ਲਸ਼ਕਰ ਦਾ ਖਤਰਨਾਕ ਕਮਾਂਡਰ ਦੁਜਾਨਾ ਇੱਕ ਸਾਥੀ ਸਮੇਤ ਮੁਕਾਬਲੇ ਵਿੱਚ ਮਾਰਿਆ ਗਿਆ

dujana
* ਫੋਰਸਾਂ ਉੱਤੇ ਪੱਥਰਬਾਜ਼ੀ ਕਰਦਿਆਂ ਇਕ ਜਣੇ ਦੀ ਪੁਲੀਸ ਗੋਲੀ ਨਾਲ ਮੌਤ
ਸ੍ਰੀਨਗਰ, 1 ਅਗਸਤ, (ਪੋਸਟ ਬਿਊਰੋ)- ਜੰਮੂ-ਕਸ਼ਮੀਰ ਵਿੱਚ ਪਿਛਲੇ ਸਮੇਂ ਦੌਰਾਨ ਹੋਏ ਕਈ ਅਤਿਵਾਦੀ ਹਮਲਿਆਂ ਦੇ ਦੋਸ਼ੀ ਵਜੋਂ ਲੋੜੀਂਦਾ ਲਸ਼ਕਰ-ਏ-ਤੋਇਬਾ ਦਾ ਖਤਰਨਾਕ ਕਮਾਂਡਰ ਅਤੇ ਪਾਕਿਸਤਾਨੀ ਨਾਗਰਿਕ ਅਬੂ ਦੁਜਾਨਾ ਅੱਜ ਪੁਲਵਾਮਾ ਜ਼ਿਲ੍ਹੇ ਵਿੱਚ ਸੁਰੱਖਿਆ ਫੋਰਸਾਂ ਨਾਲ ਹੋਏ ਮੁਕਾਬਲੇ ਦੌਰਾਨ ਮਾਰਿਆ ਗਿਆ। ਇਸ ਮੌਕੇ ਮੁਕਾਬਲੇ ਵਾਲੀ ਥਾਂ ਇਕੱਠੇ ਹੋ ਕੇ ਕੁਝ ਲੋਕਾਂ ਨੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਉਤੇ ਸੁਰੱਖਿਆ ਫੋਰਸਾਂ ਵੱਲੋਂ ਗੋਲੀ ਚਲਾਏ ਜਾਣ ਕਾਰਨ ਇਕ ਵਿਅਕਤੀ ਮਾਰਿਆ ਗਿਆ ਅਤੇ ਕਈ ਹੋਰ ਜ਼ਖ਼ਮੀ ਹੋਣ ਦੀ ਖਬਰ ਹੈ।
ਅੱਜ ਸ੍ਰੀਨਗਰ ਵਿੱਚ ਫੌਜ ਦੇ ਇਕ ਬੁਲਾਰੇ ਨੇ ਦੱਸਿਆ ਕਿ ਬੀਤੀ ਰਾਤ ਪੁਲਵਾਮਾ ਦੇ ਹਕਰੀਪੋਰਾ ਇਲਾਕੇ ਵਿੱਚ ਅਬੂ ਦੁਜਾਨਾ ਅਤੇ ਉਸ ਦੇ ਸਾਥੀ ਆਰਿਫ਼ ਨਬੀ ਡਾਰ ਉਰਫ਼ ਰੇਹਾਨ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਇਸ ਦੇ ਬਾਅਦ ਜਦੋਂ ਇਸ ਇਲਾਕੇ ਨੂੰ ਘੇਰ ਕੇ ਤਲਾਸ਼ੀ ਸ਼ੁਰੂ ਕੀਤੀ ਗਈ ਤਾਂ ਅੱਗੋਂ ਗੋਲੀ ਚਲਾਏ ਜਾਣ ਨਾਲ ਵੱਡੇ ਤੜਕੇ ਮੁਕਾਬਲਾ ਸ਼ੁਰੂ ਹੋ ਗਿਆ, ਜਿਸ ਵਿੱਚ ਦੋਵੇਂ ਪਾਕਿਸਤਾਨੀ ਅਤਿਵਾਦੀ ਮਾਰੇ ਗਏ। ਦੋਵਾਂ ਦੀਆਂ ਲਾਸ਼ਾਂ ਮਿਲ ਗਈਆਂ ਹਨ। ਪਾਕਿਸਤਾਨੀ ਨਾਗਰਿਕ ਅਬੂ ਦੁਜਾਨਾ ਦੱਖਣੀ ਕਸ਼ਮੀਰ ਵਿੱਚ ਸੁਰੱਖਿਆ ਫੋਰਸਾਂ ਅਤੇ ਸਿਆਸੀ ਆਗੂਆਂ ਉਤੇ ਕਈ ਹਮਲਿਆਂ ਦੇ ਕੇਸਾਂ ਵਿੱਚ ਲੋੜੀਂਦਾ ਸੀ। ਉਸ ਦੇ ਸਿਰ ਉਤੇ 10 ਲੱਖ ਰੁਪਏ ਦਾ ਇਨਾਮ ਸੀ। ਪੁਲੀਸ ਬੁਲਾਰੇ ਦੇ ਦੱਸਣ ਅਨੁਸਾਰ ਇਹ ਦੋਵੇਂ ਅਤਿਵਾਦੀ ਪਿਛਲੇ ਦਿਨੀਂ ਕਾਕਾਪੋਰਾ ਵਿੱਚ ਸੁਰੱਖਿਆ ਫੋਰਸਾਂ ਉਤੇ ਹੋਏ ਗ੍ਰੇਨੇਡ ਹਮਲੇ ਵਿੱਚ ਸ਼ਾਮਲ ਸਨ। ਉਨ੍ਹਾਂ ਦੋਵਾਂ ਨੇ ਇਸ ਸਾਲ ਦੇ ਸ਼ੁਰੂ ਵਿੱਚ ਸਰਪੰਚ ਫੈਯਾਜ਼ ਅਹਿਮਦ ਭੱਟ ਦੀ ਵੀ ਹੱਤਿਆ ਕੀਤੀ ਸੀ। ਪੁਲਸ ਬੁਲਾਰੇ ਨੇ ਕਿਹਾ ਕਿ ਅਬੂ ਦੁਜਾਨਾ ਅਸਲ ਵਿੱਚ ਅਬਦੁਲ ਰਹਿਮਾਨ ਉਰਫ ਅਬੂ ਕਾਸਿਮ ਦਾ ਨੇੜੂ ਸਾਥੀ ਸੀ। ਇਨ੍ਹਾਂ ਦੋਵਾਂ ਅੱਤਵਾਦੀਆਂ ਨੇ ਪਿਛਲੇ ਸਾਲ ਊਧਮਪੁਰ ਵਿੱਚ ਬੀ ਐਸ ਐਫ ਦੇ ਕਾਫ਼ਲੇ ਉਤੇ ਵੀ ਹਮਲਾ ਕੀਤਾ ਸੀ। ਅਬੂ ਦੁਜਾਨਾ ਦੀ ਮੌਤ ਮਗਰੋਂ ਚੌਕਸੀ ਵਜੋਂ ਸਾਰੇ ਕਸ਼ਮੀਰ ਖੇਤਰ ਵਿੱਚ ਮੋਬਾਈਲ ਅਤੇ ਇੰਟਰਨੈੱਟ ਸੇਵਾ ਰੋਕ ਦਿੱਤੀ ਗਈ ਹੈ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸ਼ਰਾਰਤੀ ਤੱਤਾਂ ਦਾ ਪ੍ਰਚਾਰ ਰੋਕਣ ਲਈ ਮੋਬਾਈਲ ਇੰਟਰਨੈੱਟ ਸੇਵਾਵਾਂ ਬੰਦ ਕੀਤੀਆਂ ਗਈਆਂ ਹਨ।
ਇਸ ਦੌਰਾਨ ਭਾਰਤ ਦੇ ਕੇਂਦਰੀ ਮੰਤਰੀ ਕਿਰਨ ਰਿਜੀਜੂ ਅਤੇ ਨੈਸ਼ਨਲ ਕਾਨਫਰੰਸ ਦੇ ਆਗੂ ਫਾਰੂਕ ਅਬਦੁੱਲਾ ਨੇ ਲਸ਼ਕਰੇ ਤੋਇਬਾ ਦੇ ਕਮਾਂਡਰ ਅਬੂ ਦੁਜਾਨਾ ਨੂੰ ਮਾਰਨ ਲਈ ਸੁਰੱਖਿਆ ਫੋਰਸਾਂ ਦੀ ਸ਼ਲਾਘਾ ਕੀਤੀ ਹੈ। ਰਿਜੀਜੂ ਨੇ ਕਿਹਾ ਕਿ ਜੰਮੂ ਕਸ਼ਮੀਰ ਜਾਂ ਦੇਸ਼ ਦਾ ਕੋਈ ਵੀ ਹਿੱਸਾ ਹੋਵੇ, ਸੁਰੱਖਿਆ ਦਸਤੇ ਸਟੀਕ ਕਾਰਵਾਈ ਕਰਦੇ ਹਨ। ਫਾਰੂਕ ਅਬਦੁੱਲਾ ਨੇ ਆਸ ਜਤਾਈ ਕਿ ਫੌਜ ਦੀ ਇਸ ਕਾਰਵਾਈ ਨਾਲ ਜੰਮੂ-ਕਸ਼ਮੀਰ ਵਿੱਚ ਅਮਨ ਪਰਤੇਗਾ।
ਦੂਸਰੇ ਪਾਸੇ ਅੱਜ ਜਦੋਂ ਸੁਰੱਖਿਆ ਦਸਤੇ ਇਸ ਮੁਕਾਬਲੇ ਵਿੱਚ ਰੁੱਝੇ ਹੋਏ ਸਨ ਤਾਂ 100 ਦੇ ਕਰੀਬ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਸੁਰੱਖਿਆ ਫੋਰਸਾਂ ਨੇ ਉਨ੍ਹਾਂ ਨੂੰ ਖਦੇੜਨ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਫਿਰ ਗੋਲੀ ਵੀ ਚਲਾਈ। ਇਸ ਨਾਲ ਇਕ ਨਾਗਰਿਕ ਮਾਰਿਆ ਗਿਆ ਅਤੇ ਦਰਜਨ ਦੇ ਕਰੀਬ ਹੋਰ ਜ਼ਖ਼ਮੀ ਹੋਏ। ਮ੍ਰਿਤਕ ਦੀ ਪਛਾਣ ਫਿਰਦੌਸ ਅਹਿਮਦ ਵਾਸੀ ਬੇਗਮ ਬਾਗ, ਕਾਕਾਪੋਰਾ ਵਜੋਂ ਹੋਈ ਹੈ।