ਔਰਤਾਂ ਨੇ ਹਿੱਸਾ ਲਿਆ ਸੀ। ਇਸ ਸਰੇਵਖਣ ਵਿੱਚ ਸੁਆਲ ਸੀ ਕਿ ਕੀ ਤੁਸੀਂ ਪ੍ਰੋ-ਲਾਈਫ (pro-life)  ਹੁੰਦੇ ਹੋਏ ਨਾਰੀਵਾਦੀ ਹੋ ਸਕਦੇ ਹੋ? 57% ਕੈਨੇਡੀਅਨ ਔਰਤਾਂ ਨੇ ਇਸਦਾ ਜਵਾਬ ਹਾਂ ਵਿੱਚ ਦਿੱਤਾ।

ਲਿਬਰਲ ਪਾਰਟੀ ਨੂੰ ਸ਼ਾਇਦ ਐਨੀ ਕੁ ਸਹਿਣਸ਼ੀਲਤਾ ਅਖ਼ਤਿਆਰ ਕਰ ਲੈਣੀ ਚਾਹੀਦੀ ਹੈ ਕਿ ਜਿਸ ਮੁੱਦੇ ਉੱਤੇ ਵੱਡੀ ਗਿਣਤੀ ਵਿੱਚ ਕੈਨੇਡੀਅਨ ਔਰਤਾਂ ਸਹਿਮਤੀ ਭਰਦੀਆਂ ਹਨ, ਉਸ ਮੁੱਦੇ ਉੱਤੇ ਵਿਰੋਧੀ ਧਿਰ ਦੇ ਫੈਸਲੇ ਦਾ ਸਤਕਾਰ ਕੀਤਾ ਜਾਵੇ। ਨਹੀਂ ਲੋਕਤੰਤਰ ਦਾ ਅਰਥ ਹੀ ਕੀ ਰਹਿ ਜਾਂਦਾ ਹੈ। ਚੇਤੇ ਰਹੇ ਕਿ ਪਿਛਲੀਆਂ ਚੋਣਾਂ ਵਿੱਚ ਜਸਟਿਨ ਟਰੂਡੋ ਹੋਰਾਂ ਨੇ ਨੇਮ ਬਣਾਇਆ ਸੀ ਕਿ ਜੇਕਰ ਤੁਸੀਂ ਗਰਭਪਾਤ ਦੇ ਵਿਰੋਧ ਵਿੱਚ ਹੋ ਤਾਂ ਲਿਬਲਰ ਪਾਰਟੀ ਦੇ ਉਮੀਦਵਾਰ ਨਹੀਂ ਹੋ ਸਕਦੇ। ਸੱਤਾ ਦਾ ਅਧਿਕਾਰ ਵਰਤੇ ਕੇ ਹੋਰਾਂ ਦੀ ਜ਼ੁਬਾਨ ਬੰਦ ਕਰ ਦੇਣ ਦਾ ਅਰਥ ਇਹ ਨਹੀਂ ਕਿ ਲੋਕਾਂ ਦਾ ਖਿਆਲ ਬਦਲ ਗਿਆ ਹੈ। ਮਨੁੱਖੀ ਰਿਸ਼ਤਿਆਂ ਵਿੱਚ ਧੱਕੇ ਨਾਲ ਯਕੀਨੀ ਬਣਾਈ ਗੱਈ ਚੁੱਪ ਨੂੰ ਕਦੇ ਵੀ ਮਰਜ਼ੀ ਨਹੀਂ ਸਮਝਿਆ ਜਾ ਸਕਦਾ।

ਇਹ ਗੱਲ ਘੱਟ ਦਿਲਚਸਪ ਨਹੀਂ ਕਿ ਬਹੁ ਗਿਣਤੀ ਵਿੱਚ ਹੋਣ ਦੇ ਬਾਵਜੂਦ ਲਿਬਲਰ ਐਮ ਪੀਆਂ ਨੇ ਉਦੋਂ ਹੀ ਵੋਟ ਪਾਈ ਜਦੋਂ ਐਨ ਡੀ ਪੀ ਦੀ ਐਮ ਪੀ ਵਲੋਂ ਰੇਸ਼ਲ ਹਾਰਡਰ ਦੀ ਥਾਂ ਕੰਜ਼ਰਵੇਟਿਵ ਪਾਰਟੀ ਦੂਜੀ ਐਮ ਪੀ ਕੈਰਨ ਵੈਸ਼ੀਓ ਨੂੰ ਕਮੇਟੀ ਦਾ ਚੇਅਰ ਵੋਟ ਪਾਉਣ ਲਈ ਅੱਗੇ ਆਈ। ਮਜ਼ੇਦਾਰ ਗੱਲ ਇਹ ਕਿ ਗਰਭਪਾਤ ਦੇ ਮੁੱਦੇ ਉੱਤੇ ਰੇਸ਼ਲ ਨਾਲੋਂ ਵੱਖਰਾ ਮੱਤ ਰੱਖਣ ਦੇ ਬਾਵਜੂਦ ਨੇ ਕੈਰਨ ਨੇ ਖੁਦ ਆਪਣੇ ਹੱਕ ਵਿੱਚ ਵੋਟ ਨਹੀਂ ਪਾਈ ਕਿਉਂਕਿ ਉਹ ਰੇਸ਼ਲ ਨੂੰ ਚੇਅਰ ਬਣਿਆ ਵੇਖਣਾ ਚਾਹੁੰਦੀ ਸੀ। ਕੈਰਨ ਅਤੇ ਰੇਸ਼ਲ ਨੇ ਇੱਕ ਸਾਂਝੇ ਬਿਆਨ ਵਿੱਚ ਇਸ ਧੱਕੇਸ਼ਾਹੀ ਨੂੰ ਲਿਬਰਲ ਅਸਿਹਣਸ਼ੀਲਤਾ ਦਾ ਨਾਮ ਦਿੱਤਾ ਹੈ।

