ਰੋਹਿੰਗਿਆ ਸ਼ਰਨਾਰਥੀਆਂ ਤੋਂ ਹੀ ਅੱਤਵਾਦ ਦਾ ਖਤਰਾ ਕਿਉਂ

rohingia
-ਆਕਾਰ ਪਟੇਲ
ਸਿਰਫ ਇੱਕ ਭਾਸ਼ਾ ਦੇ ਮਾਮੂਲੀ ਜਿਹੇ ਗਿਆਨ ਦੇ ਰੂਪ ਵਿੱਚ ਤੁਸੀਂ ਭਾਰਤੀ ਸੈਲਾਨੀ ਦੇ ਰੂਪ ਵਿੱਚ ਇਟਲੀ ਵਿੱਚ ਹਰ ਜਗ੍ਹਾ ਘੁੰਮ ਸਕਦੇ ਹੋ; ਰੋਮ, ਵੈਨਿਸ, ਮਿਲਾਨ, ਬੋਲੋਗਨਾ ਆਦਿ। ਮੇਰਾ ਇਸ਼ਾਰਾ ਇਟਾਲਵੀ ਭਾਸ਼ਾ ਵੱਲ ਨਹੀਂ, ਸਗੋਂ ਬੰਗਾਲੀ ਵੱਲ ਹੈ। ਇਟਲੀ ਦੇਸ਼ ਬੰਗਲਾ ਦੇਸ਼ੀ ਪਰਵਾਸੀਆਂ ਨਾਲ ਭਰਿਆ ਪਿਆ ਹੈ ਤੇ ਸਾਰੇ ਨੌਜਵਾਨ ਹਨ, ਭਾਵ 25 ਤੋਂ 35 ਸਾਲ ਦੇ ਵਿਚਾਲੇ। ਉਨ੍ਹਾਂ ਦੇ ਸਰੀਰ ਦੀ ਬਨਾਵਟ ਵੀ ਆਮ ਤੌਰ ‘ਤੇ ਇੱਕੋ ਜਿਹੀ ਹੈ, ਭਾਵ ਬੌਣੇ, ਦੁਬਲੇ ਪਤਲੇ ਤੇ ਕਾਲੇ। ਇੱਕ ਹੋਰ ਗੱਲ ਉਨ੍ਹਾਂ ਵਿਚ ਸਾਂਝੀ ਹੈ ਕਿ ਉਹ ਸਾਰੇ ਬਹੁਤ ਮਿਹਨਤੀ ਹਨ। ਉਨ੍ਹਾਂ ਵਿੱਚੋਂ ਜੋ ਹੁਣੇ ਹੁਣੇ ਆਏ ਹਨ, ਉਨ੍ਹਾਂ ਕੋਲ ਕੋਈ ਪੂੰਜੀ ਨਹੀਂ, ਇਸ ਲਈ ਉਹ ਆਪਣੇ ਗੁਜ਼ਾਰੇ ਲਈ ਗਲੀਆਂ ‘ਚ ਘੁੰਮ ਕੇ ਚੀਜ਼ਾਂ ਵੇਚਦੇ ਹਨ। ਸੈਲਾਨੀਆਂ ਨੂੰ ਉਹ ਸੈਲਫੀ ਸਟਿੱਕਸ, ਪਲਾਸਟਿਕ ਦੇ ਖਿਡੌਣਾ ਨੁਮਾ ਛੋਟੇ-ਛੋਟੇ ਹੈਲੀਕਾਪਟਰ, ਠੰਢਾ ਪਾਣੀ, ਕੰਮ ਚਲਾਊ ਰੇਨ-ਕੋਟ ਤੇ ਇਸੇ ਤਰ੍ਹਾਂ ਦੀਆਂ ਹੋਰ ਚੀਜ਼ਾਂ ਵੇਚਦੇ ਹਨ। ਜੋ ਲੋਕ ਕੁਝ ਜ਼ਿਆਦਾ ਸਮੇਂ ਤੋਂ ਆਏ ਹੋਏ ਹਨ, ਅਤੇ ਜਿਨ੍ਹਾਂ ਦੇ ਦਸਤਾਵੇਜ਼ ਸਹੀ ਹਨ, ਉਹ ਹੋਟਲਾਂ ਵਿੱਚ ਵੇਟਰ ਅਤੇ ਸ਼ੈਫ ਦੇ ਰੂਪ ਵਿੱਚ ਕੰਮ ਕਰਦੇ ਹਨ ਤੇ ਕੁਝ ਲੋਕ ਇਟਾਲਵੀਆਂ ਦੀ ਮਾਲਕੀ ਵਾਲੇ ਛੋਟੇ-ਮੋਟੇ ਫਰੂਟ ਸਟਾਲ ਜਾਂ ਇਸ ਤਰ੍ਹਾਂ ਦੀਆਂ ਹੋਰਨਾਂ ਚੀਜ਼ਾਂ ਦੇ ਸਟਾਲਾਂ ਦੀ ਮੈਨੇਜਮੈਂਟ ਕਰਦੇ ਹਨ।
ਮੈਂ ਆਮ ਤੌਰ ਉੱਤੇ ਟੁੱਟੀ-ਫੁੱਟੀ ਬੰਗਾਲੀ ਭਾਸ਼ਾ ਵਿੱਚ ਉਨ੍ਹਾਂ ਨਾਲ ਗੱਲ ਕਰਦਾ ਹਾਂ ਤੇ ਉਨ੍ਹਾਂ ਦੀ ਜ਼ਿੰਦਗੀ ਬਾਰੇ ਪੁੱਛਦਾ ਹਾਂ। ਤੁਸੀਂ ਇਹ ਖੁਦ ਅੰਦਾਜ਼ਾ ਲਾ ਸਕਦੇ ਹੋ ਕਿ ਉਨ੍ਹਾਂ ਦਾ ਜੀਵਨ ਬਹੁਤ ਮੁਸ਼ਕਲਾਂ ਭਰਿਆ ਹੈ। ਮੇਰੇ ਮਨ ਵਿੱਚ ਉਨ੍ਹਾਂ ਦੇ ਹੌਸਲੇ ਅਤੇ ਦਿ੍ਰੜ੍ਹਤਾ ਪ੍ਰਤੀ ਬਹੁਤ ਜ਼ਿਆਦਾ ਸਨਮਾਨ ਦੀ ਭਾਵਨਾ ਹੈ, ਫਿਰ ਵੀ ਮੈਨੂੰ ਉਨ੍ਹਾਂ ਦੀ ਤਰਸ ਯੋਗ ਜ਼ਿੰਦਗੀ ਪ੍ਰਤੀ ਹਮਦਰਦੀ ਹੈ। ਆਪਣੇ ਘਰ-ਪਰਵਾਰ ਅਤੇ ਮਿੱਤਰ ਮੰਡਲੀਆਂ ਤੋਂ ਦੂਰ ਕਿਸੇ ਵਿਦੇਸ਼ੀ ਧਰਤੀ ‘ਤੇ ਰਹਿਣਾ ਸਾਡੇ ‘ਚੋਂ ਕਿਸੇ ਲਈ ਵੀ ਸੌਖਾ ਨਹੀਂ। ਇਸ ਮਾਮਲੇ ਵਿੱਚ ਸਾਰੇ ਇਨਸਾਨ ਇੱਕੋ ਜਿਹੇ ਹਨ। ਬੇਸ਼ੱਕ ਇਟਲੀ ਵਿੱਚ ਕਮਾਈ ਦੇ ਮੌਕੇ ਕੁਝ ਵੱਧ ਅਤੇ ਆਸਾਨ ਹਨ, ਤਾਂ ਵੀ ਕੋਈ ਦੁਰਲੱਭ ਇਟਾਲਵੀ ਬੰਗਲਾ ਦੇਸ਼ੀ ਹੀ ਅਜਿਹਾ ਹੋਵੇਗਾ, ਜੋ ਕਿਸੇ ਨਾ ਕਿਸੇ ਪੜਾਅ ‘ਤੇ ਦੇਸ਼ ਪਰਤਣਾ ਨਹੀਂ ਚਾਹੁੰਦਾ ਹੋਵੇਗਾ ਅਤੇ ਉਹ ਇਟਲੀ ਵਿੱਚ ਪੂਰੀ ਤਰ੍ਹਾਂ ਖੁਸ਼ ਹੋਵੇਗਾ।
