ਲਾਈਵ ਰੇਡੀਓ ਸ਼ੋਅ ਦੌਰਾਨ ਐਂਕਰ ਨੇ ਬੱਚੇ ਨੂੰ ਜਨਮ ਦਿੱਤਾ


ਨਿਊ ਯਾਰਕ, 23 ਫਰਵਰੀ (ਪੋਸਟ ਬਿਊਰੋ)- ਅਮਰੀਕਾ ਦੀ ਇੱਕ ਰੇਡੀਓ ਪ੍ਰੀਜ਼ੈਂਟਰ ਕੈਸੇਡੇ ਪ੍ਰਾਕਟਰ ਨੇ ਲਾਈਵ ਸ਼ੋਅ ਦੌਰਾਨ ਆਪਣੇ ਬੱਚੇ ਨੂੰ ਜਨਮ ਦਿੱਤਾ ਹੈ।
ਬੀ ਬੀ ਸੀ ਨਿਊਜ਼ ਦੇ ਮੁਤਾਬਕ ਅਮਰੀਕਾ ਦੇ ਸੇਂਟ ਲੂਈਸ ਦੇ ‘ਦਿ ਆਰਕ’ ਸਟੇਸ਼ਨ ਦੀ ਪ੍ਰੀਜ਼ੈਂਟਰ ਦੇ ਉਕਤ ਸ਼ੋਅ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਸੋਮਵਾਰ ਪ੍ਰਾਕਟਰ ਨੂੰ ਜਦੋਂ ਲੇਬਰ ਪੇਨ ਸ਼ੁਰੂ ਹੋਈ ਤਾਂ ਰੇਡੀਓ ਸਟੇਸ਼ਨ ਨੇ ਹਸਪਤਾਲ ਦੇ ਅੰਦਰ ਹੀ ਬਰਾਡਕਾਸਟ ਦੇ ਪ੍ਰਬੰਧ ਕਰ ਦਿੱਤੇ। ਪ੍ਰਾਕਟਰ ਨੇ ਦੱਸਿਆ ਕਿ ਇਹ ਮੇਰੇ ਲਈ ਸ਼ਾਨਦਾਰ ਤਜਰਬਾ ਸੀ। ਬੱਚੇ ਦੀ ਡਲਿਵਰੀ ਮਿੱਥੀ ਮਿਤੀ ਤੋਂ ਪਹਿਲਾਂ ਹੀ ਹੋ ਗਈ, ਜਿਸ ਕਾਰਨ ਅਚਾਨਕ ਸ਼ੋਅ ਦੀ ਤਿਆਰੀ ਕਰਨੀ ਪਈ। ਉਸ ਨੇ ਕਿਹਾ ਕਿ ਆਪਣੀ ਜ਼ਿੰਦਗੀ ਦੇ ਇੰਨੇ ਕੀਮਤੀ ਪਲ ਸਰੋਤਿਆਂ ਨਾਲ ਸਾਂਝੇ ਕਰਨੇ ਉਸ ਦੇ ਲਈ ਇੱਕ ਸ਼ਾਨਦਾਰ ਤਜਰਬਾ ਸੀ। ਬੱਚੇ ਨੂੰ ਲਾਈਵ ਸ਼ੋਅ ਦੌਰਾਨ ਜਨਮ ਦੇਣਾ ਮੇਰੇ ਕੰਮ ਦਾ ਇੱਕ ਹਿੱਸਾ ਸੀ। ਮੈਂ ਆਪਣੀ ਜ਼ਿੰਦਗੀ ਦੇ ਹਰ ਪੱਖ ਨੂੰ ਆਪਣੇ ਸਰੋਤਿਆਂ ਨਾਲ ਸਾਂਝਾ ਕਰਦੀ ਹਾਂ। ਉਸ ਨੇ ਕਿਹਾ ਕਿ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਰੇਡੀਓ ‘ਤੇ ਨਾਂਅ ਨੂੰ ਲੈ ਕੇ ਵੋਟਿੰਗ ਸ਼ੁਰੂ ਹੋ ਗਈ ਸੀ। ਬੱਚੇ ਦਾ ਨਾਂ ਜੈਮਸਨ ਰੱਖਿਆ ਗਿਆ ਅਤੇ ਵੋਟਿੰਗ ਉਦੋਂ ਤੱਕ ਹੁੰਦੀ ਰਹੀ, ਜਦੋਂ ਤੱਕ ਨਾਂਅ ਨੂੰ ਅੰਤਿਮ ਰੂਪ ਨਹੀਂ ਦਿੱਤਾ ਜਾ ਸਕਿਆ। ਪ੍ਰਾਕਟਰ ਨੇ ਕਿਹਾ ਕਿ ਹੁਣ ਕੁਝ ਮਹੀਨਿਆਂ ਲਈ ਮੈਂ ਸ਼ੋਅ ਤੋਂ ਦੂਰ ਰਹਾਂਗੀ ਅਤੇ ਮੈਟਰਨਿਟੀ ਲੀਵ ‘ਤੇ ਜਾ ਰਹੀ ਹਾਂ।