ਲਿਖਤ ਵਿੱਚ ‘ਕੌਮਾ’ ਨਾ ਲਾਉਣ ਉੱਤੇ ਕੰਪਨੀ ਨੂੰ 50 ਲੱਖ ਡਾਲਰ ਦਾ ਜੁਰਮਾਨਾ


ਵਾਸ਼ਿੰਗਟਨ, 12 ਫਰਵਰੀ (ਪੋਸਟ ਬਿਊਰੋ)- ਅਮਰੀਕਾ ਵਿੱਚ ਇੱਕ ਕੰਪਨੀ ਨੂੰ ਕੌਮਾ (,) ਨਾ ਲਾਉਣ ਦੀ ਬਹੁਤ ਭਾਰੀ ਕੀਮਤ ਚੁਕਾਉਣੀ ਪਈ ਹੈ। ਇਸ ਦੇਸ਼ ਦੇ ਸੂਬੇ ਮੇਯੇਨ ‘ਚ ਇੱਕ ਡੇਅਰੀ ਕੰਪਨੀ ਨੂੰ ਸਿਰਫ ਇੱਕ ਕੌਮਾ ਨਾ ਲਗਾਉਣ ਦੀ ਕੀਮਤ 50 ਲੱਖ ਡਾਲਰ ਭਾਵ 32 ਕਰੋੜ ਰੁਪਏ ਦੇ ਕੇ ਭਰਨੀ ਪਈ।
ਉਕਹਰਸਟ ਡੇਅਰੀ ਕੰਪਨੀ ਦੇ ਡਰਾਈਵਰਾਂ ਨੇ 2014 ਵਿੱਚ ਇੱਕ ਕੇਸ ਦਾਇਰ ਕੀਤਾ ਸੀ, ਜਿਸ ਵਿੱਚ ਉਨ੍ਹਾਂ ਨੇ ਇੱਕ ਕਰੋੜ ਡਾਲਰ ਭਾਵ 64 ਕਰੋੜ ਰੁਪਏ ਦੇ ਜੁਰਮਾਨੇ ਦੀ ਮੰਗ ਕੀਤੀ ਸੀ। ਇਸ ਕੇਸ ਦੇ ਸਿਲਸਿਲੇ ਵਿੱਚ ਅਦਾਲਤ ਵਿੱਚ ਦਾਖਲ ਕੀਤੇ ਗਏ ਦਸਤਾਵੇਜ਼ਾਂ ਮੁਤਾਬਕ ਦੋਵਾਂ ਪੱਖਾਂ ਵਿਚਾਲੇ ਤਕਰੀਬਨ 32 ਕਰੋੜ ਰੁਪਏ ਦਾ ਸਮਝੌਤਾ ਹੋਇਆ ਹੈ। ਅਸਲ ਵਿੱਚ ਮਾਮਲਾ ਕੰਪਨੀ ਅਤੇ ਡਰਾਈਵਰ ਦੇ ਵਿਚਕਾਰ ਓਵਰ ਟਾਈਮ ਦੇ ਨਿਯਮਾਂ ਬਾਰੇ ਹੋਇਆ ਸੀ। ਕੰਪਨੀ ਦੇ ਨਿਯਮ ਵਿੱਚ ਇਹ ਦਰਜ ਸੀ, ‘‘ਕੈਨਿੰਗ, ਪ੍ਰੋਸੈਸਿੰਗ, ਪ੍ਰੀਜ਼ਰਵਿੰਗ, ਫਰੀਜ਼ਿੰਗ, ਡਰਾਇੰਗ, ਮਾਰਕੀਟਿੰਗ, ਸਟੋਰੰਿਗ, ਪੈਕਿੰਗ ਫਾਰ ਸ਼ਿਪਮੈਂਟ ਜਾਂ ਡਿਸਟਰੀਬਿਊਸ਼ਨ ਆਫ ਫੂਡਜ਼।” ਇਨ੍ਹਾਂ ਵਿਚਕਾਰ ਝਗੜਾ ਇਸ ਗੱਲ ਨੂੰ ਲੈ ਕੇ ਹੋਇਆ ਕਿ ਪੈਕਿੰਗ ਫਾਰ ਸ਼ਿਪਮੈਂਟ ਜਾਂ ਡਿਸਟਰੀਬਿਊਸ਼ਨ ‘ਚ ਕੋਈ ਆਕਸਫੋਰਡ ਕੌਮਾ ਨਹੀਂ ਲੱਗਾ ਸੀ।
ਡਰਾਈਵਰਾਂ ਦਾ ਕਹਿਣਾ ਸੀ ਕਿ ਇਸ ‘ਚ ਪੈਕਿੰਗ ਅਤੇ ਸ਼ਿਪਿੰਗ ਦੀ ਗੱਲ ਕਹੀ ਗਈ ਸੀ, ਪਰ ਉਹ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕਰਦੇ ਹਨ। ਕਿਸੇ ਵਾਕ ਵਿੱਚ ਜਦ ਤਿੰਨ ਜਾਂ ਇਸ ਤੋਂ ਵੱਧ ਚੀਜ਼ਾਂ ਹੁੰਦੀਆਂ ਹਨ ਤਾਂ ਉਸ ਨੂੰ ਕੋਮੇ ਰਾਹੀਂ ਵੱਖ ਕਰਨਾ ਪੈਂਦਾ ਹੈ। ਆਖਰੀ ਚੀਜ਼ ਤੋਂ ਪਹਿਲਾਂ ਲੱਗਣ ਵਾਲੇ ਕੋਮੇ ਨੂੰ ਆਕਸਫੋਰਡ ਕਾਮਾ ਕਿਹਾ ਜਾਂਦਾ ਹੈ। ਆਕਸਫੋਰਡ ਕੋਮੇ ਦੇ ਬਿਨਾਂ ਉਸ ਵਾਕ ‘ਚ ਪੈਕਿੰਗ ਅਤੇ ਸ਼ਿਪਿੰਗ ਦੇ ਕੰਮਾਂ ਦੀ ਥਾਂ ਇੱਕੋ ਕੰਮ ਦਾ ਰੂਪ ਮੰਨਿਆ ਜਾਵੇਗਾ। ਡਰਾਈਵਰਾਂ ਦਾ ਕਹਿਣਾ ਹੈ ਕਿ ਇਹ ਦੋ ਕੰਮਾਂ ਦੀ ਥਾਂ ਇੱਕ ਨੂੰ ਹੀ ਦਰਸਾਉਂਦਾ ਹੈ, ਪਰ ਅਸੀਂ ਪੈਕਿੰਗ ਨਹੀਂ ਕਰਦੇ ਇਸ ਲਈ ਸਾਨੂੰ ਓਵਰਟਾਈਮ ਮਿਲਣਾ ਚਾਹੀਦਾ ਹੈ।