ਲਾਲੂ ਯਾਦਵ ਦਾ ਪੁੱਤਰ ਤੇਜਸਵੀ ਕੱਲ੍ਹ ਈ ਡੀ ਸਾਹਮਣੇ ਪੇਸ਼ ਹੋਇਆ


ਨਵੀਂ ਦਿੱਲੀ, 14 ਨਵੰਬਰ (ਪੋਸਟ ਬਿਊਰੋ)- ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੇ ਬੇਟੇ ਤੇਜਸਵੀ ਯਾਦਵ ਕੱਲ੍ਹ ਰੇਲਵੇ ਹੋਟਲ ਅਲਾਟਮੈਂਟ ਕੇਸ ਵਿੱਚ ਮਨੀ ਲਾਂਡਰਿੰਗ ਦੀ ਦੋਸ਼ ਦੀ ਜਾਂਚ ਦੇ ਸਿਲਸਿਲੇ ‘ਚ ਇਨਫੋਰਸਮੈਂਟ ਡਾਇਰੈਕੋਰੇਟ (ਈ ਡੀ) ਦੇ ਸਾਹਮਣੇ ਪੇਸ਼ ਹੋਏ। ਸਰਕਾਰੀ ਸੂਤਰਾਂ ਮੁਤਾਬਕ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਸਵੇਰੇ 11 ਵਜੇ ਦੇ ਬਾਅਦ ਈ ਡੀ ਦਫਤਰ ਪਹੁੰਚੇ। ਇਸ ਕੇਸ ‘ਚ ਇਹ ਦੂਜਾ ਮੌਕਾ ਹੈ ਜਦੋਂ ਕੇਂਦਰੀ ਜਾਂਚ ਏਜੰਸੀ ਨੇ ਤੇਜਸਵੀ ਤੋਂ ਪੁੱਛਗਿੱਛ ਕੀਤੀ ਹੈ। ਇਸ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ 10 ਅਕਤੂਬਰ ਉਨ੍ਹਾਂ ਤੋਂ ਕਰੀਬ ਨੌ ਘੰਟੇ ਪੁੱਛਗਿੱਛ ਕੀਤੀ ਸੀ। ਸੂਤਰਾਂ ਨੇ ਕਿਹਾ ਕਿ ਇਸ ਦੇ ਬਾਅਦ ਤੋਂ ਤੇਜਸਵੀ ਚਾਰ ਮੌਕਿਆਂ ‘ਤੇ ਪੁੱਛਗਿੱਛ ਲਈ ਪੇਸ਼ ਨਹੀਂ ਹੋਏ ਅਤੇ ਨਵੇਂ ਸੰਮਨ ਦੇ ਬਾਅਦ ਕੱਲ੍ਹ ਏਜੰਸੀ ਦੇ ਸਾਹਮਣੇ ਪੇਸ਼ ਹੋਏ।
ਜਾਂਚ ਏਜੰਸੀ ਨੇ ਲਾਲੂ ਪ੍ਰਸਾਦ, ਉਨ੍ਹਾਂ ਦੇ ਪਰਵਾਰ ਦੇ ਮੈਂਬਰਾਂ ਅਤੇ ਹੋਰਨਾਂ ਦੇ ਖਿਲਾਫ ਕੁਝ ਸਮਾਂ ਪਹਿਲਾਂ ਮਨੀ ਲਾਂਡਰਿੰਗ ਕਾਨੂੰਨ (ਪੀ ਐਮ ਐਲ ਏ) ਦਾ ਕੇਸ ਦਰਜ ਕੀਤਾ ਸੀ। ਜੁਲਾਈ ‘ਚ ਸੀ ਬੀ ਆਈ ਨੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਤੇ ਹੋਰਨਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਸੀ। ਸੀ ਬੀ ਆਈ ਦੇ ਇਸ ਕੇਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਲਾਲੂ ਪ੍ਰਸਾਦ ਯਾਦਵ ਨੇ 2004 ਰੇਲ ਮੰਤਰੀ ਹੁੰਦਿਆਂ ਭਾਰਤੀ ਰੇਲਵੇ ਟੂਰਿਜ਼ਮ ਕਾਰਪੋਰੇਸ਼ਨ ਦੇ ਦੋ ਹੋਟਲਾਂ ਦਾ ਰੱਖ ਰਖਾਓ ਇਕ ਕੰਪਨੀ ਨੂੰ ਦੇ ਦਿੱਤਾ ਸੀ। ਇਸ ਦੇ ਬਦਲੇ ਉਨ੍ਹਾਂ ਨੇ ਸਾਬਕਾ ਕੇਂਦਰੀ ਮੰਤਰੀ ਪ੍ਰੇਮ ਚੰਦ ਗੁਪਤਾ ਦੀ ਪਤਨੀ ਸਰਲਾ ਗੁਪਤਾ ਦੀ ਮਾਲਕੀ ਵਾਲੀ ਕੰਪਨੀ ਤੋਂ ਪਟਨਾ ‘ਚ ਕੀਮਤੀ ਜ਼ਮੀਨ ਰਿਸ਼ਵਤ ਵਜੋਂ ਲਈ ਸੀ।