ਲਾਲ ਫਿਫਟੀ ਦਾ ‘ਕਰਮ’

-ਰਾਮ ਸਵਰਨ ਲੱਖੇਵਾਲੀ
ਕੁਝ ਸਾਲ ਪਹਿਲਾਂ ਮੈਂ ਵੱਡੀ ਭੈਣ ਵੱਲੋਂ ਪੱਗ ਨਾਲ ਮਿਲੀ ਲਾਲ ਫਿਫਟੀ ਬੰਨ੍ਹ ਕੇ ਸਵੈਮਾਣ ਨਾਲ ਭਰਿਆ ਡਲਹੌਜ਼ੀ ਦੇ ਸੁਭਾਸ਼ ਚੌਕ ਵਿੱਚ ਖੜਾ ਸਾਂ। ਉਥੇ ਟ੍ਰੈਫਿਕ ਕੰਟਰੋਲ ਕਰ ਰਹੇ ਸਿਪਾਹੀ ਨੇ ਕੱਦ ਕਾਠ ਵੇਖ ਕੇ ਭੁਲੇਖਾ ਖਾਂਦਿਆਂ ਮੈਨੂੰ ਸਲਾਮ ਕਰਦਿਆਂ ਕਿਹਾ, ‘ਸਰਦਾਰ ਜੀ, ਸੜਕਾਂ ‘ਤੇ ਡਿਊਟੀ ਕਰਦਿਆਂ ਤੁਹਾਡੀ ‘ਬਹਾਦਰੀ’ ਦੇ ਬਥੇਰੇ ਕਿੱਸੇ ਸੁਣੇ ਹਨ, ਪਰ ਆਹ ਆਪਣੇ ਪਰਵਾਰਾਂ ਦੀ ਸੁਰੱਖਿਆ ਕਰਨ ਵੇਲੇ ਤੁਹਾਡਾ ਹੱਥ ਕਾਹਤੋਂ ਕੰਬਣ ਲੱਗ ਪਿਆ ਏ?’
ਉਨ੍ਹੀਂ ਦਿਨੀ ਇਕ ਪੁਲਸ ਇੰਸਪੈਕਟਰ ਪਿਤਾ ਦੇ ਆਪਣੀ ਬੇਟੀ ਦੀ ਇੱਜ਼ਤ ਬਚਾਉਂਦਿਆਂ ‘ਸਰਕਾਰੀ ਜਥੇਦਾਰ’ ਦੀ ਗੋਲੀ ਨਾਲ ਮੌਤ ਦਾ ਸ਼ਿਕਾਰ ਬਣਨ ਦੀ ਖਬਰ ਚਰਚਾ ਵਿੱਚ ਸੀ। ਬਿਨਾਂ ਜਵਾਬ ਦਿੱਤਿਆਂ ਮੈਂ ਹੋਟਲ ਦੇ ਕਮਰੇ ਵਿੱਚ ਆ ਬੈਠਾ। ਟ੍ਰੈਫਿਕ ਪੁਲਸ ਮੁਲਾਜ਼ਮ ਦਾ ਸਵਾਲ ਮੇਰੇ ਮਨ ਦੀ ਬੇਚੈਨੀ ਬਣਨ ਲੱਗਾ। ਪਹਾੜੀ ‘ਤੇ ਬਣੇ ਹੋਟਲ ਦੀ ਬਗੀਚੀ ਸਾਹਵੇਂ ਠੰਢੀ ਹਵਾ ਵਿੱਚ ਬੈਠਿਆਂ ‘ਲਾਲ ਫਿਫਟੀ’ ਵਾਲੇ ਅਨੇਕਾਂ ਪਾਤਰ ਮੇਰੇ ਚੇਤੇ ਨੂੰ ਗਰਮਾਉਣ ਲੱਗੇ। ‘ਭਾਈ ਸਾਹਬ, ਆਹ ਤੁਸੀਂ ਪਰਸ ਦੀਆਂ ਤਣੀਆਂ ਲਿਆ ਕੇ ਚੋਰੀ ਦਾ ਚੰਗਾ ਸਬੂਤ ਲਿਆਏ ਹੋ। ਕਿਵੇਂ ਯਕੀਨ ਕਰਾਂ ਤੁਹਾਡਾ? ਸਾਰਾ ਦਿਨ ਇਹੋ ਕੰਮ ਕਰਦੇ ਹਾਂ, ਸਾਨੂੰ ਕਿਹੜਾ ਪਤਾ ਨੀਂ ਹੁੰਦਾ..ਇੰਜ ਹਰੇਕ ਦੀ ਰਿਪੋਰਟ ਦਰਜ ਕਰਨ ਲੱਗ ਗਏ ਤਾਂ ਫਿਰ ਸਰ ਗਿਆ ਸਾਡੇ ਮਹਿਕਮੇ ਦਾ।’