ਮੈਂ ਗੁਜਰਾਤੀਆਂ ਦੀ ਇੱਕ ਅਜਿਹੀ ਬਰਾਦਰੀ ਨਾਲ ਸੰਬੰਧਤ ਹਾਂ, ਜੋ ਇਤਿਹਾਸਕ ਤੌਰ ‘ਤੇ ਜ਼ਿਆਦਾ ਪੜ੍ਹੀ ਲਿਖੀ ਨਹੀਂ ਰਹੀ, ਪਰ ਬਹੁਤ ਉਦਮੀ ਹੈ ਤੇ ਇਸ ਬਰਾਦਰੀ ਦੇ ਲੋਕ ਮੁਸ਼ਕਲ ਤੋਂ ਮੁਸ਼ਕਲ ਕੰਮ ਨੂੰ ਕਰਨ ਤੋਂ ਘਬਰਾਉਂਦੇ ਨਹੀਂ। ਇਹੋ ਕਾਰਨ ਹੈ ਕਿ ਦੁਨੀਆ ਭਰ ਵਿੱਚ ‘ਪਟੇਲ ਮੋਟਲ’ ਕਿਸੇ ਮੁਹਾਵਰੇ ਵਾਂਗ ਪ੍ਰਸਿੱਧ ਹੋ ਗਿਆ, ਪਰ ਜ਼ਿਆਦਾਤਰ ਲੋਕ ਇਹ ਨਹੀਂ ਜਾਣਦੇ ਹੋਣਗੇ ਕਿ ਅਮਰੀਕਾ ਵਿੱਚ ਜ਼ਿਆਦਾਦਰ ਪਾਟੀਦਾਰ ਖਾਲੀ ਹੱਥ ਪਹੁੰਚਦੇ ਹਨ। ਉਹ ਅਜਿਹੇ ਕਸਬਿਆਂ ਤੇ ਦੂਰ ਦੁਰਾਡੇ ਦੇ ਪਿੰਡਾਂ ਤੋਂ ਆਉਂਦੇ ਹਨ, ਜਿੱਥੇ ਸਥਾਨਕ ਮੌਕਿਆਂ ਦੀ ਘਾਟ ਹੁੰਦੀ ਹੈ। ਅਮਰੀਕਾ ਵਿੱਚ ਆ ਕੇ ਉਨ੍ਹਾਂ ਨੂੰ ਸਰੀਰਕ ਲੇਬਰ ਕਰਨੀ ਪੈਂਦੀ ਹੈ। ਮੇਰੇ ਆਪਣੇ ਮਾਤਾ ਪਿਤਾ ਤੇ ਭੈਣ ਨੇ ਅਜਿਹੇ ਅਮਰੀਕੀ ਮੋਟਲਾਂ ਵਿੱਚ ਕੰਮ ਕੀਤਾ ਸੀ, ਜੋ ਉਨ੍ਹਾਂ ਦੀ ਆਪਣੀ ਮਾਲਕੀ ਦੇ ਨਹੀਂ ਸਨ। ਇਸ ਦਾ ਅਰਥ ਇਹ ਸੀ ਕਿ ਉਨ੍ਹਾਂ ਨੂੰ ਕਮਰੇ ਸਾਫ ਕਰਨੇ ਪੈਂਦੇ ਸਨ ਅਤੇ ਸਾਰੇ ਕੰਮ ਕਰਨੇ ਪੈਂਦੇ ਸਨ, ਜੋ ਭਾਰਤੀ ਮੱਧ-ਵਰਗੀ ਲੋਕ ਨਹੀਂ ਕਰਦੇ। ਜਿੱਥੋਂ ਤੱਕ ਆਪਣੀ ਕੋਈ ਜ਼ਮੀਨ ਜਾਇਦਾਦ ਖਰੀਦਣ ਦੀ ਗੱਲ ਹੈ ਤਾਂ ਅਮਰੀਕਾ ਵਿੱਚ ਬਹੁਤ ਥੋੜ੍ਹੇ ਪਾਟੀਦਾਰ ਹੀ ਇਸ ਦਾ ਦਾਅਵਾ ਕਰ ਸਕਦੇ ਹਨ।
