ਰੋਹਿੰਗਿਆ ਦੀ ਵਾਪਸੀ ਲਈ ਮਿਆਂਮਾਰ-ਬੰਗਲਾ ਦੇਸ਼ ਵਿੱਚ ਸਮਝੌਤਾ


ਯੰਗੂਨ, 24 ਨਵੰਬਰ (ਪੋਸਟ ਬਿਊਰੋ)- ਰੋਹਿੰਗਿਆ ਮੁਸਲਮਾਨਾਂ ਲਈ ਆਪਣੇ ਦੇਸ਼ ਵਾਪਸੀ ਦਾ ਰਾਹ ਸਾਫ ਕਰਨ ਲਈ ਮਿਆਂਮਾਰ ਤੇ ਬੰਗਲਾ ਦੇਸ਼ ਵਿਚਾਲੇ ਕੱਲ੍ਹ ਸਮਝੌਤੇ ‘ਤੇ ਦਸਤਖਤ ਕੀਤੇ ਗਏ। ਮਿਆਂਮਾਰ ਦੇ ਰਖਾਈਨ ਸੂਬੇ ‘ਚ ਫੌਜੀ ਕਾਰਵਾਈ ਤੋਂ ਬਾਅਦ ਅਗਸਤ ਤੋਂ ਕਰੀਬ ਛੇ ਲੱਖ 20 ਹਜ਼ਾਰ ਰੋਹਿੰਗਿਆ ਮੁਸਲਮਾਨ ਭੱਜ ਕੇ ਬੰਗਲਾ ਦੇਸ਼ ਆ ਗਏ ਸਨ। ਇਸ ਸੰਕਟ ਨੂੰ ਦੂਰ ਕਰਨ ਲਈ ਸਾਰੀ ਦੁਨੀਆ ਨੇ ਦਬਾਅ ਪਾਇਆ ਸੀ। ਵਤਨ ਵਾਪਸੀ ਦੀਆਂ ਸ਼ਰਤਾਂ ਬਾਰੇ ਕਈ ਹਫਤਿਆਂ ਦੇ ਟਕਰਾਅ ਪਿੱਛੋਂ ਮਿਆਂਮਾਰ ਦੀ ਰਾਜਧਾਨੀ ‘ਚ ਇਹ ਸਮਝੌਤਾ ਕੀਤਾ ਗਿਆ।
ਇਸ ਤੋਂ ਪਹਿਲਾਂ ਮਿਆਂਮਾਰ ਦੀ ਨੇਤਾ ਆਂਗ ਸਾਨ ਸੂ ਕੀ ਅਤੇ ਬੰਗਲਾ ਦੇਸ਼ ਦੇ ਵਿਦੇਸ਼ ਮੰਤਰੀ ਏ ਐਚ ਮਹਿਮੂਦ ਅਲੀ ਨੇ ਗੱਲਬਾਤ ਕੀਤੀ। ਮਿਆਂਮਾਰ ਦੇ ਜਨਸੰਖਿਆ ਮੰਤਰਾਲੇ ਦੇ ਸਕੱਤਰ ਮਿੰਟ ਕਵਾਇੰਗ ਨੇ ਸਮਝੌਤੇ ਦੀ ਪੁਸ਼ਟੀ ਕੀਤੀ, ਪਰ ਇਸ ਦੇ ਨਾਲ ਇਹ ਵੀ ਕਿਹਾ ਕਿ ਇਸ ਦਾ ਵੇਰਵਾ ਨਹੀਂ ਦਿੱਤਾ ਜਾ ਸਕਦਾ। ਬੰਗਲਾ ਦੇਸ਼ ਦੇ ਵਿਦੇਸ਼ ਮੰਤਰੀ ਅਲੀ ਨੇ ਕਿਹਾ ਕਿ ਇਹ ਸ਼ੁਰੂਆਤ ਹੈ। ਅਸੀਂ ਹੁਣ ਇਸ ਉੱਤੇ ਕੰਮ ਸ਼ੁਰੂ ਕਰਨਾ ਹੈ। ਮਿਆਂਮਾਰ ਰੋਹਿੰਗਿਆ ਮੁਸਲਮਾਨਾਂ ਨੂੰ ਵਾਪਸ ਲੈ ਲਵੇਗਾ। ਅਜੇ ਇਹ ਸਾਫ ਨਹੀਂ ਕਿ ਕਿੰਨੇ ਰੋਹਿੰਗਿਆ ਦੀ ਵਾਪਸੀ ਹੋਵੇਗੀ ਅਤੇ ਇਸ ਦਾ ਤੈਅ ਸਮਾਂ ਕਿੰਨਾ ਹੋਵੇਗਾ। ਮਨੁੱਖੀ ਅਧਿਕਾਰ ਸੰਗਠਨਾਂ ਨੇ ਵਾਪਸੀ ਦੀ ਪ੍ਰਕਿਰਿਆ ਬਾਰੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰੋਹਿੰਗਿਆ ਮੁਸਲਮਾਨਾਂ ਦਾ ਮੁੜ ਵਸੇਬਾ ਕਿੱਥੇ ਕੀਤਾ ਜਾਵੇਗਾ। ਉਨ੍ਹਾਂ ਦੇ ਸੈਂਕੜੇ ਪਿੰਡਾਂ ਨੂੰ ਅੱਗ ਲਾ ਦਿੱਤੀ ਗਈ ਹੈ। ਮਿਆਂਮਾਰ ‘ਚ ਉਨ੍ਹਾਂ ਦੀ ਸੁਰੱਖਿਆ ਕਿਵੇਂ ਹੋਵੇਗੀ, ਜਿਥੇ ਮੁਸਲਮਾਨ ਵਿਰੋਧੀ ਭਾਵਨਾ ਬਹੁਤ ਜ਼ਿਆਦਾ ਹੈ। ਇਹ ਸਮਝੌਤਾ ਪੋਪ ਫਰਾਂਸਿਸ ਦੀ ਦੋਵਾਂ ਦੇਸ਼ਾਂ ਦੀ ਸੰਭਾਵਿਤ ਯਾਤਰਾ ਤੋਂ ਪਹਿਲਾਂ ਕੀਤਾ ਗਿਆ ਹੈ। ਵਰਨਣ ਯੋਗ ਹੈ ਕਿ 25 ਅਗਸਤ ਨੂੰ ਰੋਹਿੰਗਿਆ ਬਾਗੀਆਂ ਵੱਲੋਂ ਪੁਲਸ ਚੌਕੀਆਂ ‘ਤੇ ਹਮਲਾ ਕਰਨ ਤੋਂ ਬਾਅਦ ਰਖਾਈਨ ਸੂਬੇ ‘ਚ ਫੌਜ ਨੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਸੀ।