ਰੋਹਿੰਗਾ ਸ਼ਰਨਾਰਥੀਆਂ ਦੀ ਬੇੜੀ ਡੁੱਬਣ ਨਾਲ 20 ਮੌਤਾਂ

rohinda boat sank

ਢਾਕਾ, 1 ਸਤੰਬਰ (ਪੋਸਟ ਬਿਊਰੋ)- ਮਿਆਂਮਾਰ ਦੇ ਰਖਾਇਨ ਸੂਬੇ ਵਿੱਚ ਫੌਜ ਤੇ ਬਾਗੀਆਂ ਵਿਚਾਲੇ ਹਿੰਸਕ ਮੁਕਾਬਲੇ ਦੇ ਬਾਅਦ ਰੋਹਿੰਗਾ ਸ਼ਰਨਾਰਥੀ ਸੰਕਟ ਫਿਰ ਮਾਨਵੀ ਤ੍ਰਾਸਦੀ ‘ਚ ਬਦਲਦਾ ਜਾ ਰਿਹਾ ਹੈ। ਸ਼ਰਨਾਰਥੀਆਂ ਨਾਲ ਲੱਦੀ ਇਕ ਬੇੜੀ ਮਿਆਂਮਾਰ ਅਤੇ ਬੰਗਲਾ ਦੇਸ਼ ਨੂੰ ਵੰਡਣ ਵਾਲੀ ਨਫ ਨਦੀ ਵਿੱਚ ਡੁੱਬ ਗਈ। ਇਸ ਹਾਦਸੇ ‘ਚ 11 ਬੱਚਿਆਂ ਸਮੇਤ 20 ਲੋਕਾਂ ਦੀ ਮੌਤ ਹੋ ਗਈ।
ਦੱਸਿਆ ਜਾਂਦਾ ਹੈ ਕਿ ਮਿਆਂਮਾਰ ਦੀ ਫੌਜ ਨੇ ਸ਼ਰਨਾਰਥੀਆਂ ਨਾਲ ਭਰੀ ਬੇੜੀ ‘ਤੇ ਗੋਲੀ ਚਲਾ ਦਿੱਤੀ। ਰੋਹਿੰਗਾ ਬਾਗੀਆਂ ਨੇ ਪਿਛਲੇ ਹਫਤੇ ਰਖਾਇਨ ਸੂਬੇ ‘ਚ ਪੁਲਸ ਦੇ 30 ਨਾਕਿਆਂ ਅਤੇ ਇਕ ਫੌਜੀ ਅੱਡੇ ‘ਤੇ ਇਕੱਠੇ ਹਮਲਾ ਕਰ ਦਿੱਤਾ ਸੀ। ਉਸ ਦੇ ਬਾਅਦ ਫੌਜ ਨੇ ਮੁਹਿੰਮ ਚਲਾ ਰੱਖੀ ਹੈ। ਪਿਛਲੇ ਛੇ ਦਿਨਾਂ ‘ਚ ਬੰਗਲਾ ਦੇਸ਼ ਸਰਹੱਦ ਨਾਲ ਲੱਗਦੇ ਕਾਕਸ ਬਾਜ਼ਾਰ ‘ਚ 27,400 ਸ਼ਰਨਾਰਥੀ ਰਜਿਸਟ੍ਰੇਸ਼ਨ ਕਰਾ ਚੁੱਕੇ ਹਨ। ਕਰੀਬ 20 ਹਜ਼ਾਰ ਬੇਘਰ ਰੋਹਿੰਗਾ ਸਰਹੱਦ ਉੱਤੇ ਫਸੇ ਹੋਏ ਹਨ। ਫੌਜੀ ਕਾਰਵਾਈ ਤੋਂ ਬਚਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਰੋਹਿੰਗਾ ਮੁਸਲਿਮ ਬੰਗਲਾ ਦੇਸ਼ ਨੂੰ ਹਿਜਰਤ ਕਰ ਰਹੇ ਹਨ। ਨਫ ਨਦੀ ਪਾਰ ਕਰਨ ਲਈ ਟੁੱਟੀਆਂ ਬੇੜੀਆਂ ਦੀ ਮਦਦ ਲਈ ਜਾ ਰਹੀ ਹੈ। ਸ਼ਰਨਾਰਥੀਆਂ ਨਾਲ ਭਰੀ ਅਜਿਹੀ ਇਕ ਬੇੜੀ ਨਦੀ ਵਿੱਚ ਡੁੱਬ ਗਈ। ਬੰਗਲਾ ਦੇਸ਼ ਬਾਰਡਰ ਗਾਰਡ ਪੁਲਸ ਨੇ ਗੋਲੀ ਚਲਾਈ ਸੀ। ਹਾਲੇ ਇਹ ਤੈਅ ਨਹੀਂ ਕਿ ਬਾਕੀ ਦੇ ਲੋਕ ਵੀ ਉਸੇ ਹਾਦਸੇ ਦੇ ਸ਼ਿਕਾਰ ਬਣੇ ਜਾਂ ਦੂਜੀ ਬੇੜੀ ‘ਚ ਸਵਾਰ ਸਨ।
ਕਾਕਸ ਬਾਜ਼ਾਰ ਆਰਜ਼ੀ ਕੈਂਪ ‘ਚ ਰਹਿਣ ਵਾਲੀ ਰੋਹਿੰਗਾ ਮੁਸਲਿਮ ਸ਼ਰਨਾਰਥੀ ਮੁਹੰਮਦ ਰਾਸ਼ਿਦ ਨੇ ਕਿਹਾ ਕਿ ਮਿਆਂਮਾਰ ਦੀ ਫੌਜ ਨੇ ਉਨ੍ਹਾਂ ‘ਤੇ ਗੋਲੀ ਵੀ ਚਲਾਈ, ਜਿਸ ਦੇ ਛਰੇ ਨਾਲ ਉਨ੍ਹਾਂ ਦੀ ਅੱਖ ਵਿੱਚ ਗੰਭੀਰ ਜ਼ਖਮ ਹੋ ਗਿਆ ਹੈ। ਉਨ੍ਹਾਂ ਮੁਤਾਬਕ ਉਹ ਤਕਰੀਬਨ ਸੌ ਲੋਕਾਂ ਨਾਲ ਬੰਗਲਾ ਦੇਸ਼ ਚਲੇ ਗਏ ਸਨ। ਰਸਤੇ ਵਿੱਚ ਧਮਾਕੇ ਅਤੇ ਗੋਲੀਬਾਰੀ ਕਾਰਨ ਦੋ ਦਿਨਾਂ ਤੱਕ ਜੰਗਲ ਵਿੱਚ ਲੁਕੇ ਰਹੇ।