ਲਾਹੌਰ ਦੇ ਸ਼ਾਦਮਾਨ ਚੌਕ ਦਾ ਨਾਂਅ ਬਦਲਣ ਦੀ ਸੁਣਵਾਈ ਹੁਣ ਹਾਈ ਕੋਰਟ ਵਿੱਚ ਪੰਜ ਮਾਰਚ ਨੂੰ


ਲਾਹੌਰ, 23 ਫਰਵਰੀ (ਪੋਸਟ ਬਿਊਰੋ)- ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿੱਚ ਸ਼ਾਦਮਾਨ ਚੌਕ ਦਾ ਨਾਂਅ ਬਦਲਣ ਅਤੇ ਸ਼ਹੀਦ ਭਗਤ ਸਿੰਘ ਦਾ ਬੁੱਤ ਲਾਉਣ ਦੇ ਕੇਸ ਵਿੱਚ ਕੱਲ੍ਹ ਲਾਹੌਰ ਹਾਈ ਕੋਰਟ ‘ਚ ਸੁਣਵਾਈ ਮਗਰੋਂ ਅਦਾਲਤ ਨੇ ਇਸ ਕੇਸ ਦੀ ਸੁਣਵਾਈ ਲਈ ਪੰਜ ਮਾਰਚ ਦੀ ਤਰੀਕ ਤੈਅ ਕੀਤੀ ਹੈ।
ਸ਼ਹੀਦ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ ਦੇ ਚੇਅਰਮੈਨ ਇਮਤਿਆਜ਼ ਰਸ਼ੀਦ ਕੁਰੈਸ਼ੀ ਨੇ ਦੱਸਿਆ ਕਿ ਕੱਲ੍ਹ ਲਾਹੌਰ ਹਾਈ ਕੋਰਟ ਵਿੱਚ ਜਸਟਿਸ ਸ਼ਾਹਿਦ ਜਮੀਲ ਖਾਨ ਦੀ ਅਦਾਲਤ ਵਿੱਚ ਫਾਊਂਡੇਸ਼ਨ ਵੱਲੋਂ ਸੁਪਰੀਮ ਕੋਰਟ ਦੇ ਵਕੀਲ ਐਡਵੋਕੇਟ ਅਬਦੁਲ ਰਸ਼ੀਦ ਕੁਰੈਸ਼ੀ ਪੇਸ਼ ਹੋਏ। ਉਨ੍ਹਾਂ ਦੱਸਿਆ ਕਿ ਹੁਣ ਦੋਵਾਂ ਕੇਸਾਂ ਦੀ ਸੁਣਵਾਈ ਨਾਲੋ-ਨਾਲ ਹੋਵੇਗੀ। ਵਰਨਣ ਯੋਗ ਹੈ ਕਿ ਲਾਹੌਰ ਵਿੱਚ ਸ਼ਾਦਮਾਨ ਚੌਕ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ ‘ਤੇ ਰੱਖੇ ਜਾਣ ਅਤੇ ਸ਼ਹੀਦ ਭਗਤ ਸਿੰਘ ਦਾ ਬੁੱਤ ਲਾਏ ਜਾਣ ਦੀ ਮੰਗ ਬਾਰੇ ਲਾਹੌਰ ਹਾਈ ਕੋਰਟ ਵਿੱਚ ਅਪੀਲ ਕੀਤੀ ਗਈ ਹੈ। ਸ਼ਾਦਮਾਨ ਚੌਕ ਹੀ ਉਹ ਜਗ੍ਹਾ ਹੈ, ਜਿੱਥੇ 23 ਮਾਰਚ 1931 ਨੂੰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ।