ਰੋਮਾਂਚਕ ਮੁਕਾਬਲੇ ਵਿਚ ਭਾਰਤ ਨੇ ਬੰਗਲਾਦੇਸ਼ ਨੂੰ 4 ਵਿਕਟਾਂ ਨਾਲ ਹਰਾ ਕੇ ਜਿੱਤੀ ਨਿਧਾਸ ਟੀ-20 ਟਰਾਫੀ

 

ਦਿਨੇਸ਼ ਕਾਰਤਿਕ ਦੀਆਂ ਤਾਬਡ਼ਤੋਡ਼ ਅੱਠ ਗੇਂਦਾਂ ’ਤੇ 29 ਦੌਡ਼ਾਂ ਦੀ ਬਦੌਲਤ ਭਾਰਤ ਨੇ ਨਿਧਾਸ ਟੀ-20 ਤ੍ਰਿਕੋਣੀ ਦੇ ਫਾਈਨਲ ਮੁਕਾਬਲੇ ਵਿੱਚ ਬੰਗਲਾਦੇਸ਼ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਟਰਾਫੀ ਜਿੱਤ ਲਈ ਹੈ। ਮੈਨ ਆਫ਼ ਦਿ ਮੈਚ ਦਿਨੇਸ਼ ਕਾਰਤਿਕ ਨੂੰ ਐਲਾਨਿਆ ਗਿਆ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਬੰਗਲਾਦੇਸ਼ ਦੀ ਟੀਮ ਨੇ ਭਾਰਤ ਸਾਹਮਣੇ ਅੱਠ ਵਿਕਟਾਂ ਪਿੱਛੇ 166 ਦੌਡ਼ਾਂ ਦਾ ਚੁਣੌਤੀਪੂਰਨ ਟੀਚਾ ਰੱਖਿਆ ਸੀ, ਜਿਸ ਨੂੰ ਭਾਰਤ ਨੇ ਛੇ ਵਿਕਟਾਂ ਗੁਆ ਕੇ ਪੂਰਾ ਕਰ ਲਿਆ। ਇਹ ਮੁਕਾਬਲਾ ਕਾਫ਼ੀ ਦਿਲਚਸਪ ਸੀ। ਭਾਰਤੀ ਕਪਤਾਨ ਰੋਹਿਤ ਨੇ 42 ਗੇਂਦਾਂ ’ਤੇ ਚਾਰ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 56 ਦੌਡ਼ਾਂ ਬਣਾਈਆਂ। ਸ਼ਿਖਰ ਧਵਨ ਤੋਂ ਹਾਲਾਂਕਿ ਕਾਫ਼ੀ ਉਮੀਦਾਂ ਸਨ ਪਰ ਉਹ ਵੀ ਦਸ ਦੌਡ਼ਾਂ ਬਣਾ ਕੇ ਆਊਟ ਹੋ ਗਿਆ। ਸੁਰੇਸ਼ ਰੈਣਾ ਇਸ ਵਾਰ ਕੋਈ ਕਮਾਲ ਨਹੀਂ ਕਰ ਪਾਇਆ ਅਤੇ ਬਿਨਾ ਖਾਤਾ ਖੋਲ੍ਹੇ ਹੀ ਆਊਟ ਹੋ ਗਿਆ। ਲੋਕੇਸ਼ ਰਾਹੁਲ ਨੇ 14 ਗੇਂਦਾਂ ’ਤੇ 24 ਦੌਡ਼ਾਂ ਬਣਾਈਆਂ। ਮਨੀਸ਼ ਪਾਂਡੇ ਕਾਫ਼ੀ ਹੱਦ ਤਕ ਵਧੀਆ ਖੇਡਿਆ ਜਿਸ ਨੇ 27 ਗੇਂਦਾਂ ਵਿੱਚ 28 ਦੌਡ਼ਾਂ ਬਣਾਈਆਂ। ਬੰਗਲਾਦੇਸ਼ ਵੱਲੋਂ ਰੁਬੇਲ ਹਸਨ ਨੇ ਦੋ ਵਿਕਟਾਂ ਲਈਆਂ, ਜਦੋਂਕਿ ਸ਼ਕੀਬ ਅਲ ਹਸਨ, ਮੇਹਦੀ ਹਸਨ, ਨਜ਼ਮਲ ਇਸਲਾਮ, ਮੁਜ਼ਤਾਫਿਜ਼ੁਰ ਰਹਿਮਾਨ ਅਤੇ ਸੌਮਿਆ ਸਰਕਾਰ ਨੇ ਇੱਕ-ਇੱਕ ਵਿਕਟ ਲਈ।
ਬੰਗਲਾਦੇਸ਼ ਦੇ ਬੱਲੇਬਾਜ਼ ਸ਼ੱਬੀਰ ਰਹਿਮਾਨ ਨੇ ਸੱਤ ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ 50 ਗੇਂਦਾਂ ’ਤੇ 77 ਦੌਡ਼ਾਂ ਦੀ ਪਾਰੀ ਖੇਡੀ। ਭਾਰਤੀ ਫਿਰਕੀ ਗੇਂਦਬਾਜ਼ਾਂ ਨੇ ਪਹਿਲੇ ਪੰਜ ਓਵਰਾਂ ਵਿੱਚ ਬੰਗਲਾਦੇਸ਼ ਦੇ ਚੋਟੀ ਦੇ ਬੱਲੇਬਾਜ਼ਾਂ ਨੂੰ 33 ਦੌਡ਼ਾਂ ’ਤੇ ਆਊਟ ਕਰ ਦਿੱਤਾ ਸੀ। ਅਜਿਹੇ ਸਮੇਂ ਰਹਿਮਾਨ ਦੀ ਭੂਮਿਕਾ ਅਹਿਮ ਰਹੀ ਜਿਸ ਨੇ ਸ਼ਾਨਦਾਰ ਅਰਧ ਸੈਂਕਡ਼ਾ ਪਾਰੀ ਖੇਡੀ। ਅੱਠਵੇਂ ਨੰਬਰ ਦੇ ਬੱਲੇਬਾਜ਼ ਮੇਹਦੀ ਹਸਨ ਨੇ ਸੱਤ ਗੇਂਦਾਂ ’ਤੇ ਨਾਬਾਦ 19 ਦੌਡ਼ਾਂ ਬਣਾਈਆਂ।
ਭਾਰਤੀ ਗੇਂਦਬਾਜ਼ਾਂ ਨੇ ਆਖ਼ਰੀ ਛੇ ਓਵਰਾਂ ਵਿੱਚ 66 ਦੌਡ਼ਾਂ ਦਿੱਤੀਆਂ। ਫਿਰਕੀ ਗੇਂਦਬਾਜ਼ ਯੁਜ਼ਵੇਂਦਰ ਚਾਹਲ ਨੇ ਚਾਰ ਓਵਰਾਂ ਵਿੱਚ 18 ਦੌਡ਼ਾਂ ਦੇ ਕੇ ਤਿੰਨ ਵਿਕਟਾਂ ਲੈ ਕੇ ਸਰਵੋਤਮ ਪ੍ਰਦਰਸ਼ਨ ਕੀਤਾ। ਵਾਸ਼ਿੰਗਟਨ ਸੁੰਦਰ ਨੇ 20 ਦੌਡ਼ਾਂ ਦੇ ਕੇ ਇੱਕ ਵਿਕਟ ਅਤੇ ਜੈਦੇਵ ਉਨਾਦਕਟ ਨੇ 33 ਦੌਡ਼ਾਂ ਦੇ ਕੇ ਦੋ ਵਿਕਟਾਂ ਲਈਆਂ। ਸ਼ਰਦੁਲ ਠਾਕੁਰ ਅਤੇ ਵਿਜੇ ਸ਼ੰਕਰ ਨੇ ਕ੍ਰਮਵਾਰ 45 ਅਤੇ 48 ਦੌਡ਼ਾਂ ਦਿੱਤੀਆਂ ਅਤੇ ਕੋਈ ਵਿਕਟ ਨਹੀਂ ਲਈ। ਆਫ ਸਪਿੰਨਰ ਵਾਸ਼ਿੰਗਟਨ ਸੁੰਦਰ ਨੇ ਹਮੇਸ਼ਾ ਵਾਂਗ ਪਾਵਰਪਲੇਅ ਵਿੱਚ ਕਿਫ਼ਾਇਤੀ ਗੇਂਦਬਾਜ਼ੀ ਕੀਤੀ। ਉਨ੍ਹਾਂ ਇਸ ਦੌਰਾਨ ਦੋ ਓਵਰਾਂ ਵਿੱਚ ਸਿਰਫ਼ ਪੰਜ ਦੌਡ਼ਾਂ ਦਿੱਤੀਆਂ ਅਤੇ ਲਿੱਟਨ ਦਾਸ (11) ਦੀ ਵਿਕਟ ਲਈ। ਉਨਾਦਕਟ ਨੂੰ ਪੈ ਰਹੀਆਂ ਦੌਡ਼ਾਂ ਤੋਂ ਤੰਗ ਆ ਕੇ ਰੋਹਿਤ ਨੇ ਚਾਹਲ ਨੂੰ ਗੇਂਦਬਾਜ਼ੀ ਸੌਂਪੀ, ਜਿਸ ਨੇ ਦੋ ਵਿਕਟਾਂ ਲਈਆਂ। ਇਸ ਮੌਕੇ ਤਮੀਮ ਇਕਬਾਲ (15) ਦਾ ਸ਼ਾਟ ਛੱਕੇ ਲਈ ਜਾ ਰਿਹਾ ਸੀ ਪਰ ਲਾਂਗ ਆਨ ਬਾਉਂਡਰੀ ’ਤੇ ਸ਼ਰਦੁਲ ਠਾਕੁਰ ਨੇ ਇਸ ਨੂੰ ਕੈਚ ਵਿੱਚ ਬਦਲ ਦਿੱਤਾ।