ਲਾਸ਼ ਮਿਲਣ ਦੇ ਕੇਸ ਵਿੱਚ ਕਰਨਲ ਸੰਧੂ ਨੂੰ ਹਾਈ ਕੋਰਟ ਤੋਂ ਵੀ ਰਾਹਤ ਨਹੀਂ ਮਿਲੀ


ਚੰਡੀਗੜ੍ਹ, 12 ਅਪ੍ਰੈਲ (ਪੋਸਟ ਬਿਊਰੋ)- ਡਬਲਯੂ ਡਬਲਯੂ ਡਬਲਯੂ ਆਈ ਸੀ ਐੱਸ ਦੇ ਮੈਨੇਜਿੰਗ ਡਾਇਰੈਕਟਰ ਅਤੇ ਫਾਰੈਸਟ ਹਿੱਲਜ਼ ਰੀਸੌਰਟ ਦੇ ਮਾਲਕ ਕਰਨਲ ਬੀ ਐੱਸ ਸੰਧੂ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ। ਸੰਧੂ ਦੇ ਫਾਰਮ ਉੱਤੇ ਅਭਿਸ਼ੇਕ ਗੁਲੇਰੀਆ ਦੀ ਲਾਸ਼ ਮਿਲਣ ਦੇ ਸੰਬੰਧ ‘ਚ ਦਰਜ ਕਤਲ ਕੇਸ ‘ਚ ਉਸ ਨੇ ਹਾਈ ਕੋਰਟ ਤੋਂ ਅਗਾਊਂ ਜ਼ਮਾਨਤ ਮੰਗੀ ਸੀ, ਪਰ ਹਾਈ ਕੋਰਟ ਨੇ ਕਿਹਾ ਕਿ ਜ਼ਮਾਨਤ ਅਰਜ਼ੀ ਅਗੇਤੀ ਹੈ, ਅਜੇ ਇਸੇ ਮੰਗ ਬਾਰੇ ਮੁਹਾਲੀ ਜ਼ਿਲ੍ਹਾ ਅਦਾਲਤ ਵਿੱਚ ਉਸ ਦੀ ਅਰਜ਼ੀ ਵਿਚਾਰ ਅਧੀਨ ਹੈ। ਹਾਈ ਕੋਰਟ ਨੇ ਸੰਧੂ ਨੂੰ ਕੋਈ ਰਾਹਤ ਨਾ ਦੇ ਕੇ ਅਰਜ਼ੀ ਦਾ ਨਿਪਟਾਰਾ ਕਰ ਦਿੱਤਾ ਹੈ ਕਿ ਅਜੇ ਜ਼ਿਲ੍ਹਾ ਅਦਾਲਤ ਦੇ ਫੈਸਲੇ ਦੀ ਉਡੀਕ ਕੀਤੀ ਜਾਵੇ।
ਵਰਨਣ ਯੋਗ ਹੈ ਕਿ ਇਸ ਕਤਲ ਕੇਸ ਵਿੱਚ ਗੁਰਵਿੰਦਰ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਨੂੰ ਦੋ ਗੱਡੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਨ੍ਹਾਂ ਦੀ ਪੁਲਸ ਪੁੱਛਗਿੱਛ ਦੌਰਾਨ ਸੰਧੂ ਨਾਲ ਜੁੜੇ ਸੁਰਾਗ ਮਿਲੇ ਸੀ। ਦੱਸਿਆ ਗਿਆ ਹੈ ਕਿ ਬੈਂਸ ਤੋਂ ਮਿਲੇ ਇੱਕ ਮੋਬਾਈਲ ਫੋਨ ਵਿੱਚ ਇੱਕ ਰਿਕਾਰਡਿੰਗ ਮਿਲੀ, ਜਿਸ ਵਿੱਚ ਕੋਈ ਵਿਅਕਤੀ ਬੈਂਸ ਨੂੰ ਕਹਿ ਰਿਹਾ ਹੈ ਕਿ ਪਹਿਲੀ ਯੋਜਨਾ ਮੁਤਾਬਕ ਕੰਮ ਕਰੋ। ਪੁਲਸ ਇਸ ਆਵਾਜ਼ ਨੂੰ ਕਰਨਲ ਸੰਧੂ ਦੀ ਆਵਾਜ਼ ਮੰਨਦੀ ਹੈ। ਇਸ ਸ਼ੱਕ ਦੇ ਆਧਾਰ ਉੱਤੇ ਸੰਧੂ ਨੂੰ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਸੀ। ਜ਼ਮਾਨਤ ਅਰਜ਼ੀ ਵਿੱਚ ਕਰਨਲ ਸੰਧੂ ਨੇ ਦੋਸ਼ ਲਾਇਆ ਕਿ ਉਸ ਨੂੰ ਬੇਵਜ੍ਹਾ ਫਸਾਇਆ ਜਾ ਰਿਹਾ ਹੈ, ਇਸ ਲਈ ਉਸ ਨੂੰ ਅਗਾਊਂ ਜ਼ਮਾਨਤ ਦਿੱਤੀ ਜਾਣੀ ਚਾਹੀਦੀ ਹੈ। ਇਸ ਮੰਗ ਬਾਰੇ ਮੁਹਾਲੀ ਅਦਾਲਤ ਵਿੱਚ ਅਰਜ਼ੀ ਵਿਚਾਰ ਅਧੀਨ ਹੈ, ਜਿਸ ਦੀ ਸੁਣਵਾਈ 17 ਅਪ੍ਰੈਲ ਨੂੰ ਹੋਣੀ ਹੈ ਅਤੇ ਅਦਾਲਤ ਨੇ ਪੁਲਸ ਨੂੰ ਪੇਸ਼ੀ ਦੌਰਾਨ ਕੇਸ ਨਾਲ ਜੁੜਿਆ ਸਾਰਾ ਰਿਕਾਰਡ ਪੇਸ਼ ਕਰਨ ਦੀ ਹਦਾਇਤ ਕੀਤੀ ਹੋਈ ਹੈ।