ਸਾਡੇ ਸ਼ਹਿਰ ਦਾ ਰੋਹਬਦਾਰ ਚਿਹਰੇ ਅਤੇ ਸਟਾਰਾਂ ਨਾਲ ਲੱਦੀ ਜੇਬ੍ਹ ਵਾਲਾ ਇੰਸਪੈਕਟਰ ਮੇਰੀ ਜੀਵਨ ਸਾਥਣ ਦੇ ਰਿਕਸ਼ੇ ‘ਤੇ ਜਾਂਦਿਆਂ ਖੋਹੇ ਗਏ ਪਰਸ ਦੀ ਰਿਪੋਰਟ ਲਿਖਣ ਤੋਂ ਇਨਕਾਰੀ ਸੀ। ਏਕੇ ਭਰੇ ਯਤਨਾਂ ਨਾਲ ਰਿਪੋਰਟ ਦਰਜ ਕਰਵਾ ਲਈ, ਪਰ ਕੁਝ ਦਿਨਾਂ ਬਾਅਦ ਇਕ ਪੜਤਾਲੀਆ ਥਾਣੇਦਾਰ ਫੜੇ ਗਏ ‘ਚੋਰ’ ਨੂੰ ਲੈ ਕੇ ਸਾਡੇ ਘਰ ਇੰਕੁਆਇਰੀ ਕਰਨ ਆ ਪਹੁੰਚਿਆ। ਕਹਿੰਦਾ, ਜੇ ਤੁਹਾਡੇ ਕੋਲ ਮੋਬਾਈਲ ਦਾ ਬਿੱਲ ਹੈ ਤਾਂ ਮੈਨੂੰ ਦਿਉ। ਤੁਹਾਡਾ ਫਾਇਦਾ ਕਰ ਦਿਆਂਗਾ। ਉਸ ਦੀ ਸ਼ੱਕੀ ਨਜ਼ਰ ਤੇ ਬੇਲੋੜੇ ਸਵਾਲ ਪਰੇਸ਼ਾਨ ਕਰਨ ਵਾਲੇ ਸਨ। ਮੈਂ ਉਸ ਥਾਣੇਦਾਰ ਦੀ ਗੈਰ ਸੰਜੀਦਗੀ ਤੇ ‘ਚੋਰ’ ਦੇ ਚਿਹਰੇ ਤੋਂ ਝਲਕਦੀ ਬੇਪਰਵਾਹੀ ਤੋਂ ਹੈਰਾਨ ਸਾਂ। ਨੁਕਸਾਨ ਝੱਲਿਆ, ਫਿਰ ਵੀ ਘਰੇ ਸੰਮਨ ਆਏ ਤੇ ਜ਼ਿੰਦਗੀ ‘ਚ ਪਹਿਲੀ ਵਾਰ ਦੋਵਾਂ ਜੀਆਂ ਨੂੰ ਅਦਾਲਤਾਂ ਦਾ ਮੂੰਹ ਵੇਖਣਾ ਪਿਆ। ਕਮਾਲ ਉਸ ਅਦਾਲਤੀ ਇੰਸਪੈਕਟਰ ਨੇ ਕੀਤੀ, ਜਿਹੜਾ ਚੋਰੀ ਪਰਸ ਦੇ ਕੇਸ ਵਿੱਚ ਸਾਨੂੰ ਆਪਣੀ ਬਣਾਈ ਫਾਈਲ ਅਨੁਸਾਰ ‘ਗਿਣੇ ਮਿੱਥੇ’ ਬਿਆਨ ਦੇਣ ਲਈ ਮਜਬੂਰ ਕਰਨ ਲੱਗਾ। ਇਹ ਵੇਖ ਕੇ ਮੈਨੂੰ ਆਪਣੇ ਸੁਤੰਤਰਤਾ ਸੈਨਾਨੀ ਬਾਪ ਦੀ ਸੁਖਾਵੀਂ ਛਤਰ ਛਾਇਆ ਹੇਠ ਪੜ੍ਹਦਿਆਂ ਪਿੰਡ ਦੇ ‘ਚੌਧਰੀਆਂ’ ਦੀ ਸ਼ਿਕਾਇਤ ‘ਤੇ ਬਿਨਾਂ ਕਸੂਰੋਂ ਲਾਲ ਪਗੜੀਆਂ ਵਾਲੀ ਪੁਲਸ ਛਾਪੇ ਦੀ ਕੁਸੈਲੀ ਯਾਦ ਆਈ। ਇਹ ਸੋਚਦਿਆਂ ਹੀ ਲਾਲ ਫਿਫਟੀ ਦੀ ‘ਹੋਣੀ’ ਉਤੇ ‘ਤਰਸ’ ਆਇਆ।