ਕੀ ਅੱਜ ਦੇ ਨਾਰੀਵਾਦੀ ਸੰਸਾਰ ਵਿੱਚ ਇਹ ਕਿਉਂ ਹੈ ਕਿ ਅਸੀਂ ਔਰਤਾਂ ਪ੍ਰਤੀ ਇੱਕ ਸੋਚ ਨੂੰ ਦੂਜੀ ਸੋਚ ਦੇ ਵਿਰੋਧ ਵਿੱਚ ਖੜੀ ਕਰਕੇ ਪੁਜ਼ੀਸ਼ਨ ਲੈਂਦੇ ਹਾਂ। ਕੀ ਇਸਨੂੰ ਔਰਤ ਦੀ ਸੁਤੰਤਰਤਾ ਆਖਿਆ ਜਾ ਸਕਦਾ ਹੈ? ਜੇਕਰ ਕੈਨੇਡੀਅਨ ਚਾਰਟਰ ਤਹਿਤ ਧਰਮ ਦੀ ਆਜ਼ਾਦੀ ਹੈ, ਬੋਲਣ ਦੀ ਆਜ਼ਾਦੀ ਹੈ ਤਾਂ ਦਿਲ ਦੇ ਕਰੀਬ ਕਿਸੇ ਮੁੱਦੇ ਉੱਤੇ ਸਹਿਮਤ ਹੋਣਾ ਕਿਵੇਂ ਗਲਤ ਹੋ ਸਕਦਾ ਹੈ?

ਸਾਨੂੰ ਗਲੋਬ ਐਂਡ ਮੇਲ ਦੇ ਉਸ ਐਡੀਟੋਰੀਅਲ ਨਾਲ ਸਹਿਮਤ ਵਿੱਚ ਕੋਈ ਹਿਚਕਚਾਹਟ ਨਹੀਂ ਹੈ ਜਿਸ ਵਿੱਚ ਉਸਨੇ ਲਿਖਿਆ ਹੈ, “ਔਰਤਾਂ ਵੱਲੋਂ ਵੱਡੀਆਂ ਘਾਲਣਾਵਾਂ ਤੋਂ ਬਾਅਦ ਪ੍ਰਾਪਤ ਕੀਤੇ ਗਏ ਗਰਭਪਾਤ ਦੇ ਹੱਕ ਨੂੰ ਖਰਾਬ ਕਰਨ ਦੀ ਕਿਸੇ ਵੀ ਕੋਸਿ਼ਸ਼ ਦਾ ਵਿਰੋਧ ਕਰਨ ਵਿੱਚ ਅਸੀਂ ਸੱਭ ਤੋਂ ਮੋਹਰੀ ਹੋਵਾਂਗੇ ਪ੍ਰਤੂੰ ਅਸੀਂ ਸਰਕਾਰ ਦਾ ਵੀ ਵਿਰੋਧ ਕਰਦੇ ਹਾਂ ਜੋ ਕਿਸੇ ਯੋਗ ਐਮ ਪੀ ਦੇ ਪਾਰਲੀਮੈਂਟ ਵਿੱਚ ਕੋਈ ਅਹੁਦਾ ਹਾਸਲ ਕਰਨ ਤੋਂ ਪਹਿਲਾਂ ਉਸ ਕੋਲੋਂ ‘ਵਿਚਾਰਧਾਰਕ ਪਵਿੱਤਰਤਾ’ ਦੀ ਮੰਗ ਕਰਦੀ ਹੈ”। ਲਿਬਰਲਾਂ ਨੇ ਜਿਸ ਬੇਕਿਰਕੀ ਨਾਲ ਅਸਹਿਸ਼ੀਲਤਾ ਵਿਖਾਈ ਗਈ ਹੈ, ਦਰਅਸਲ ਵਿੱਚ ਉਹ ਸਹਿਜੇ ਹੀ ਸਹਿਣਯੋਗ ਸੀ।