ਰੰਗ ਲਿਆਉਂਦਾ ਹੈ ਤਿਆਗ : ਅੰਗਦ ਬੇਦੀ


ਭਾਰਤੀ ਹਾਕੀ ਟੀਮ ਦੇ ਸਾਬਕਾ ਖਿਡਾਰੀ ਸੰਦੀਪ ਸਿੰਘ ਦੇ ਕਰੀਅਰ ਨੂੰ ਸੰਵਾਰਨ ਦੇ ਲਈ ਉਸ ਦੇ ਵੱਡੇ ਭਰਾ ਬਿਕਰਮਜੀਤ ਸਿੰਘ ਦੀ ਅਹਿਮ ਭੂਮਿਕਾ ਰਹੀ ਹੈ। ਸੰਦੀਪ ਦੀ ਬਾਇਓਪਿਕ ‘ਸੂਰਮਾ’ ਵਿੱਚ ਉਸ ਦੇ ਵੱਡੇ ਭਰਾ ਦਾ ਰੋਲ ਅੰਗਦ ਬੇਦੀ ਨਿਭਾਅ ਰਹੇ ਹਨ। ‘ਸੂਰਮਾ’ ਨਾਲ ਜੁੜਨ ਬਾਰੇ ਅੰਗਦ ਕਹਿੰਦੇ ਹਨ, ‘‘ਆਬੂ ਧਾਬੀ ਵਿੱਚ ‘ਟਾਈਗਰ ਜਿੰਦਾ ਹੈ’ ਦੀ ਸ਼ੂਟਿੰਗ ਦੌਰਾਨ ਮੈਨੂੰ ਡਾਇਰੈਕਟਰ ਸ਼ਾਦ ਅਲੀ ਦਾ ਫੋਨ ਆਇਆ ਸੀ। ਉਨ੍ਹਾਂ ਨੇ ਦੱਸਿਆ ਕਿ ਉਹ ਸੰਦੀਪ ਸਿੰਘ ਦੀ ਬਾਇਓਪਿਕ ਬਣਾ ਰਹੇ ਹਨ, ਜਿਨ੍ਹਾਂ ਦੇ ਕਰੀਅਰ ਵਿੱਚ ਉਨ੍ਹਾਂ ਦੇ ਵੱਡੇ ਭਰਾ ਬਿਕਰਮਜੀਤ ਸਿੰਘ ਨੇ ਮਹੱਤਵ ਪੂਰਨ ਭੂਮਿਕਾ ਨਿਭਾਈ ਹੈ। ਮੇਰੇ ਲਈ ਬਿਕਰਮਜੀਤ ਦੇ ਕਿਰਦਾਰ ਦਾ ਪ੍ਰਸਤਾਵ ਸੀ। ਇਸ ਦੇ ਬਾਅਦ ਪੂਰੀ ਸ਼ੂਟਿੰਗ ਦੌਰਾਨ ਮੈਂ ਸੰਦੀਪ ਸਿੰਘ ਅਤੇ ਉਸ ਦੇ ਭਰਾ ਦੇ ਬਾਰੇ ਵਿੱਚ ਹੀ ਸੋਚਦਾ ਰਿਹਾ। ਵਿੱਚ ਹੀ ਮੈਂ ਇੱਕ ਵੈੱਬ ਸੀਰੀਜ ‘ਇਨਸਾਈਡ ਏਜ਼’ ਕੀਤੀ ਸੀ। ਉਸ ਵਿੱਚ ਮੈਂ ਕ੍ਰਿਕਟ ਕਪਤਾਨ ਦੀ ਭੂਮਿਕਾ ਨਿਭਾਈ ਸੀ। ਉਹ ਕਰੀਅਰ ਦੇ ਢਲਾਨ ‘ਤੇ ਆਉਂਦਾ ਹੈ। ਉਥੇ ਕੋਈ ਉਸ ਦਾ ਸਮਰਤਨ ਨਹੀਂ ਕਰਦਾ। ਉਸ ਦੀ ਵਜ੍ਹਾ ਉਥੇ ਫੈਲਿਆ ਭਿ੍ਰਸ਼ਟਾਚਾਰ ਤੇ ਰਾਜਨੀਤੀ ਹੈ। ਮੈਨੂੰ ਕਿਰਦਾਰ ਦਾ ਉਹ ਰੂਪ ਨਹੀਂ ਜਚਿਆ, ਉਸ ਦਾ ਗ੍ਰਾਫ ਪਸੰਦ ਆਇਆ। ‘ਸੂਰਮਾ’ ਵਿੱਚ ਵੱਡੇ ਭਰਾ ਨੇ ਤਿਆਗ ਕੀਤਾ ਤਾਂ ਕਿ ਉਸ ਦਾ ਛੋਟਾ ਭਰਾ ਦੇਸ਼ ਦੇ ਲਈ ਖੇਡ ਸਕੇ। ਮੇਰੇ ਲਈ ਇਹ ਬੇਹੱਦ ਖੂਬਸੂਰਤ ਕਿਰਦਾਰ ਹੈ। ਬਿਕਰਮਜੀਤ ਨੇ ਭਰਾ ਦੇ ਲਈ ਆਪਣਾ ਕਰੀਅਰ ਛੱਡ ਦਿੱਤਾ। ਉਹ ਵਧੀਆ ਖਿਡਾਰੀ ਸਨ। ਉਹ ਦੇਸ਼ ਦੇ ਬਿਹਤਰੀਨ ਡ੍ਰੈਗ ਫਲਿਕਰ ਵਿੱਚ ਸ਼ਾਮਲ ਸਨ। ਸੱਟ ਲੱਗਣ ਪਿੱਛੋਂ ਉਹ ਅੱਗੇ ਨਹੀਂ ਵਧ ਸਕੇ। ਜਦ ਸੰਦੀਪ ਨੂੰ ਗੋਲੀ ਲੱਗੀ ਤਾਂ ਬਿਕਰਮਜੀਤ ਨੇ ਉਸ ਨੂੰ ਮੈਦਾਨ ਵਿੱਚ ਵਾਪਸ ਉਤਾਰਨ ਦਾ ਜ਼ਿੰਮਾ ਲਿਆ। ਉਸ ਦੇ ਤੰਦਰੁਸਤ ਹੋਣ ਪਿੱਛੋਂ ਉਸ ਦੀ ਖੇਡ ਨੂੰ ਨਿਖਾਰਿਆ। ਉਥੋਂ ਸੰਦੀਪ ਖੇਡ ਵਿੱਚ ਵਾਪਸੀ ਕਰ ਸਕੇ। ਦੇਸ਼ ਦਾ ਨਾਂਅ ਰੋਸ਼ਨ ਕਰ ਸਕੇ। ਮੈਨੂੰ ਖੁਸ਼ੀ ਹੈ ਕਿ ਮੈਂ ਇਸ ਕਿਰਦਾਰ ਨੂੰ ਬਾਖਾਬੂ ਨਿਭਾ ਸਕਿਆ।’