ਰੋਹਿੰਗਿਆ ਮੁਸਲਮਾਨਾਂ ਉੱਤੇ ਜ਼ੁਲਮ ਦੀ ਅਮਰੀਕੀ ਪਾਰਲੀਮੈਂਟ ਵੱਲੋਂ ਨਿੰਦਾ


ਵਾਸ਼ਿੰਗਟਨ, 6 ਦਸੰਬਰ (ਪੋਸਟ ਬਿਊਰੋ)- ਅਮਰੀਕਾ ਦੇ ਲੋਕਾਂ ਵੱਲੋਂ ਚੁਣੇ ਹੋਏ ਸਦਨ ਨੇ ਇੱਕ ਮਤਾ ਪਾਸ ਕੀਤਾ ਹੈ, ਜਿਸ ਵਿੱਚ ਰੋਹਿੰਗਿਆ ਮੁਸਲਮਾਨਾਂ ਉੱਤੇ ਮਿਆਂਮਾਰ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਦੀ ਨਿੰਦਾ ਕਰਨ ਦੇ ਨਾਲ ਹੀ ਇਸ ਨੂੰ ਜਾਤੀ ਸਫਾਈ ਕਰਾਰ ਦਿੱਤਾ ਗਿਆ ਹੈ।
ਅੱਜ ਏਥੇ ਅਮਰੀਕਾ ਦੀ ਪ੍ਰਤੀਨਿਧੀ ਸਭਾ ਦੇ ਮੈਂਬਰਾਂ ਨੇ ਰੋਹਿੰਗਿਆ ਮੁਸਲਮਾਨਾਂ ਉੱਤੇ ਹੋਏ ਜੁਲਮਾਂ ਦੀ ਸਖ਼ਤ ਨਿੰਦਾ ਕੀਤੀ ਹੈ। ਮਿਆਂਮਾਰ ਸਰਕਾਰ ਦੇ ਇਸ ਰਵੱਈਏ ਦੀ ਅਮਰੀਕੀ ਪ੍ਰਤੀਨਿਧਾਂ ਨੇ ਸਖ਼ਤ ਆਲੋਚਨਾ ਕਰਦੇ ਹੋਏ ਉਸ ਦੇਸ਼ ਦੇ ਰਖਾਇਨ ਸੂਬੇ ਵਿੱਚ ਅਜੇ ਵੀ ਘੱਟ-ਗਿਣਤੀਆਂ ਉੱਤੇ ਹੋ ਰਹੇ ਹਮਲਿਆਂ ਨੂੰ ਰੋਕੇ ਜਾਣ ਦੀ ਮੰਗ ਕੀਤੀ ਹੈ। ਅਮਰੀਕੀ ਪ੍ਰਤੀਨਿਧ ਸਦਨ ਨੇ ਮੰਗਲਵਾਰ ਮਤਾ ਪਾਸ ਕੀਤਾ ਹੈ, ਜਿਸ ਵਿੱਚ ਰਖਾਇਨ ਸੂਬੇ ਵਿੱਚ ਮਨੁੱਖਤਾਵਾਦੀ ਮਦਦ ਤੁਰੰਤ ਪਹੁੰਚਾਉਣ ਦੀ ਅਪੀਲ ਕੀਤੀ ਗਈ ਹੈ। ਇਸ ਮਤੇ ਮੁਤਾਬਕ ਰਖਾਇਨ ਸੂਬੇ ਵਿੱਚ ਰੋਹਿੰਗਿਆ ਲੋਕਾਂ ਦੀ ਮਦਦ ਲਈ ਮਨੁੱਖੀ ਅਧਿਕਾਰ ਸੰਗਠਨਾਂ ਤੇ ਹੋਰ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਹੈ ਅਤੇ ਨਾਲ ਹੀ ਕਿਹਾ ਗਿਆ ਹੈ ਕਿ ਇਸ ਮਦਦ ਲਈ ਮਿਆਂਮਾਰ ਸਰਕਾਰ ਨੂੰ ਸਹਿਯੋਗ ਦੇਣਾ ਚਾਹੀਦਾ ਹੈ।
