ਰੋਹਿੰਗਿਆ ਸ਼ਰਨਾਰਥੀਆਂ ਨੂੰ ਮੋਦੀ ਸਰਕਾਰ ਨੇ ਸੁਰੱਖਿਆ ਦਾ ਖ਼ਤਰਾ ਕਹਿਣ ਕੇ ਸ਼ਰਣ ਦੇਣ ਤੋਂ ਨਾਂਹ ਕੀਤੀ

modi
* ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਐਫੀਡੇਵਿਟ ਪੇਸ਼
ਨਵੀਂ ਦਿੱਲੀ, 18 ਸਤੰਬਰ, (ਪੋਸਟ ਬਿਊਰੋ)- ਭਾਰਤ ਦੀ ਨਰਿੰਦਰ ਮੋਦੀ ਸਰਕਾਰ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਮਿਆਂਮਾਰ ਤੋਂ ਆਉਣ ਵਾਲੇ ਰੋਹਿੰਗਿਆ ਮੁਸਲਮਾਨ ਗ਼ੈਰ-ਕਾਨੂੰਨੀ ਪਰਵਾਸੀ ਹਨ ਤੇ ਉਨ੍ਹਾਂ ਦੇ ਇਸ ਦੇਸ਼ ਵਿੱਚ ਟਿਕੇ ਰਹਿਣ ਨਾਲ ਦੇਸ਼ ਦੀ ਸੁਰੱਖਿਆ ਨੂੰ ਗੰਭੀਰ ਖ਼ਤਰਾ ਪੈਦਾ ਹੋ ਸਕਦਾ ਹੈ।
ਸੁਪਰੀਮ ਕੋਰਟ ਦੀ ਰਜਿਸਟਰੀ ਕੋਲ ਦਾਖ਼ਲ ਕੀਤੇ ਗਏ ਐਫੀਡੇਵਿਟ ਵਿੱਚ ਕੇਂਦਰ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਭਾਰਤ ਦੇ ਨਾਗਰਿਕਾਂ ਨੂੰ ਹੀ ਕਿਸੇ ਹਿੱਸੇ ਵਿੱਚ ਠਹਿਰਨ ਅਤੇ ਉਥੇ ਵੱਸਣ ਦਾ ਬੁਨਿਆਦੀ ਹੱਕ ਹੈ ਤੇ ਗ਼ੈਰ-ਕਾਨੂੰਨੀ ਸ਼ਰਨਾਰਥੀ ਇਹ ਹੱਕ ਲੈਣ ਲਈ ਸੁਪਰੀਮ ਕੋਰਟ ਦੇ ਅਧਿਕਾਰ ਖੇਤਰ ਦਾ ਕੋਈ ਹਵਾਲਾ ਨਹੀਂ ਦੇ ਸਕਦੇ। ਚੀਫ਼ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੇ ਅਦਾਲਤ ਦੇ ਬੈਂਚ ਰੋਹਿੰਗਿਆ ਸ਼ਰਨਾਰਥੀਆਂ ਨੂੰ ਭਾਰਤ ਵਿੱਚੋਂ ਕੱਢੇ ਜਾਣ ਦੇ ਖ਼ਿਲਾਫ਼ ਪਾਈ ਪਟੀਸ਼ਨ ਉੱਤੇ ਸੁਣਵਾਈ 3 ਅਕਤੂਬਰ ਲਈ ਮਿਥ ਦਿੱਤੀ ਹੈ। ਸਰਕਾਰ ਨੇ ਕਿਹਾ ਕਿ ਉਹ ਸੁਰੱਖਿਆ ਨੂੰ ਖ਼ਤਰੇ ਤੇ ਵੱਖ ਵੱਖ ਏਜੰਸੀਆਂ ਵੱਲੋਂ ਇਕੱਠੀ ਕੀਤੀ ਜਾਣਕਾਰੀ ਦੇ ਵੇਰਵੇ ਸੀਲਬੰਦ ਲਿਫ਼ਾਫ਼ੇ ਵਿੱਚ ਦੇ ਸਕਦੀ ਹੈ। ਕੇਂਦਰ ਸਰਕਾਰ ਨੇ ਕਿਹਾ ਕਿ ਭਾਰਤ ਨੇ ਸ਼ਰਨਾਰਥੀਆਂ ਦੇ ਦਰਜੇ ਬਾਰੇ ਕਨਵੈਨਸ਼ਨ 1951 ਅਤੇ ਪ੍ਰੋਟੋਕੋਲ 1967 ਉੱਤੇ ਦਸਤਖ਼ਤ ਨਹੀਂ ਕੀਤੇ ਹਨ, ਜਿਸ ਕਾਰਨ ਭਾਰਤ ਉਨ੍ਹਾਂ ਨੂੰ ਦੇਸ਼ ਵਿੱਚੋਂ ਜਬਰਦਸਤੀ ਵੀ ਕੱਢ ਸਕਦਾ ਹੈ।
