ਲਾਲ ਕਿਲ੍ਹੇ ਨੂੰ ਉਡਾਉਣ ਦੀ ਧਮਕੀ ਦੇਣ ਵਾਲਾ ਗ੍ਰਿਫਤਾਰ

arrested
ਨਵੀਂ ਦਿੱਲੀ, 16 ਜੁਲਾਈ, (ਪੋਸਟ ਬਿਊਰੋ)- ਦਿੱਲੀ ਪੁਲਿਸ ਨੂੰ ਉਸ ਵੇਲੇ ਵੱਡੀ ਹਲਚਲ ਦਾ ਸਾਹਮਣਾ ਕਰਨਾ ਪੈ ਗਿਆ, ਜਦੋਂ ਇਕ ਆਦਮੀ ਨੇ ਉਸ ਨੂੰ ਲਾਲ ਕਿਲ੍ਹੇ ਨੂੰ ਉਡਾਉਣ ਦੀ ਧਮਕੀ ਪੁਚਾ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਬਾਅਦ ਵਿੱਚ ਇਹ ਟੈਲੀਫੋਨ ਕਾਲ ਸਿਰਫ ਧੋਖਾ ਨਿਕਲੀ।
ਰਾਜਧਾਨੀ ਦੇ ਬੇਗਮਪੁਰ ਥਾਣੇ ਵਿੱਚ ਇਸ ਬਾਰੇ ਸੂਚਨਾ ਆਈ ਸੀ ਤੇ ਪਕੜੇ ਜਾਣ ਉੱਤੇ ਦੋਸ਼ੀ ਨੇ ਕਿਹਾ ਕਿ ਉਸ ਨੇ ਮਜ਼ਾਕ ਲਈ ਏਦਾਂ ਕੀਤਾ ਸੀ। ਇਸ ਧਮਕੀ ਦੀ ਕਾਲ ਬਾਰੇ ਪੁਲਿਸ ਨੂੰ ਸੂਚਿਤ ਕਰਨ ਵਾਲੇ ਨਿਤਿਨ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਡਿਜੀਟਲ ਮਾਰਕੀਟਿੰਗ ਦੀ ਕਲਾਸ ਵਿੱਚ ਸੀ ਤਾਂ ਉਸ ਨੂੰ 7 ਕੁ ਵਜੇ ਇਕ ਆਦਮੀ ਦਾ ਫੋਨ ਆਇਆ, ਜਿਸ ਨੇ ਖੁਦ ਨੂੰ ਪਾਕਿਸਤਾਨੀ ਦੱਸ ਕੇ ਕਿਹਾ ਕਿ ਸਾਢੇ ਅੱਠ ਵਜੇ ਲਾਲ ਕਿਲ੍ਹੇ ਨੂੰ ਬੰਬ ਧਮਾਕੇ ਨਾਲ ਉਡਾ ਦਿੱਤਾ ਜਾਵੇਗਾ, ਇਸ ਦੇ ਨਾਲ ਕਨਾਟ ਪੈਲਸ ਹੋਟਲ ਵਿੱਚ ਵੀ ਬੰਬ ਰੱਖਣ ਦਾ ਦਾਅਵਾ ਕੀਤਾ ਸੀ।
ਦਿੱਲੀ ਦਾ ਸਥਾਨਕ ਨੰਬਰ ਹੋਣ ਕਰ ਕੇ ਪੁਲਿਸ ਨਿਤਿਨ ਦੇ ਰੋਹਿਣੀ ਸਥਿਤ ਘਰ ਗਈ। ਪਹਾੜਗੰਜ ਹੋਟਲ ਤੋਂ ਕਾਲ ਕਰਨ ਵਾਲੇ ਦਾ ਪਤਾ ਲੱਭ ਕੇ ਉਸ ਥਾਣੇ ਦੀ ਪੁਲਿਸ ਨੇ ਕਿਸ਼ਨਗੰਜ ਬਿਹਾਰ ਦੇ ਰਹਿਣ ਵਾਲੇ ਮਹਿਫੂਜ਼ (22) ਨੂੰ ਗਿਫ਼ਤਾਰ ਕਰ ਲਿਆ, ਜੋ ਇਸ ਹੋਟਲ ਵਿੱਚ ਮੈਨੇਜਰ ਦੀ ਨੌਕਰੀ ਕਰਦਾ ਹੈ। ਉਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਕਈ ਲੋਕਾਂ ਨੂੰ ਕਾਲ ਕੀਤੀ ਸੀ, ਪਰ ਕਿਸ ਨੇ ਉਸ ਨੂੰ ਜਵਾਬ ਨਹੀਂ ਦਿੱਤਾ ਤੇ ਜਦੋਂ ਨਿਤਿਨ ਕੁਮਾਰ ਨੇ ਉਸ ਨਾਲ ਗੱਲ ਕੀਤੀ ਤਾਂ ਮਜ਼ਾਕ ਲਈ ਉਸ ਨੇ ਲਾਲ ਕਿਲ੍ਹੇ ਨੂੰ ਉਡਾਉਣ ਦੀ ਫੋਕੀ ਧਮਕੀ ਦੇ ਦਿੱਤੀ ਸੀ।