ਰੋਹਿਤ ਸ਼ਰਮਾ ਦੀ ਧਮਾਕੇਦਾਰ ਬੱਲੇਬਾਜੀ ਦੇ ਸਦਕਾ ਭਾਰਤ ਨੇ ਸੀਰੀਜ਼ ‘ਚ ਕੀਤੀ ਬਰਾਬਰੀ

 

 

 

-ਸ੍ਰੀਲੰਕਾ ਨੂੰ 141 ਦੌੜਾਂ ਦੇ ਫਰਕ ਦੇ ਨਾਲ ਹਰਾਇਆ,  ਰੋਹਿਤ ਨੇ  ਬਣਾਈਆਂ (ਨਾਬਾਦ) 208 ਦੌੜਾਂ 

ਮੋਹਾਲੀ, 14 ਦਸੰਬਰ (ਪੋਸਟ ਬਿਉਰੋ)-  ਕਾਰਜਕਾਰੀ ਕਪਤਾਨ ਰੋਹਿਤ ਸ਼ਰਮਾ ਨੇ ਅੱਜ ਆਪਣੇ ਕਰੀਅਰ ਦੇ ਤੀਜੇ ਦੂਹਰੇ ਸੈਂਕੜੇ ਬਾਅਦ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਅੱਗੇ ਭਾਰਤ ਨੇ ਦੂਜੇ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਵਿੱਚ ਸ੍ਰੀਲੰਕਾ ਨੂੰ 141 ਦੌੜਾਂ ਦੇ ਫਰਕ ਦੇ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਇੱਕ ਵਾਰ 1-1 ਮੈਚ ਨਾਲ ਬਰਾਬਰ ਕਰ ਦਿੱਤੀ ਹੈ।
ਸ੍ਰੀਲੰਕਾ ਨੇ ਧਰਮਸ਼ਾਲਾ ਵਿੱਚ ਪਹਿਲਾਂ ਗੇਂਦਬਾਜ਼ੀ ਕਰਨ ਦੇ ਫੈਸਲੇ ਨੂੰ ਇੱਥੇ ਟਾਸ ਜਿੱਤ ਕੇ ਫਿਰ ਦੁਹਰਾਇਆ ਪਰ ਅੱਜ ਇਹ ਫੈਸਲਾ ਰਾਸ ਨਾਲ ਆਇਆ। ਰੋਹਿਤ ਨੇ ਆਪਣੀ ਤੂਫਾਨੀ ਬੱਲੇਬਾਜ਼ੀ ਪਾਰੀ ਵਿੱਚ 12 ਛੱਕਿਆਂ ਅਤੇ 13 ਚੌਕਿਆਂ ਦੀ ਮੱਦਦ ਨਾਲ ਨਾਬਾਦ 208 ਦੌੜਾਂ ਦਾ ਯੋਗਦਾਨ ਪਾਇਆ, ਜਿਸ ਨਾਲ ਭਾਰਤ 392 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕਰਨ ਵਿੱਚ ਕਾਮਯਾਬ ਰਿਹਾ। ਸ੍ਰੀਲੰਕਾ ਦੇ ਖਿਲਾਫ਼ ਇਹ ਭਾਰਤ ਦਾ ਤੀਜਾ ਸਭ ਤੋਂ ਵੱਡਾ ਸਕੋਰ ਹੈ। ਸ੍ਰੀਲੰਕਾ ਦੀ ਟੀਮ ਇਸ ਦੇ ਜਵਾਬ ਵਿੱਚ ਅੱਠ ਵਿਕਟਾਂ ਉੱਤੇ 251 ਦੌੜਾਂ ਹੀ ਬਣਾ ਸਕੀ ਜਿਨ੍ਹਾਂ ਵਿੱਚ ਕਪਤਾਨ ਏਂਜਲੋ ਮੈਥਿਊਜ਼ (ਨਾਬਾਦ 111) ਦਾ  ਸਭ ਤੋਂ ਵੱਡਾ ਯੋਗਦਾਨ ਰਿਹਾ। ਮੈਥਿਊਜ਼ ਨੇ ਆਪਣੀ 132 ਗੇਂਦਾਂ ਦੀ ਪਾਰੀ ਵਿੱਚ ਤਿੰਨ ਛੱਕੇ ਅਤੇ 9 ਚੌਕੇ ਮਾਰੇ।
ਸ੍ਰੀਲੰਕਾ ਨੂੰ ਆਖਰੀ ਦਸ ਓਵਰਾਂ ਵਿੱਚ ਜਿੱਤ ਲਈ 190 ਦੌੜਾਂ ਦੀ ਲੋੜ ਸੀ। ਮੈਚ ਦੇ ਵਿੱਚ ਇਸ ਦੌਰਾਨ ਸਿਰਫ ਮੈਥਿਊਜ਼ ਦੇ ਸੈਂਕੜੇ ਨੂੰ ਲੈ ਕੇ ਹੀ ਰੁਚੀ ਬਚੀ ਸੀ। ਉਹ ਇਸ ਪਾਰੀ ਦੌਰਾਨ ਇੱਕ ਰੋਜ਼ਾ ਵਿੱਚ 5000 ਦੌੜਾਂ ਪੂਰੀਆਂ ਕਰਨ ਵਾਲਾ ਸ੍ਰੀਲੰਕਾ ਦਾ ਦਸਵਾਂ ਬੱਲੇਬਾਜ਼ ਬਣਿਆ। ਇਸ ਤੋਂ ਪਹਿਲਾਂ ਭਾਰਤ ਲਈ ਕਰੋ ਜਾਂ ਮਰੋ ਦੇ ਮੁਕਾਬਲੇ ਵਿੱਚ ਰੋਹਿਤ ਨੇ ਤੂਫਾਨੀ ਬੱਲੇਬਾਜ਼ੀ ਕਰਦਿਆਂ 115 ਗੇਂਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ। ਉਸਨੇ ਫਿਰ ਅਗਲੀਆਂ 36 ਗੇਂਦਾਂ ਵਿੱਚ ਦੂਹਰਾ ਸੈਂਕੜਾ ਸਿਰਜ ਦਿੱਤਾ। ਰੋਹਿਤ ਦੇ ਬੱਲੇ ਵਿੱਚੋਂ ਨਿਕਲਦੇ ਅੰਬਾਰਾਂ ’ਚੋ ਕਈ ਨਵੇਂ ਰਿਕਾਰਡ ਬਣੇ। ਬਤੌਰ ਕਪਤਾਨ ਇਹ ਉਸਦਾ ਪਹਿਲਾ ਸੈਂਕੜਾ ਹੈ। ਆਪਣਾ ਦੂਜਾ ਇੱਕ ਰੋਜ਼ਾ ਖੇਡ ਰਹੇ ਅਈਅਰ ਨੇ ਰੋਹਿ ਦਾ ਬਾਖ਼ੂਬੀ ਸਾਥ ਦਿੱਤਾ ਅਤੇ 70 ਗੇਂਦਾਂ ਵਿੱਚ 9 ਚੌਕਿਆਂ ਅਤੇ ਦੋ ਛੱਕਿਆਂ ਦੀ ਮੱਦਦ ਨਾਲ 88 ਦੌਡਾ ਬਣਾਈਆਂ। ਰੋਹਿਤ ਨੇ ਇਸ ਮੈਦਾਨ ਵਿੱਚ ਕਪਤਾਨ ਵਿਰਾਟ ਕੋਹਲੀ ਦਾ ਸਭ ਤੋਂ ਵੱਧ 154 ਦੌੜਾਂ ਬਣਾਉਣ ਦਾ ਰਿਕਾਰਡ ਵੀ ਤੋੜ ਦਿੱਤਾ। ਭਾਰਤ ਦੇ ਗੇਂਦਬਾਜ਼ਾਂ ਲੈੱਗ ਸਪਿੰਨਰ ਯੁਜਵੇਂਦਰ ਚਾਹਲ ਤਿੰਨ ਵਿਕਟਾਂ ਅਤੇ ਜਸਪ੍ਰੀਤ ਬਮਰਾ ਨੇ ਦੋ ਵਿਕਟਾਂ ਲੈ ਕੇ ਭਾਰਤ ਦੀ ਜਿੱਤ ਦਾ ਝੰਡਾ ਲਹਿਰਾਉਣ ਵਿੱਚ ਯੋਗਦਾਨ ਪਾਇਆ। ਹੁਣ ਭਾਰਤ ਤੇ ਸ੍ਰ੍ੀਲੰਕਾ ਦੀਆਂ ਟੀਮਾਂ ਤੀਜੇ ਤੇ ਅੰਤਿਮ ਮੈਚ ਵਿੱਚ 17 ਦਸੰਬਰ ਨੂੰ ਵਿਸ਼ਾਖਾਪਟਨਮ ਵਿੱਚ ਆਹਮੋ -ਸਾਹਮਣੇ ਹੋਣਗੀਆਂ।