ਰੋਹਿੰਗਿਆ ਸ਼ਰਨਾਰਥੀਆਂ ਦੀ ਘਰ ਵਾਪਸੀ ਦੋ ਸਾਲਾਂ ‘ਚ ਹੋਵੇਗੀ


ਯੰਗੌਨ, 17 ਜਨਵਰੀ (ਪੋਸਟ ਬਿਊਰੋ)- ਫੌਜੀ ਕਾਰਵਾਈ ਕਰਕੇ ਘਰੋਂ ਬੇਘਰ ਹੋਏ ਰੋਹਿੰਗੀਆ ਸ਼ਰਨਾਰਥੀਆਂ ਦੀ ਵਤਨ ਵਾਪਸੀ ਲਈ ਮਿਆਂਮਾਰ ਅਤੇ ਬੰਗਲਾ ਦੇਸ਼ ਵਿੱਚ ਸਹਿਮਤ ਹੋ ਗਏ ਹਨ। ਘਰ ਵਾਪਸੀ ਦਾ ਇਹ ਅਮਲ ਦੋ ਸਾਲਾਂ ਵਿੱਚ ਮੁਕੰਮਲ ਹੋਵੇਗਾ। ਬੰਗਲਾ ਦੇਸ਼ ਨੇ ਦੋਵਾਂ ਦੇਸ਼ਾ ਵਿਚਾਲੇ ਬਣੀ ਇਸ ਸਹਿਮਤੀ ਨੂੰ ਲੱਖਾਂ ਰੋਹਿੰਗੀਆਂ ਸ਼ਰਨਾਰਥੀਆਂ ਦੀ ਨਿਰਧਾਰਿਤ ਸਮੇਂ ‘ਚ ਘਰ ਵਾਪਸੀ ਵੱਲ ਠੋਸ ਕਦਮ ਦੱਸਿਆ ਹੈ।
ਇਹ ਸਮਝੌਤਾ ਮਿਆਂਮਾਰ ਦੀ ਰਾਜਧਾਨੀ ਨੇਅਪਾਈਦਾਅ ਵਿੱਚ ਇਸੇ ਹਫਤੇ ਸਿਰੇ ਚੜ੍ਹਿਆ ਹੈ। ਸਮਝੌਤੇ ਤਹਿਤ ਲਗਭਗ 7.50 ਲੱਖ ਰੋਹਿੰਗੀਆ ਮੁਸਲਮਾਨ ਹਨ, ਜਿਨ੍ਹਾਂ ਨੂੰ ਅਕਤੂਬਰ 2016 ਮਗਰੋਂ ਫੌਜੀ ਕਾਰਵਾਈ ਦੇ ਚੱਲਦਿਆਂ ਮਿਆਂਮਾਰ ਦਾ ਰਖੀਨ ਸੂਬਾ ਛੱਡਣਾ ਪਿਆ ਸੀ। ਬੰਗਲਾ ਦੇਸ਼ ਸਰਕਾਰ ਨੇ ਇਕ ਬਿਆਨ ਵਿੱਚ ਕਿਹਾ ਕਿ ਇਸ ਸਮਝੌਤੇ ਦਾ ਮੁੱਖ ਮੰਤਵ ਅਗਲੇ ਦੋ ਸਾਲਾਂ ਵਿੱਚ ਰੋਹਿੰਗੀਆ ਭਾਈਚਾਰੇ ਦੀ ਘਰ ਵਾਪਸੀ ਨੂੰ ਯਕੀਨੀ ਬਣਾਉਣਾ ਹੈ। ਬਿਆਨ ਵਿੱਚ ਇਸ ਅਮਲ ਨੂੰ ਸ਼ੁਰੂ ਕਰਨ ਦੀ ਕਿਸੇ ਤਰੀਕ ਦਾ ਕੋਈ ਜ਼ਿਕਰ ਨਹੀਂ ਹੈ, ਪਰ ਮਿਆਂਮਾਰ ਸਰਕਾਰ ਨੇ ਕਿਹਾ ਹੈ ਕਿ ਉਹ 23 ਜਨਵਰੀ ਤੋਂ ਘਰ ਵਾਪਸ ਆਉਣ ਵਾਲਿਆਂ ਨੂੰ ਜੀ ਆਇਆਂ ਕਹਿਣ ਨੂੰ ਤਿਆਰ ਹੈ। ਬੰਗਲਾ ਦੇਸ਼ ਵਿੱਚ ਅਕਤੂਬਰ 2016 ਤੋਂ ਪਹਿਲਾਂ ਤੋਂ ਰਹਿ ਰਹੇ ਦੋ ਲੱਖ ਦੇ ਕਰੀਬ ਰੋਹਿੰਗੀਆ ਸ਼ਰਨਾਰਥੀਆਂ ਨੂੰ ਇਸ ਕਰਾਰ ‘ਚੋਂ ਲਾਂਭੇ ਰੱਖਿਆ ਗਿਆ ਹੈ। ਇਨ੍ਹਾਂ ਸ਼ਰਨਾਰਥੀਆਂ ਨੂੰ ਫਿਰਕੂ ਹਿੰਸਾ ਤੇ ਫੌਜੀ ਕਾਰਵਾਈ ਦੇ ਚੱਲਦਿਆਂ ਬੰਗਲਾ ਦੇਸ਼ ਵਿੱਚ ਸ਼ਰਨ ਲੈਣੀ ਪਈ ਸੀ। ਦੋਵਾਂ ਦੇਸ਼ਾਂ ਦੇ ਸਮਝੌਤੇ ਹੇਠ ਸ਼ਰਨਾਰਥੀਆਂ ਨੂੰ ਇਕ ਫਾਰਮ ਭਰ ਕੇ ਰਖੀਨ ਸੂਬੇ ਵਿੱਚ ਆਪਣੇ ਘਰ ਬਾਰੇ ਤਸਦੀਕ ਕਰਾਉਣੀ ਹੋਵੇਗੀ। ਮਿਆਂਮਾਰ ਵਿੱਚ ਬੰਗਲਾ ਦੇਸ਼ ਦੇ ਰਾਜਦੂਤ ਮੁਹੰਮਦ ਸੁਫੀਉਰ ਰਹਿਮਾਨ ਨੇ ਕਿਹਾ ਕਿ ਉਹ ਜਲਦੀ ਹੀ ਘਰ ਵਾਪਸੀ ਦੇ ਅਮਲ ਨੂੰ ਸ਼ੁਰੂ ਕਰ ਦੇਣਗੇ।