ਜ਼ਿਆਦਾਤਰ ਪਰਵਾਸੀਆਂ ਦੇ ਮਾਮਲੇ ਵਿੱਚ ਇਹੋ ਹੁੰਦਾ ਹੈ। ਅੱਜਕੱਲ੍ਹ ਭਾਰਤ ਅਤੇ ਦੇਸ਼ ਦੁਨੀਆ ਵਿੱਚ ਸਾਨੂੰ ਇੱਕ ਹੋਰ ਕਿਸਮ ਦੇ ਪਰਵਾਸੀਆਂ, ਭਾਵ ਸ਼ਰਨਾਰਥੀਆਂ ਨਾਲ ਨਜਿੱਠਣਾ ਪੈ ਰਿਹਾ ਹੈ। ਇਹ ਸ਼ਰਨਾਰਥੀ ਭਾਵੇਂ ਸੀਰੀਅਨ ਹੋਣ ਜਾਂ ਰੋਹਿੰਗਿਆ, ਉਨ੍ਹਾਂ ਵਿੱਚੋਂ ਹਰ ਕੋਈ ਜ਼ਬਰਦਸਤ ਹਿੰਸਾ ਦੇ ਡਰ ਤੋਂ ਭੱਜਿਆ ਹੋਇਆ ਹੈ। ਮੱਧ ਪੂਰਬ ਵਿੱਚ ਜੰਗ ਅਮਰੀਕਾ ਤੇ ਬ੍ਰਿਟੇਨ ਨੇ ਸ਼ੁਰੂ ਕੀਤੀ ਸੀ ਅਤੇ ਫਿਰ ਉਸ ਵਿੱਚ ਫਰਾਂਸ ਵਰਗੇ ਹੋਰ ਯੂਰਪੀ ਦੇਸ਼ ਸ਼ਾਮਲ ਹੋ ਗਏ। ਉਂਝ ਇਹ ਸਾਰੇ ਦੇਸ਼ ਇਸ ਜੰਗ ਦੇ ਨਤੀਜਿਆਂ ਦੀ ਕੋਈ ਜ਼ਿੰਮੇਵਾਰੀ ਲੈਣ ਤੋਂ ਇਨਕਾਰੀ ਹਨ।
ਅਮਰੀਕਾ ਤਾਂ ਹਮੇਸ਼ਾ ਤੋਂ ਬਹੁਤ ਦੂਰ ਤੇ ਦੋਵਾਂ ਪਾਸਿਓਂ ਵਿਸ਼ਾਲ ਮਹਾਸਾਗਰਾਂ ਨਾਲ ਘਿਰਿਆ ਹੋਇਆ ਸੁਰੱਖਿਅਤ ਸਥਿਤੀ ‘ਚ ਹੈ ਅਤੇ ਇਸ ਨੂੰ ਆਪਣੀਆਂ ਕਰਤੂਤਾਂ ਦੇ ਨਤੀਜੇ ਨਹੀਂ ਭੁਗਤਣੇ ਪੈਂਦੇ। ਇਹ ਕੋਰੀਆ ਤੇ ਵੀਅਤਨਾਮ ਵਿੱਚ ਅਜਿਹੀਆਂ ਜੰਗਾਂ ਲੜ ਸਕਦਾ ਹੈ, ਜਿਨ੍ਹਾਂ ਦਾ ਸੇਕ ਇਸ ਦੇ ਆਪਣੇ ਘਰ ਤੱਕ ਨਹੀਂ ਪਹੁੰਚਦਾ। ਮੈਂ ਅਕਸਰ ਵਿਸ਼ਵ ਭਰ ਵਿੱਚ ਹੋ ਰਹੀਆਂ ਘਟਨਾਵਾਂ ਬਾਰੇ ਸਮਾਚਾਰ ਏਜੰਸੀਆਂ ਵੱਲੋਂ ਜਾਰੀ ਕੀਤੀਆਂ ਤਸਵੀਰਾਂ ਦੇਖਦਾ ਰਹਿੰਦਾ ਹਾਂ। ਜ਼ਿਆਦਾਤਰ ਪਾਠਕਾਂ ਨੂੰ ਉਸ ਭਿਆਨਕ ਹਿੰਸਾ ਦੀਆਂ ਤਸਵੀਰਾਂ ਦੇਖ ਕੇ ਸਦਮਾ ਲੱਗੇਗਾ, ਜੋ ਹਿੰਸਾ ਸੀਰੀਅਨ ਨੂੰ ਦੇਸ਼ ਛੱਡ ਕੇ ਦੌੜਨ ਲਈ ਮਜਬੂਰ ਕਰ ਰਹੀ ਹੈ। ਇਸ ਕਿਸਮ ਦੇ ਬੇਘਰੇ ਤੇ ਦੁਖੀ ਲੋਕਾਂ ਪ੍ਰਤੀ ਸਾਡੇ ਮਨ ਵਿੱਚ ਹਮਦਰਦੀ ਇੰਨੀ ਘੱਟ ਕਿਉਂ ਹੈ? ਇਸ ਦਾ ਕਾਰਨ ਇਹ ਹੈ ਕਿ ਅਸੀਂ ਉਨ੍ਹਾਂ ਦੇ ਮਜ਼੍ਹਬ ਨੂੰ ਇੱਕ ਵਿਸ਼ੇਸ਼ ਦਿ੍ਰਸ਼ਟੀਕੋਣ ਤੋਂ ਦੇਖਦੇ ਹਾਂ।
ਰੋਹਿੰਗਿਆ ਲੋਕਾਂ ਵਿਰੁੱਧ ਵਧਦੀ ਜਾ ਰਹੀ ਹੈਵਾਨੀਅਤ ਦੇ ਵਿਸ਼ੇ ਵਿੱਚ ਭਾਰਤੀ ਸਰਕਾਰ ਨੇ ਜਿਸ ਕਿਸਮ ਦੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ, ਉਸ ਤੋਂ ਮੈਂ ਬਹੁਤ ਨਿਰਾਸ਼ ਹਾਂ। ਕੀ ਇਸ ਦਾ ਅਰਥ ਇਹ ਲਾਇਆ ਜਾਵੇ ਕਿ ਬਰਮਾ ਦੇ ਸੱਤਾ ਤੰਤਰ ਵੱਲੋਂ ਉਨ੍ਹਾਂ ਵਿਰੁੱਧ ਕੀਤੇ ਜਾ ਰਹੇ ਅਪਰਾਧਾਂ ਦੀਆਂ ਰਿਪੋਰਟਾਂ ‘ਤੇ ਸਾਨੂੰ ਵਿਸ਼ਵਾਸ ਨਹੀਂ ਹੈ? ਕੀ ਸਾਡਾ ਇਹ ਮੰਨਣਾ ਹੈ ਕਿ ਉਹ ਲੋਕ ਆਪਣੇ ਘਰਾਂ ਨੂੰ ਛੱਡ ਕੇ ਇਸ ਲਈ ਭਾਰਤ ਆ ਰਹੇ ਹਨ ਕਿ ਸ਼ਰਨਾਰਥੀ ਕੈਂਪਾਂ ਵਿੱਚ ਰਹਿਣ ਜਾਂ ‘ਮਜ਼ਾ’ ਲੈ ਸਕਣ? ਜੇ ਇਹ ਗੱਲ ਹੈ ਤਾਂ ਅਸੀਂ ਨਿਸ਼ਚੇ ਹੀ ਭਰਮ ਦੀ ਸਥਿਤੀ ਵਿੱਚ ਜੀਅ ਰਹੇ ਹਾਂ।
ਕੀ ਅਸੀਂ ਆਪਣੀ ਸਰਕਾਰ ਵਾਂਗ ਇਹ ਮੰਨਦੇ ਹਾਂ ਕਿ ਰੋਹਿੰਗਿਆ ਲੋਕ ਸਿਰਫ ਮੁਸਲਿਮ ਹੋਣ ਕਾਰਨ ਅੱਤਵਾਦੀ ਖਤਰਾ ਪੈਦਾ ਕਰਦੇ ਹਨ? ਵਰਣਨ ਯੋਗ ਹੈ ਕਿ ਅਸੀਂ ਦੁਨੀਆ ਤੇ ਹੋਰਨਾਂ ਇਨਸਾਨਾਂ ਨੂੰ ਅਜਿਹੀ ਘਟੀਆ ਨਜ਼ਰ ਨਾਲ ਹੀ ਦੇਖਦੇ ਹਾਂ। ਭਾਰਤ ਸਰਕਾਰ ਨੇ ਨੀਤੀ ਗਤ ਐਲਾਨ ਕੀਤਾ ਹੈ ਕਿ ਇਹ ਪਾਕਿਸਤਾਨ ਤੇ ਬੰਗਲਾ ਦੇਸ਼ ਤੋਂ ਘੱਟ ਗਿਣਤੀ ਫਿਰਕਿਆਂ ਨਾਲ ਸੰਬੰਧਤ ਸ਼ਰਨਾਰਥੀਆਂ ਨੂੰ ਹੀ ਸਵੀਕਾਰ ਕਰੇਗੀ। ਇਸ ਐਲਾਨ ਦਾ ਕਿਸੇ ਨਾ ਕਿਸੇ ਰੂਪ ਵਿੱਚ ਇਹੀ ਅਰਥ ਨਿਕਲਦਾ ਹੈ ਕਿ ਭਾਰਤ ਸਿਰਫ ਗੈਰ ਮੁਸਲਮਾਨਾਂ ਦਾ ਸਵਾਗਤ ਕਰੇਗਾ।
ਬਰਮਾ ਭਾਵ ਮਿਆਂਮਾਰ ਇੱਕ ਬੋਧੀ ਦੇਸ਼ ਹੈ, ਜੋ ਮੁਸਲਿਮ ਘੱਟ ਗਿਣਤੀਆਂ ਦਾ ਦਮਨ ਕਰਦਾ ਹੈ। ਇਸ ਦਮਨ ਦੇ ਮੱਦੇਨਜ਼ਰ ਸਾਡੀ ਨੀਤੀ ਨੂੰ ਸੱਪ ਕਿਉਂ ਸੁੰਘ ਗਿਆ ਹੈ। ਇੱਕ ਮਹਾਨ ਲੋਕਤੰਤਰ ਦੇ ਰੂਪ ਵਿੱਚ ਸਾਨੂੰ ਨਿਸ਼ਚੇ ਹੀ ਆਪਣੀ ਸ਼ਰਨ ਵਿੱਚ ਆਉਣ ਵਾਲੇ ਲੋਕਾਂ ਦੇ ਅਧਿਕਾਰਾਂ ਦੇ ਪੱਖ ਦੀ ਆਵਾਜ਼ ਉਠਾਉਣੀ ਚਾਹੀਦੀ ਹੈ ਤੇ ਉਨ੍ਹਾਂ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਹਿੰਦੂ ਧਰਮ ਦੀ ਇੱਕ ਇੱਕ ਸਿਖਿਆ ਸਾਨੂੰ ਇਹ ਦੱਸਦੀ ਹੈ ਕਿ ਏਦਾਂ ਕਰਨਾ ਸਾਡਾ ਫਰਜ਼ ਹੈ। ਇੱਕ ਪਾਸੇ ਅਸੀਂ ਵਿਦੇਸ਼ਾਂ ਵਿੱਚ ਗਏ ਭਾਰਤੀ ਪਰਵਾਸੀਆਂ ਦੀਆਂ ਪ੍ਰਾਪਤੀਆਂ ‘ਤੇ ਬਹੁਤ ਮਾਣ ਕਰਦੇ ਹਾਂ, ਹਾਲਾਂਕਿ ਇਨ੍ਹਾਂ ‘ਚੋਂ ਕਈ ਲੋਕ ਨਾਜਾਇਜ਼ ਤੌਰ ‘ਤੇ ਵੀ ਉਥੇ ਪਹੁੰਚੇ ਸਨ। ਦੂਜੇ ਪਾਸੇ ਜੇ ਸਾਡੇ ਕੋਲ ਹੋਰ ਦੇਸ਼ਾਂ ਤੋਂ ਪਰਵਾਸੀ ਆਉਂਦੇ ਹਨ ਤਾਂ ਅਸੀਂ ਉਨ੍ਹਾਂ ਨੂੰ ਅਜਿਹੇ ਅੱਤਵਾਦੀ ਸਮਝਦੇ ਹਾਂ, ਜੋ ਸਾਡੇ ਸਾਧਨਾਂ ‘ਤੇ ਐਸ਼ ਕਰਨ ਆਏ ਹਨ। ਕੀ ਅਜਿਹਾ ਕਰਨਾ ਸਰਾਸਰ ਪਾਖੰਡਬਾਜ਼ੀ ਨਹੀਂ?