ਉਸ ਦਿਨ ਕਚਹਿਰੀ ਬੈਠਿਆਂ ਮੇਰੇ ਚੇਤਿਆਂ ਵਿੱਚ ਬਾਬੇ ਫਰੀਦ ਦੇ ਨਾਂ ‘ਤੇ ਵਸੇ ਸ਼ਹਿਰ ਦੀ ਮਾਡਰਨ ਜੇਲ੍ਹ ਦਾ ਦਿ੍ਰਸ਼ ਆਉਣ ਲੱਗਾ। ਅਸੀਂ ਇਕ ਅਧਿਆਪਕ ਮਿੱਤਰ ਦੇ ਬੇਟੇ ਦੀ ਮੁਲਾਕਾਤ ਨੂੰ ਗਏ ਸਾਂ, ਜਿਹੜਾ ਆਪਣੇ ਅਧਿਆਪਕ ਸਾਥੀਆਂ ਨਾਲ ਪੱਕਾ ਰੁਜ਼ਗਾਰ ਮੰਗਣ ਦੇ ‘ਦੋਸ਼’ ਵਿੱਚ ਜੇਲ੍ਹ ਦੀ ਹਵਾ ਖਾ ਰਿਹਾ ਸੀ। ਲਾਲ ਫਿਫਟੀ ਦੇ ‘ਰੋਅਬ ਦਾਬ’ ਦਾ ਨਵਾਂ ਰੂਪ ਮੇਰੇ ਸਾਹਮਣੇ ਸੀ। ਮੇਰੇ ਲਈ ਜੇਲ੍ਹ ਮੁਲਾਕਾਤ ਦਾ ਪਹਿਲਾ ਤੇ ਨਵਾਂ ਤਜਰਬਾ ਸੀ। ਰਜਿਸਟਰ ‘ਤੇ ਨਾਂ ਪਤਾ ਦਰਜ ਕਰਵਾ, ਜਾਮਾ ਤਲਾਸ਼ੀ ਦੇ ਥੋੜ੍ਹੀ ਉਡੀਕ ਮਗਰੋਂ ਸਾਨੂੰ ਅੰਦਰ ਭੇਜਿਆ ਗਿਆ। ਤਣੀਆਂ ਬੰਦੂਕਾਂ ਤੇ ਡਰ ਦੇ ਸਾਏ ਹੇਠ ਲੋਕੀਂ ਜੇਲ੍ਹ ‘ਚ ਬੰਦ ਆਪਣਿਆਂ ਨਾਲ ਮੁਲਾਕਾਤਾਂ ਕਰ ਰਹੇ ਸਨ। ਜਦ ਅਸੀਂ ਨੌਜਵਾਨ ਅਧਿਆਪਕ ਤੋਂ ਦਿਖ ਰਹੀ ਏਨੀ ਸਖਤੀ ਬਾਰੇ ਪੁੱਛਿਆ ਤਾਂ ਉਹ ਕਹਿਣ ਲੱਗਾ, ‘ਅੰਕਲ, ਇਹ ਤਾਂ ਹਾਥੀ ਦੇ ਦੰਦ ਨੇ, ਮਹਿਜ਼ ਵਿਖਾਉਣ ਲਈ। ਜੇਲ੍ਹ ਅੰਦਰ ਦੀ ਦੁਨੀਆ ਹੋਰ ਹੈ, ਸਭ ਕੁਝ ਮਿਲਦਾ ਹੈ ਅੰਦਰ, ਬੱਸ ਅਧੀਨਗੀ ਕਬੂਲ ਕਰੋ ਤੇ ‘ਬਖਸ਼ੀਸ਼’ ਦਿਉ। ਅਸੀਂ ਭੇਤੀ ਹੋ ਗਏ ਹਾਂ। ਨਿਰਮੋਹਿਆਂ, ਬੇ-ਅਸੂਲਿਆਂ, ਕਾਲੇ ਦਿਲਾਂ ਵਾਲਿਆਂ ਤੇ ਬੇਦਰਦਾਂ ਦੀ ਦੇਖ ਰੇਖ ਵਿੱਚ ਰਹਿ ਕੇ ਅਸੀਂ ਇਕ ਹੋਰ ‘ਪੜ੍ਹਾਈ’ ਪੜ੍ਹ ਲਈ ਏ।
