ਲਾਈਵ ਖੁਦਕੁਸ਼ੀ ਦੀਆਂ ਘਟਨਾਵਾਂ ਰੋਕਣ ਦੇ ਲਈ ਫੇਸਬੁੱਕ ਨੇ ਨਵਾਂ ਟੂਲ ਲਾਂਚ ਕੀਤਾ

fbਨਿਊਯਾਰਕ, 2 ਮਾਰਚ (ਪੋਸਟ ਬਿਊਰੋ)- ਲਾਈਵ ਖੁਦਕੁਸ਼ੀ ਦੀਆਂ ਘਟਨਾਵਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਦੇ ਲਈ ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਨੇ ਇੱਕ ਨਵਾਂ ਟੂਲ ਲਾਂਚ ਕੀਤਾ ਹੈ। ਇਸ ਟੂਲ ਦੀ ਮਦਦ ਨਾਲ ਉਨ੍ਹਾਂ ਯੂਜ਼ਰਜ਼ ਉੱਤੇ ਨਜ਼ਰ ਰੱਖੀ ਜਾ ਸਕਦੀ ਹੈ, ਜਿਨ੍ਹਾਂ ਵਿੱਚ ਖੁਦਕੁਸ਼ੀ ਦਾ ਰੁਝਾਨ ਦਿਸਦਾ ਹੈ।
ਆਪਣੇ ਸੁਸਾਈਡ ਪ੍ਰੋਟੈਕਸ਼ਨ ਟੂਲ ਦਾ ਫੇਸਬੁੱਕ ਨੇ ਵਿਸਥਾਰ ਕੀਤਾ ਹੈ। ਇਸ ਵਿੱਚ ਪਰੇਸ਼ਾਨ ਦਿੱਸਣ ਵਾਲੇ ਯੂਜ਼ਰਜ਼ ਦੀ ਮਦਦ ਲਈ ਆਰਟੀਫੀਸ਼ਲ ਇੰਟੈਲੀਜੈਂਸ (ਏ ਆਈ) ਉੱਤੇ ਰੁਝਾਨ ਪਛਾਣ ਦੀ ਵਰਤੋਂ ਕੀਤੀ ਗਈ ਹੈ। ਨਵਾਂ ਟੂਲ ਉਸੇ ਤਰ੍ਹਾਂ ਦਾ ਹੈ, ਜਿਸ ਨੂੰ ਫੇਸਬੁੱਕ ਨੇ ਸਾਲ 2015 ਵਿੱਚ ਲਾਂਚ ਕੀਤਾ ਸੀ। ਇਸ ਵਿੱਚ ਯੂਜ਼ਰ ਦੇ ਦੋਸਤਾਂ ਨੂੰ ਪਰੇਸ਼ਾਨੀ ਦਿੱਸਣ ਉੱਤੇ ਚਿੰਤਾਜਨਕ ਫੋਟੋ ਜਾਂ ਸਟੇਟਸ ਪੋਸਟ ਕਰਨ ਦੀ ਸਹੂਲਤ ਹੈ। ਇਹ ਸਹੂਲਤ ਹੁਣ ਫੇਸਬੁੱਕ ਲਾਈਵ ਉੱਤੇ ਮਿਲ ਰਹੀ ਹੈ। ਇਸ ਨਾਲ ਪਰੇਸ਼ਾਨੀ ਵਿੱਚ ਘਿਰੇ ਯੂਜ਼ਰ ਨੂੰ ਇਕ ਮਾਹਰ ਨਾਲ ਜੋੜਿਆ ਜਾ ਸਕਦਾ ਹੈ। ਫੇਸਬੁੱਕ ਦੇ ਸੀ ਈ ਓ ਮਾਰਕ ਜੁਕਰਬਰਗ ਨੇ ਪਿਛਲੇ ਦਿਨੀਂ ਕਿਹਾ ਸੀ, ‘ਕੁਝ ਦੁੱਖਦਾਈ ਘਟਨਾਵਾਂ ਹੁੰਦੀਆਂ ਹਨ, ਜਿਵੇਂ ਖੁਦਕੁਸ਼ੀ। ਕੁਝ ਲਾਈਵ ਸਟ੍ਰੀਮ ਦੇ ਜ਼ਰੀਏ ਹੁੰਦੀਆਂ ਹਨ। ਜੇ ਕੋਈ ਇਸ ਖ਼ਦਸ਼ੇ ਨੂੰ ਪਹਿਲਾਂ ਭਾਪ ਕੇ ਝੱਟ ਇਸ ਦੀ ਜਾਣਕਾਰੀ ਦੇਵੇ ਤਾਂ ਸ਼ਾਇਦ ਇਨ੍ਹਾਂ ਨੂੰ ਰੋਕਿਆ ਜਾ ਸਕਦਾ ਹੈ’।