ਅਮਰੀਕੀ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧਾਂ ਨੇ ਇਸ ਮਤੇ ਰਾਹੀਂ ਕਿਹਾ ਹੈ ਕਿ ਮਿਆਂਮਾਰ ਤੋਂ ਭੱਜਣ ਨੂੰ ਮਜਬੂਰ ਹੋਏ ਲਗਭਗ 6 ਲੱਖ ਤੋਂ ਵੱਧ ਰੋਹਿੰਗਿਆ ਮੁਸਲਮਾਨਾਂ ਦੀ ਆਪਣੇ ਦੇਸ਼ ਵਿੱਚ ਤਤਕਾਲ ਬਹਾਲੀ ਦਾ ਹੁਕਮ ਮਿਆਂਮਾਰ ਸਰਕਾਰ ਵੱਲੋਂ ਜਾਰੀ ਕੀਤਾ ਜਾਵੇ। ਅਮਰੀਕੀ ਪ੍ਰਤੀਨਿਧੀ ਸਭਾ ਦੇ ਇੱਕ ਮੈਂਬਰ ਨੇ ਬਿਆਨ ਵਿੱਚ ਕਿਹਾ ਕਿ ਸਾਡੇ ਵੱਲੋਂ ਪਾਸ ਕੀਤੇ ਗਏ ਮਤੇ ਵਿੱਚ ਮਿਆਂਮਾਰ ਦੇ ਨੇਤਾਵਾਂ ਨੂੰ ਸਖ਼ਤ ਸੁਨੇਹਾ ਜਾਵੇਗਾ ਕਿ ਉਹ ਇਹੋ ਜਿਹੇ ਜੁਲਮ ਪੂਰੀ ਤਰ੍ਹਾਂ ਬੰਦ ਕਰ ਦੇਣ ਅਤੇ ਨਾਲ ਹੀ ਮਿਆਂਮਾਰ ਦੀਆਂ ਸਰਹੱਦਾਂ ਅੰਦਰ ਰਹਿਣ ਵਾਲੇ ਸਾਰੇ ਲੋਕਾਂ ਦੇ ਨਿੱਜੀ ਅਧਿਕਾਰਾਂ ਅਤੇ ਆਜ਼ਾਦੀ ਦੀ ਰੱਖਿਆ ਕਰਨ। ਇਸ ਮੌਕੇ ਅਮਰੀਕੀ ਕਾਂਗਰਸ ਦੇ ਮੈਂਬਰਾਂ ਨੇ ਇਸ ਮਤੇ ਰਾਹੀਂ ਮਿਆਂਮਾਰ ਦੇ ਸੁਰੱਖਿਆ ਦਸਤਿਆਂ ਦੇ ਇਸ ਕਾਰੇ ਨੂੰ ਭਿਆਨਕ ਕਰਾਰ ਦਿੱਤਾ ਅਤੇ ਹਿੰਸਾ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਹੈ। ਅਮਰੀਕੀ ਪ੍ਰਤੀਨਿਧ ਏਲੀਅਟ ਐਂਗਲ ਨੇ ਕਿਹਾ ਕਿ ਅਸੀਂ ਫੌਜ ਦੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਨਕਾਰਦੇ ਹਾਂ। ਉਨ੍ਹਾਂ ਨੇ ਫੌਜ ਦੀਆਂ ਸਾਰੀਆਂ ਗੱਲਾਂ ਨੂੰ ਬਕਵਾਸ ਦੱਸਦੇ ਹੋਏ ਰੋਹਿੰਗਿਆ ਉਤੇ ਹੋਏ ਜੁਲਮਾਂ ਨੂੰ ਜਾਤੀ ਸਫਾਇਆ ਕਰਾਰ ਦਿੱਤਾ ਹੈ। ਪਾਸ ਕੀਤੇ ਗਏ ਮਤੇ ਵਿੱਚ ਕਿਹਾ ਗਿਆ ਹੈ ਕਿ ਹੋਰਨਾਂ ਦੇਸ਼ਾਂ ਨੂੰ ਵੀ ਰੋਹਿੰਗਿਆ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਅਮਰੀਕੀ ਪ੍ਰਤੀਨਿਧੀ ਸਭਾ ਦੇ ਮੈਂਬਰਾਂ ਨੇ ਬੰਗਲਾ ਦੇਸ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਰੋਹਿੰਗਿਆ ਨੂੰ ਪਨਾਹ ਦੇ ਕੇ ਕਾਫੀ ਚੰਗਾ ਕੰਮ ਕੀਤਾ ਹੈ।