ਸੀਖਾਂ ਅੰਦਰੋਂ ਆਪਣੇ ਸਨੇਹੀਆਂ ਨਾਲ ਹੌਕਿਆਂ, ਹੰਝੂਆਂ ਭਰੀਆਂ ਆਸਵੰਦ ਨਜ਼ਰਾਂ ਅਤੇ ਵਿਗੋਚੇ ਭਰੇ ਉਦਾਸ ਮਨਾਂ ਸੰਗ ਹੁੰਦੀਆਂ ਗੱਲਾਂ ਮੁਲਾਕਾਤਾਂ ਦਾ ਸਮਾਂ ਪੂਰਾ ਹੋਣ ‘ਤੇ ਬੰਦ ਹੋਈਆਂ। ਸੁਧਾਰ ਘਰ ਦੇ ਨਾਂ ਵਾਲੀ ਜੇਲ੍ਹ ਵਿੱਚ ਗੁਜ਼ਾਰੇ ਪਲ ਰਾਤ ਰਾਤ ਨੀਂਦ ਨੂੰ ਉਸਲਵੱਟਿਆਂ ਵਿੱਚ ਬਦਲਦੇ ਰਹੇ। ਦੂਰ ਪਹਾੜੀ ਹੇਠਾਂ ਡੁੱਬਦੇ ਸੂਰਜ ਨੂੰ ਨਿਹਾਰਦਿਆਂ ਮੇਰੇ ਮਸਤਕ ‘ਚ ਆਪਣੇ ਪੱਤਰਕਾਰ ਮਿੱਤਰ ਨਾਲ ਕੌਮੀ ਸ਼ਾਹ ਮਾਰਗ ‘ਤੇ ਡੱਬਵਾਲੀ ਨੂੰ ਜਾਂਦਿਆਂ ਲੰਬੀ ਨੇੜਲੇ ‘ਧਰਮੀ ਰਾਜਿਆਂ’ ਦੇ ਪਿੰਡ ਨੂੰ ਜਾਂਦੇ ਨਾਕੇ ਦਾ ਦਿ੍ਰਸ਼ ਉਭਰਦਾ ਹੈ। ਮੰਗਾਂ ਦੀ ਪੂਰਤੀ ਲਈ ਅੜੇ ਕਿਰਤੀਆਂ ਦੇ ਕਾਫਲੇ ‘ਤੇ ਲੋਕਾਂ ਦੀ ਸੁਰੱਖਿਆ ਲਈ ਜ਼ਿੰਮੇਵਾਰ ਪੁਲਸ ਵਾਲਿਆਂ ਵੱਲੋਂ ਸੁੱਟੇ ਅੱਥਰੂ ਗੈਸ ਦੇ ਗੋਲਿਆਂ ਦਾ ਧੂੰਆਂ ਉਠਣ ਲੱਗਦਾ ਹੈ। ਇਸ ਦਾ ਬੇਕਿਰਕ ਸਵਾਦ ਡਾਂਗਾਂ ਦੀ ਅੱਗ ਸੇਕਦਿਆਂ ਆਪਣੇ ਹੱਕ ਹਿੱਤ ਲਈ ਡਟਣ ਵਾਲੇ ਹਰ ਅਧਿਆਪਕ, ਲਾਈਨਮੈਨ, ਬਿਜਲੀ ਕਾਮੇ, ਸਿਹਤ ਮੁਲਾਜ਼ਮ, ਜਲ ਸਪਲਾਈ ਕਾਮੇ ਤੇ ਕਿਸਾਨ ਮਜ਼ਦੂਰ ਸਮੇਤ ਹਰ ਵਰਗ ਦੇ ਸਿਰ ਉਠਾ ਕੇ ਜਿਊਣਾ ਲੋਚਦੇ ਲੋਕਾਂ ਨੇ ਦਹਾਕਾ ਭਰ ਚੱਖਿਆ ਹੈ।
