ਰੱਖਿਆ ਮੰਤਰੀ ਉੱਤੇ ਸਾਨੂੰ ਪੂਰਾ ਭਰੋਸਾ ਹੈ : ਰੂਬੀ ਸਹੋਤਾ

unnamedਓਟਵਾ, 9 ਮਈ (ਪੋਸਟ ਬਿਊਰੋ) : ਬਰੈਂਪਟਨ ਨਾਰਥ ਤੋਂ ਐਮਪੀ ਰੂਬੀ ਸਹੋਤਾ ਨੇ ਹਾਊਸ ਆਫ ਕਾਮਨਜ਼ ਵਿੱਚ ਆਪਣਾ ਪੱਖ ਰੱਖਦਿਆਂ ਵੈਨਕੂਵਰ ਸਾਊਥ ਤੋਂ ਐਮਪੀ ਤੇ ਰੱਖਿਆ ਮੰਤਰੀ ਹਰਜੀਤ ਸੱਜਣ ਵਿੱਚ ਆਪਣਾ ਪੂਰਾ ਭਰੋਸਾ ਪ੍ਰਗਟਾਇਆ ਹੈ।

ਰੱਖਿਆ ਮੰਤਰੀ ਵੱਲੋਂ ਆਪਣੀਆਂ ਜਿੰ਼ਮੇਵਾਰੀਆਂ ਨਿਭਾਉਣ ਦੀ ਸਮਰੱਥਾ ਉੱਤੇ ਕੰਜ਼ਰਵੇਟਿਵਾਂ ਵੱਲੋਂ ਲਿਆਂਦੇ ਮਤੇ ਖਿਲਾਫ ਸਹੋਤਾ ਨੇ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟਾਏ। ਜਿ਼ਕਰਯੋਗ ਹੈ ਕਿ ਪਿੱਛੇ ਜਿਹੇ ਕੀਤੇ ਗਏ ਭਾਰਤ ਦੌਰੇ ਦੌਰਾਨ ਰੱਖਿਆ ਮੰਤਰੀ ਨੇ ਆਪਰੇਸ਼ਨ ਮਦੂਸਾ ਵਿੱਚ ਆਪਣੀ ਭੂਮਿਕਾ ਬਿਆਨਨ ਵਿੱਚ ਗੜਬੜੀ ਕੀਤੀ ਸੀ। ਪਰ ਬਾਅਦ ਵਿੱਚ ਉਨ੍ਹਾਂ ਆਪਣੀ ਗਲਤੀ ਮੰਨਦਿਆਂ ਉਸ ਬਿਆਨ ਨੂੰ ਵਾਪਿਸ ਵੀ ਲੈ ਲਿਆ ਸੀ।
ਸਹੋਤਾ ਨੇ ਆਖਿਆ ਕਿ ਸੱਜਣ ਸਨਮਾਨਯੋਗ ਰੱਖਿਆ ਮੰਤਰੀ ਤੇ ਜੰਗ ਦੌਰਾਨ ਅਹਿਮ ਭੂਮਿਕਾ ਨਿਭਾਉਣ ਵਾਲੇ ਯੋਧਾ ਹਨ ਪਰ ਵਿਰੋਧੀ ਧਿਰ ਉਨ੍ਹਾਂ ਦੇ ਅਕਸ ਨੂੰ ਗੰਧਲਾ ਕਰਨਾ ਚਾਹੁੰਦੀ ਹੈ ਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਊਣਾ ਕਰਨਾ ਚਾਹੁੰਦੀ ਹੈ। ਸਹੋਤਾ ਨੇ ਆਖਿਆ ਕਿ ਸੱਜਣ ਨੇ ਹਾਊਸ ਆਫ ਕਾਮਨਜ਼ ਵਿੱਚ ਆਪਣੀ ਗਲਤੀ ਮੰਨ ਲਈ ਸੀ ਤੇ ਹੁਣ ਸਾਨੂੰ ਇਸ ਵਿਸੇ਼ ਦਾ ਖਹਿੜਾ ਛੱਡ ਦੇਣਾ ਚਾਹੀਦਾ ਹੈ।
ਆਪਰੇਸ਼ਨ ਮਦੂਸਾ ਦੇ ਤਤਕਾਲੀ ਚੀਫ ਆਫ ਸਟਾਫ ਕ੍ਰਿਸ ਵੈਰਨਨ ਨੇ ਆਖਿਆ ਕਿ ਸੱਜਣ ਉਸ ਸਮੇਂ ਯੋਜਨਾਬੰਦੀ ਅਤੇ ਟੀਮ ਨਿਰਧਾਰਤ ਕੀਤੇ ਜਾਣ ਦਾ ਅਹਿਮ ਹਿੱਸਾ ਸਨ। ਇਸੇ ਤਰ੍ਹਾਂ ਸੇਵਾਮੁਕਤ ਮੇਜਰ ਜਨਰਲ ਲੁਈਸ ਮੈਕੈਂਜ਼ੀ ਨੇ ਆਖਿਆ ਕਿ ਉਹ ਵੀ ਆਪਰੇਸ਼ਨ ਮਦੂਸਾ ਦੇ ਯੋਜਨਾਕਾਰਾਂ ਵਿੱਚੋਂ ਸੱਜਣ ਨੂੰ ਇੱਕ ਮੰਨਦੇ ਹਨ। ਇਹੋ ਉਹ ਲੋਕ ਸਨ ਜਿਹੜੇ ਉਸ ਸਮੇਂ ਕਮਰੇ ਵਿੱਚ ਸਨ। ਇਹੋ ਲੋਕ ਜਾਣਦੇ ਸਨ ਕਿ ਕਿਹੜਾ ਕੰਮ ਕਦੋਂ ਤੇ ਕਿਵੇਂ ਕਰਨਾ ਹੈ।
ਸਹੋਤਾ ਨੇ ਆਖਿਆ ਕਿ ਸਾਡੀ ਸਰਕਾਰ ਨੂੰ ਰੱਖਿਆ ਮੰਤਰੀ ਵੱਲੋਂ ਕੈਨੇਡੀਅਨ ਹਥਿਆਰਬੰਦ ਸੈਨਾਵਾਂ ਦੇ ਮੈਂਬਰ ਵਜੋਂ ਜੰਗ ਦੇ ਮੈਦਾਨ ਤੇ ਪੁਲਿਸ ਅਧਿਕਾਰੀ ਵਜੋਂ ਨਿਭਾਈ ਸੇਵਾ ਉੱਤੇ ਮਾਣ ਹੈ। ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਸਾਡੇ ਰੱਖਿਆ ਮੰਤਰੀ ਹਨ। ਸਹੋਤਾ ਨੇ ਆਖਿਆ ਕਿ ਕੈਨੇਡੀਅਨ ਸੈਨਿਕਾਂ ਦੇ ਸਮਰਥਨ ਵਿੱਚ ਰੋਜ਼ਾਨਾ ਰੱਖਿਆ ਮੰਤਰੀ ਤੇ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਮਿਹਨਤ ਉੱਤੇ ਉਨ੍ਹਾਂ ਨੂੰ ਨਾਜ਼ ਹੈ।