ਰੋਸ਼ਨ 35 ਘੰਟੇ ਬਾਅਦ ਬੋਰ-ਵੈੱਲ ਵਿੱਚ ਰਹਿਣ ਪਿੱਛੋਂ ਨਿਕਲਿਆ


ਖਾਤੇਗਾਂਵ (ਦੇਵਾਸ), 12 ਮਾਰਚ (ਪੋਸਟ ਬਿਊਰੋ)- ਮੱਧ ਪ੍ਰਦੇਸ਼ ਦੇ ਦੇਵਾਸ ਜ਼ਿਲ੍ਹੇ ਦੇ ਗ੍ਰਾਮ ਉਮਰੀਆ ਵਿੱਚ ਸ਼ਨੀਵਾਰ ਨੂੰ ਬੋਰਿੰਗ ਵਿੱਚ ਡਿੱਗੇ ਚਾਰ ਸਾਲ ਦੇ ਰੋਸ਼ਨ ਨੂੰ ਸਾਢੇ 35 ਘੰਟੇ ਬਾਅਦ ਐਤਵਾਰ ਰਾਤ ਸੁਰੱਖਿਅਤ ਬਾਹਰ ਕੱਢਿਆ ਗਿਆ। ਉਸ ਨੂੰ ਐਂਬੂਲੈਂਸ ਵਿੱਚ ਮਾਂ ਰੇਖਾ ਦੇਵੜਾ ਨਾਲ ਖਾਤੇਗਾਂਵ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ। ਬੱਚੇ ਦੀ ਹਾਲਤ ਠੀਕ ਹੈ। ਉਸ ਨੇ ਡਾਕਟਰ ਤੋਂ ਬਿਸਕੁਟ ਮੰਗੇ। ਮਾਤਾ-ਪਿਤਾ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਇਸ ਤੋਂ ਪਹਿਲਾਂ ਫੌਜ ਦੇ ਹਵਾਲਦਾਰ ਅਵਤਾਰ ਸਿੰਘ ਹੀਰੋ ਬਣ ਕੇ ਸਾਹਮਣੇ ਆਏ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਕਿਉਂ ਨਾ ਫਾਹਾ ਬਣਾ ਕੇ ਦੋ ਰੱਸੀਆਂ ਬੋਰਵੈਲ ਵਿੱਚ ਸੁੱਟ ਦਿੱਤੀਆਂ ਜਾਣ ਅਤੇ ਸ਼ਾਇਦ ਬੱਚਾ ਇਸ ਵਿੱਚ ਫਸ ਕੇ ਬਾਹਰ ਆ ਜਾਏ। ਅਧਿਕਾਰੀਆਂ ਦੀ ਮਨਜ਼ੂਰੀ ਮਿਲਦੇ ਸਾਰ ਇਸ ‘ਤੇ ਅਮਲ ਕੀਤਾ ਗਿਆ। ਜਦ ਇਸ ਯੋਜਨਾ ਉੱਤੇ ਅਮਲ ਕੀਤਾ ਜਾ ਰਿਹਾ ਸੀ ਤਾਂ ਇਸ ਦੌਰਾਨ ਰੋਸ਼ਨ ਸੌਂ ਗਿਆ। 15 ਮਿੰਟ ਬਾਅਦ ਉਹ ਜਾਗਿਆ ਤਾਂ ਉਸ ਨੂੰ ਦੋਵੇਂ ਹੱਥ ਫਾਹੇ ਵਿੱਚ ਪਾਉਣ ਲਈ ਕਿਹਾ ਗਿਆ। ਜਦੋਂ ਉਸ ਨੇ ਹੱਥ ਪਾਏ, ਉਸ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਵਰਨਣ ਯੋਗ ਹੈ ਕਿ ਪਿੰਡ ਕਾਂਜੀਪੁਰਾ ਦਾ ਰੋਸ਼ਨ ਪੁੱਤਰ ਭੀਮ ਸਿੰਘ ਸ਼ਨੀਵਾਰ ਸਵੇਰੇ ਭਰਾਵਾਂ ਨਾਲ ਖੇਡ ਰਿਹਾ ਸੀ, ਇਸ ਦੌਰਾਨ ਉਹ ਹੀਰਾ ਲਾਲ ਜਾਟ ਦੇ ਖੇਤ ਵਿੱਚ 40 ਫੁੱਟ ਡੂੰਘੇ ਖੁੱਲ੍ਹੇ ਬੋਰਵੈਲ ਵਿੱਚ ਡਿੱਗ ਗਿਆ ਅਤੇ 27 ਫੁੱਟ ਦੀ ਡੂੰਘਾਈ ਵਿੱਚ ਜਾ ਫਸਿਆ। ਤਦ ਤੋਂ ਪ੍ਰਸ਼ਾਸਨ ਦੇ ਅਧਿਕਾਰੀਆਂ ਸਮੇਤ ਫੌਜ ਅਤੇ ਐੱਸ ਡੀ ਈ ਆਰ ਐੱਫ ਦੇ ਮੈਂਬਰ ਉਸ ਨੂੰ ਸੁਰੱਖਿਅਤ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ। ਐਤਵਾਰ ਦੁਪਹਿਰ ਬੱਚੇ ਦੀ ਮਾਂ ਰੇਖਾ ਦੀ ਉਸ ਨਾਲ ਗੱਲ ਹੋਈ। ਪਿਤਾ ਭੀਮ ਸਿੰਘ ਨਾਲ ਗੱਲ ਕਰਦੇ ਹੋਏ ਰੋਸ਼ਨ ਨੇ ਕਿਹਾ ਕਿ ਬਾਹਰ ਆ ਕੇ ਸਮੋਸਾ ਖਾਵਾਂਗਾ ਅਤੇ ਨਵੀਂ ਚੱਪਲ ਵੀ ਲੈਣੀ ਹੈ।