ਡਿਊਟੀ ਦੀ ‘ਸੇਵਾ’ ਰੋਹਬ ਬਣ ਜਾਂਦੀ ਹੈ ਤੇ ਸਲੂਟ ਵਾਲੀ ਨਿਮਰਤਾ ਹਉਮੈ ਵਿੱਚ ਤਬਦੀਲ ਹੋ ਜਾਂਦੀ ਹੈ। ਇਹ ਖਿਆਲ ਮਨ ਦੇ ਅੰਬਰ ਤੇ ਬੇਚੈਨੀ ਦਾ ਸਬੱਬ ਬਣਨ ਲੱਗਦਾ ਹੈ। ਲਾਲ ਫਿਫਟੀ ਮਨੁੱਖੀ ਭਾਵਨਾਵਾਂ ਤੇ ਸੂਖਮ ਜਜ਼ਬਿਆਂ ਨੂੰ ਸਾਹ ਸੱਤਹੀਣ ਕਿਉਂ ਕਰਦੀ ਹੈ..। ਜਾਗਦੀ ਜ਼ਮੀਰ ਦਾ ਪਰਛਾਵਾਂ ਇਸ ‘ਤੇ ਬੇਅਸਰ ਕਿਉਂ ਰਹਿੰਦਾ ਹੈ? ਇਹ ਆਖਰ ਕਦੋਂ ਤੱਕ ਆਪਣੇ ਹੀ ਮਾਂ ਜਾਇਆਂ ‘ਤੇ ਲਾਠੀ ਵਰ੍ਹਾਉਣ ਲਈ ਬਾਧਕ ਰਹੇਗੀ? ਖਾਕੀ ਵਰਦੀ ਵਿੱਚ ਆਈਆਂ ਲਾਲ ਚੂੜੇ ਵਾਲੀਆਂ ਬਾਹਾਂ ਆਪਣੀਆਂ ਹੀ ਮਾਵਾਂ ਭੈਣਾਂ ਦੀਆਂ ਚੁੰਨੀਆਂ ਲੀਰੋ ਲੀਰ ਕਰਨ ਲਈ ਕਿੰਨਾ ਚਿਰ ਮਜਬੂਰ ਰਹਿਣਗੀਆਂ? ਇਨ੍ਹਾਂ ਅਣਸੁਲਝੇ ਸਵਾਲਾਂ ਦਾ ਜਵਾਬ ਉਚ ਵਿਦਿਅਕ ਯੋਗਤਾ ਵਾਲਾ ਕਾਂਸਟੇਬਲ ‘ਪਾਪੀ ਪੇਟ ਦਾ ਸਵਾਲ’ ਆਖਦਿਆਂ ਦਿੰਦਾ ਹੈ। ਘਰ ਪਹੁੰਚ ਪੱਗਾਂ ਹੇਠ ਛੁਪਾ ਕੇ ਰੱਖੀ ਫਿਫਟੀ ਮੈਨੂੰ ਆਪਣੇ ਕਲਮ ਵਾਲੇ ਪੁਲਸ ਕਰਮੀ ਸਨੇਹੀ ਦੇ ਬੋਲ ਯਾਦ ਦਿਵਾਉਂਦੀ ਹੈ, ‘ਸਾਰੇ ਇਕੋ ਜਿਹੇ ਨਹੀਂ ਹੁੰਦੇ ਮਿੱਤਰਾ, ਅਸੀਂ ਬਥੇਰੇ ਜਣੇ ‘ਖਾਕੀ’ ਨੂੰ ਭਾਵਨਾਵਾਂ ਤੇ ਸਵੈਮਾਣ ਨਾਲ ਇੱਕਮਿੱਕ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਲਾਲ ਫਿਫਟੀ ਦੇ ‘ਕਰਮ’ ਦੀ ਬਲੀ ਚੜ੍ਹੀਆਂ ਪੰਜਾਬ ਦੀਆਂ ਅਨੇਕਾਂ ਧੀਆਂ ਨਾਲ ਹੋਈ ਜੱਗੋ ਤੇਰ੍ਹਵੀਂ ਦਾ ਉਨ੍ਹਾਂ ‘ਬਥੇਰਿਆਂ’ ਕੋਲ ਸ਼ਾਇਦ ਕੋਈ ਜਵਾਬ ਨਹੀਂ ਹੈ, ਜਿਨ੍ਹਾਂ ਦੀ ਜ਼ਿੰਦਗੀ ਰੂਪੀ ਡਿਕਸ਼ਨਰੀ ਵਿੱਚ ਫਰਜ਼, ਹੱਕ ਹਲਾਲ, ਭਲਾਈ ਤੇ ਜ਼ਮੀਰ ਜਿਹੇ ਸ਼ਬਦਾਂ ਦੇ ਕੋਈ ਅਰਥ ਨਹੀਂ ਹੁੰਦੇ।’