ਲਾਇਬ੍ਰੇਰੀ ਦਾ ਨਾਂ ਸਪਰਿੰਗਡੇਲ ਤੇ ਪਾਰਕ ਦਾ ਨਾਂ ਕਾਮਾਗਾਟਾਮਾਰੂ ਰੱਖਣ ਦੇ ਫੈਸਲੇ ਨੂੰ ਬਰੈਂਪਟਨ ਸਿਟੀ ਕਾਉਂਸਲ ਨੇ ਦਿੱਤੀ ਮਨਜ਼ੂਰੀ

Fullscreen capture 462017 80908 AMਬਰੈਂਪਟਨ, 5 ਅਪਰੈਲ (ਪੋਸਟ ਬਿਊਰੋ) : ਬੁੱਧਵਾਰ ਨੂੰ ਹੋਈ ਕਮੇਟੀ ਆਫ ਕਾਉਂਸਲ ਦੀ ਮੀਟਿੰਗ ਵਿੱਚ ਬਰੈਂਪਟਨ ਸਿਟੀ ਕਾਉਂਸਲ ਵੱਲੋਂ 10705 ਬ੍ਰਾਮੇਲੀਆ ਰੋਡ ਸਥਿਤ ਨਵੀਂ ਲਾਇਬ੍ਰੇਰੀ ਦਾ ਨਾਂ ਸਪਰਿੰਗਡੇਲ ਲਾਇਬ੍ਰੇਰੀ ਰੱਖਣ ਤੇ ਇਸ ਦੇ ਪਾਰਕ ਦਾ ਨਾਂ ਕਾਮਾਗਾਟਾਮਾਰੂ ਪਾਰਕ ਰੱਖਣ ਦੇ ਫੈਸਲੇ ਨੂੰ ਮਨਜ਼ੂਰੀ ਦਿੱਤੀ ਗਈ।

ਜਿ਼ਕਰਯੋਗ ਹੈ ਕਿ ਕਾਮਾਗਾਟਾਮਾਰੂ ਉਹ ਬੇੜਾ ਸੀ ਜੋ 1914 ਦੇ ਮਈ ਮਹੀਨੇ ਵਿੱਚ ਹਾਂਗ ਕਾਂਗ ਤੋਂ ਇਮੀਗ੍ਰੈਂਟਸ, ਜਿਨ੍ਹਾਂ ਵਿੱਚ ਬਹੁਤੇ ਭਾਰਤ ਦੇ ਪੰਜਾਬ ਸੂਬੇ ਨਾਲ ਸਬੰਧਤ ਸਨ, ਨੂੰ ਕੈਨੇਡਾ ਲੈ ਕੇ ਜਾਣ ਲਈ ਰਵਾਨਾ ਹੋਇਆ ਸੀ। ਪਰ ਵੈਨਕੂਵਰ ਦੀ ਬੰਦਰਗਾਹ ਉੱਤੇ ਪਹੁੰਚਣ ਉਪਰੰਤ ਕੈਨੇਡੀਅਨ ਅਧਿਕਾਰੀਆਂ ਨੇ ਤਤਕਾਲੀ ਨਸਲਵਾਦੀ ਇਮੀਗ੍ਰੈਂਟਸ ਕਾਨੂੰਨ ਸਦਕਾ ਇਮੀਗ੍ਰੈਂਟਸ ਨੂੰ ਕੈਨੇਡਾ ਦੀ ਧਰਤੀ ਉੱਤੇ ਪੈਰ ਨਹੀਂ ਧਰਨ ਦਿੱਤਾ। ਇਸ ਬੇੜੇ ਦੇ ਯਾਤਰੀਆਂ ਨੂੰ ਖਾਣਾ ਤੇ ਪੀਣ ਵਾਲਾ ਪਾਣੀ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ ਤੇ ਆਖਿਰਕਾਰ ਇਸ ਬੇੜੇ ਨੂੰ ਪਰਤਣਾ ਪਿਆ। ਪਰ ਬ੍ਰਿਟੇਨ ਦੀ ਫੌਜ ਨੇ ਭਾਰਤ ਪਰਤਦਿਆਂ ਸਾਰ ਹੀ ਬੇੜੇ ਦੇ ਯਾਤਰੀਆਂ ਦਾ ਸਵਾਗਤ ਗੋਲੀਆਂ ਵਰ੍ਹਾ ਕੇ ਕੀਤਾ। ਇਸ ਬੇੜੇ ਵਿੱਚ ਸਵਾਰ ਕਈ ਲੋਕ ਮਾਰੇ ਗਏ।
ਨਵੀਂ ਲਾਇਬ੍ਰੇਰੀ ਤੇ ਪਾਰਕ ਦੀ ਥੀਮ ਅਸਲ ਵਿੱਚ ਮਲਟੀਕਲਚਰਿਜ਼ਮ ਤੇ ਕੈਨੇਡਾ ਵਿੱਚ ਇਮੀਗ੍ਰੇਸ਼ਨ ਦੇ ਦੁਆਲੇ ਘੁੰਮਦੀ ਹੈ। ਇਹ ਥਾਂ ਸ਼ਹਿਰ ਭਰ ਦੇ ਵੱਖ ਵੱਖ ਗਰੁੱਪਜ਼ ਲਈ ਕਲਚਰਲ ਹੱਬ ਬਣ ਚੁੱਕੀ ਹੈ। ਲਾਇਬ੍ਰੇਰੀ ਦੇ ਅੰਦਰ ਇੱਕ ਇਲੈਕਟ੍ਰੌਨਿਕ ਡਿਸਪਲੇਅ ਬੋਰਡ ਹੋਵੇਗਾ ਜਿੱਥੇ ਲੋਕਲ ਈਵੈਂਟਸ ਦੱਸੇ ਜਾਇਆ ਕਰਨਗੇ ਤੇ ਇੱਥੇ ਕਾਮਾਗਾਟਾਮਾਰੂ ਦੀ ਕਹਾਣੀ ਵੀ ਦੱਸੀ ਜਾਇਆ ਕਰੇਗੀ।
ਕਾਉਂਸਲਰ ਗੁਰਪ੍ਰੀਤ ਢਿੱਲੋਂ, ਜਿਨ੍ਹਾਂ ਨੇ ਇਨ੍ਹਾਂ ਨਾਂਵਾਂ ਦੇ ਸੁਝਾਅ ਦਿੱਤੇ ਸਨ, ਨੇ ਆਪਣੀ ਕਾਉਂਸਲ ਦੇ ਕੁਲੀਗਜ਼ ਵੱਲੋਂ ਦਿੱਤੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਢਿੱਲੋਂ ਨੇ ਆਖਿਆ ਕਿ ਕਾਮਾਗਾਟਾਮਾਰੂ ਦੀ ਘਟਨਾ ਸਾਡੇ ਦੇਸ਼ ਦੇ ਇਮੀਗ੍ਰੇਸ਼ਨ ਇਤਿਹਾਸ ਵਿੱਚ ਵੱਡੀ ਤ੍ਰਾਸਦੀ ਮੰਨੀ ਜਾਂਦੀ ਹੈ। ਇਸ ਨੂੰ ਮਾਨਤਾ ਦੇਣ ਨਾਲ ਦੁਨੀਆ ਭਰ ਵਿੱਚ ਕੈਨੇਡਾ ਦਾ ਕੱਦ ਉੱਚਾ ਹੋਇਆ ਹੈ। ਪਾਰਕ ਦਾ ਨਾਂ ਸਾਰੇ ਇਮੀਗ੍ਰੈਂਟਸ ਦੇ ਸਨਮਾਨ ਵਿੱਚ ਰੱਖਿਆ ਗਿਆ ਹੈ ਇਹ ਉਨ੍ਹਾਂ ਦੇ ਸੰਘਰਸ਼ ਤੇ ਕੈਨੇਡਾ ਨੂੰ ਹੋਰ ਬਿਹਤਰ ਬਣਾਉਣ ਲਈ ਉਨ੍ਹਾਂ ਵੱਲੋਂ ਪਾਏ ਯੋਗਦਾਨ ਨੂੰ ਦਰਸਾਉਂਦਾ ਹੈ।
ਢਿੱਲੋਂ ਨੇ ਆਖਿਆ ਕਿ 2017 ਵਿੱਚ ਕਨਫੈਡਰੇਸ਼ਨ ਦੀ ਮਨਾਈ ਜਾ ਰਹੀ 150ਵੀਂ ਵਰ੍ਹੇਗੰਢ ਮੌਕੇ ਹੋਏ ਇਨ੍ਹਾਂ ਨਾਮਕਰਣਾਂ ਦੀ ਖਾਸੀ ਅਹਿਮੀਅਤ ਹੈ। ਉਨ੍ਹਾਂ ਆਖਿਆ ਕਿ ਇਸ ਤੋਂ ਇਲਾਵਾ ਬਰੈਂਪਟਨ ਦੀ ਵੰਨ ਸੁਵੰਨੀ ਅਬਾਦੀ ਲਈ ਵੀ ਇਸ ਦੀ ਖਾਸੀ ਮਹੱਤਤਾ ਹੈ। ਜਿ਼ਕਰਯੋਗ ਹੈ ਕਿ ਮਈ 2016 ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਇਤਿਹਾਸਕ ਘਟਨਾ ਵਿੱਚ ਕੈਨੇਡਾ ਵੱਲੋਂ ਨਿਭਾਈ ਭੂਮਿਕਾ ਲਈ ਰਸਮੀ ਤੌਰ ਉੱਤੇ ਮੁਆਫੀ ਮੰਗੀ ਸੀ। ਇਸ ਦਾ ਉਦਘਾਟਨ ਸਾਲ ਦੇ ਅੰਤ ਤੱਕ ਕੀਤਾ ਜਾਵੇਗਾ।