ਸੁਪਰੀਮ ਕੋਰਟ ਦੇ ਇਸ ਕੇਸ ਦੀ ਸੁਣਵਾਈ ਵਾਲੇ ਬੈਂਚ, ਜਿਸ ਵਿੱਚ ਚੀਫ ਜਸਟਿਸ ਤੋਂ ਇਲਾਵਾ ਜਸਟਿਸ ਏ ਐਮ ਖਾਨਵਿਲਕਰ ਅਤੇ ਜਸਟਿਸ ਡੀ ਵਾਈ ਚੰਦਰਚੂੜ ਸ਼ਾਮਲ ਹਨ, ਨੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਇਸ ਮੁੱਦੇ ਉੱਤੇ ਕੋਈ ਨੋਟਿਸ ਨਹੀਂ ਭੇਜਿਆ। ਦੋ ਰੋਹਿੰਗਿਆ ਪਰਵਾਸੀਆਂ ਮੁਹੰਮਦ ਸਲੀਮਉਲ੍ਹਾ ਅਤੇ ਮੁਹੰਮਦ ਸ਼ਾਕਿਰ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਮਿਆਂਮਾਰ ਵਿੱਚ ਧੱਕੇਸ਼ਾਹੀ, ਹਿੰਸਾ ਅਤੇ ਖੂਨ-ਖ਼ਰਾਬੇ ਕਾਰਨ ਭਾਰਤ ਵਿੱਚ ਪਨਾਹ ਲਈ ਹੈ ਤੇ ਉਹ ਯੂ ਐੱਨ ਓ ਦੇ ਸ਼ਰਨਾਰਥੀਆਂ ਬਾਰੇ ਹਾਈ ਕਮਿਸ਼ਨ ਦੇ ਰਜਿਸਟਰਡ ਸ਼ਰਨਾਰਥੀ ਹਨ। ਦਿੱਲੀ ਸਮੇਤ ਕਈ ਥਾਈਂ ਠਹਿਰੇ ਹੋਏ ਰੋਹਿੰਗਿਆ ਮੁਸਲਮਾਨਾਂ ਨੇ ਕਿਹਾ ਹੈ ਕਿ ਉਹ ਆਪਣੇ ਦੇਸ਼ ਨਹੀਂ ਪਰਤਣਾ ਚਾਹੁੰਦੇ। ਬੱਚਿਆਂ ਸਮੇਤ ਨੌਜਵਾਨ ਤੇ ਬਜ਼ੁਰਗ ਇਥੇ ਹੀ ਰੁਕੇ ਹੋਏ ਹਨ ਅਤੇ ਉਹ ਖੁਸ਼ ਹਨ ਕਿ ਮਿਆਂਮਾਰ ਵਿੱਚ ਕਤਲਾਂ ਦੀ ਮਾਰ ਤੋਂ ਦੂਰ ਹਨ।
ਇਸ ਦੌਰਾਨ ਬੰਗਲਾ ਦੇਸ਼ ਦੀ ਰਾਜਧਾਨੀ ਢਾਕਾ ਦੀ ਸਭ ਤੋਂ ਵੱਡੀ ਮਸਜਿਦ ਵਿੱਚ 20 ਹਜ਼ਾਰ ਕੱਟੜ ਇਸਲਾਮੀ ਧਿਰਾਂ ਨੇ ਰੈਲੀ ਕਰਕੇ ਰੋਹਿੰਗਿਆ ਮੁਸਲਮਾਨਾਂ ਨੂੰ ਹਮਾਇਤ ਦਿੱਤੀ ਹੈ। ਉਨ੍ਹਾਂ ਨੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ ਤੇ ਨਾਅਰੇਬਾਜ਼ੀ ਕਰ ਰਹੇ ਸਨ। ਮਨੁੱਖੀ ਹੱਕਾਂ ਬਾਰੇ ਕੰਮ ਕਰਦੀ ਜਥੇਬੰਦੀ ਨੇ ਰੋਹਿੰਗਿਆ ਮੁਸਲਮਾਨਾਂ ਉੱਤੇ ਤਸ਼ੱਦਦ ਲਈ ਮਿਆਂਮਾਰ ਫ਼ੌਜ ਨੂੰ ਸਜ਼ਾ ਦੇਣ ਵਾਸਤੇ ਯੂ ਐੱਨ ਓ ਨੂੰ ਇੱਕ ਬੇਨਤੀ ਵੀ ਕੀਤੀ ਹੈ।