ਰੋਣ ਵਿੱਚ ਮਾਹਿਰ ਇਲਿਆਨਾ

ileana d'cruz
ਹੁਣੇ ਜਿਹੇ ਰਿਲੀਜ਼ ਫਿਲਮ ‘ਬਾਦਸ਼ਾਹੋ’ ਵਿੱਚ ਇਲਿਆਨਾ ਡਿਕਰੂਜ਼ ਨੇ ਮਹਾਰਾਣੀ ਗੀਤਾਂਜਲੀ ਦੀ ਭੂਮਿਕਾ ਪੂਰੀ ਸ਼ਿੱਦਤ ਨਾਲ ਨਿਭਾਈ ਹੈ। ਉਸ ਨੂੰ ਆਪਣੇ ਕਿਰਦਾਰਾਂ ਨਾਲ ਪੂਰੀ ਤਰ੍ਹਾਂ ਜੁੜ ਜਾਣਾ ਪਸੰਦ ਹੈ, ਕਿਉਂਕਿ ਉਹ ਬਹੁਤ ਸੰਵੇਦਨਸ਼ੀਲ ਅਤੇ ਭਾਵੁਕ ਹੈ, ਅਕਸਰ ਉਸ ਦੇ ਅੱਥਰੂ ਉਂਝ ਹੀ ਨਿਕਲ ਜਾਂਦੇ ਹਨ। ਫਿਲਮ ਦੇ ਸੈਟ ‘ਤੇ ਉਹ ਇਸ ਤਰ੍ਹਾਂ ਭਾਵੁਕ ਹੋਈ ਕਿ ਸ਼ੂਟਿੰਗ ਦੇ ਆਖਰੀ ਦਿਨ ਉਸ ਦੀਆਂ ਅੱਖਾਂ ਵਿੱਚੋਂ ਅੱਥਰੂ ਨਿਕਲ ਗਏ। ਇਲਿਆਨਾ ਨੇ ਕਿਹਾ, ‘ਮੈਂ ਫਿਲਮ ਦੇ ਕਿਰਦਾਰ ਗੀਤਾਂਜਲੀ ਨਾਲ ਇਸ ਤਰ੍ਹਾਂ ਜੁੜ ਗਈ ਸੀ ਕਿ ਕਿਰਦਾਰ ਨੂੰ ਜਿਊਣ ਲੱਗੀ ਸੀ। ਇਸੇ ਕਰ ਕੇ ਨਹੀਂ ਚਾਹੁੰਦੀ ਸੀ ਕਿ ਇਸ ਕਿਰਦਾਰ ਦੀ ਸ਼ੂਟਿੰਗ ਖਤਮ ਹੋਵੇ। ਫਿਲਮ ਦਾ ਆਖਰੀ ਸੀਨ ਵੀ ਗੀਤਾਂਜਲੀ ‘ਤੇ ਆਧਾਰਤ ਸੀ ਜੋ ਇਮੋਸ਼ਨਲ ਸ਼ਾਟ ਸੀ। ਇਸ ਆਖਰੀ ਸੀਨ ਨੂੰ ਫਿਲਮਾਉਣ ਤੋਂ ਪਹਿਲਾਂ ਮੇਰੇ ਅੱਥਰੂ ਨਿਕਲ ਪਏ ਕਿਉਂਕਿ ਸੈਟ ਤੋਂ ਨਹੀਂ ਜਾਣਾ ਚਾਹੁੰਦੀ ਸੀ। ਮੈਂ ਬਹੁਤ ਭਾਵੁਕ ਤੇ ਅਪਸੈੱਟ ਹੋ ਗਈ, ਜਦੋਂ ਸ਼ੂਟ ਸ਼ੁਰੂ ਹੋਇਆ ਮੈਂ ਖੁਦ ਨੂੰ ਸੰਭਾਲ ਨਹੀਂ ਸਕੀ ਅਤੇ ਬੱਚਿਆਂ ਵਾਂਗ ਰੋਣ ਲੱਗੀ। ਮੈਂ ਏਦਾਂ ਰੋ ਰਹੀ ਸੀ ਕਿ ਮੈਨੂੰ ਲੱਗਾ ਕਿ ਅਜੈ ਦੇਵਗਨ ਮੈਨੂੰ ਦੇਖ ਕੇ ਡਰ ਗਏ ਸਨ।”
ਇਲਿਆਨਾ ਅਨੁਸਾਰ ਉਸ ਨੂੰ ਲੱਗਦਾ ਹੈ ਕਿ ਉਹ ਗੀਤਾਂਜਲੀ ਦੇ ਕਿਰਦਾਰ ਨਾਲ ਇਸ ਲਈ ਜੁੜ ਗਈ ਕਿਉਂਕਿ ਇਹ ਇੱਕ ਪਾਵਰਫੁੱਲ ਸੈਕਸੀ ਮਹਿਲਾ ਦਾ ਕਿਰਦਾਰ ਸੀ, ਜਿਸ ਨੂੰ ਪਤਾ ਹੈ ਕਿ ਉਸ ਨੂੰ ਕੀ ਚਾਹੀਦੀ ਹੈ ਅਤੇ ਆਪਣੇ ਦਮ ‘ਤੇ ਉਸ ਨੂੰ ਕਿਵੇਂ ਹਾਸਲ ਕਰਨਾ ਹੈ। ਉਂਝ ਇਲਿਆਨਾ ਨਾਲ ਇਹ ਪਹਿਲੀ ਵਾਰ ਨਹੀਂ ਹੋਇਆ। ਫਿਲਮ ‘ਰੁਸਤਮ’ ਅਤੇ ‘ਬਰਫੀ’ ਦੇ ਭਾਵੁਕ ਦਿ੍ਰਸ਼ਾਂ ਦੀ ਸ਼ੂਟਿੰਗ ਦੌਰਾਨ ਵੀ ਕਈ ਵਾਰ ਉਸ ਦੇ ਅੱਥਰੂ ਨਿਕਲ ਜਾਂਦੇ ਸਨ। ਇਲਿਆਨਾ ਅਨੁਸਾਰ “ਫਿਲਮ ‘ਬਰਫੀ’ ਦੌਰਾਨ ਬਹੁਤ ਵਾਰ ਮੈਂ ਰੋ ਪਈ। ਅਸਲ ਵਿੱਚ ਇਸ ਫਿਲਮ ਦੇ ਸਾਰੇ ਭਾਵੁਕ ਦਿ੍ਰਸ਼ਾਂ ਵਿੱਚ ਸੱਚਮੁੱਚ ਮੈਂ ਰੋ ਰਹੀ ਸੀ। ਫਿਲਮ ‘ਰੁਸਤਮ’ ਵਿੱਚ ਅਕਸ਼ੈ ਕੁਮਾਰ ਨਾਲ ਸਾਰੇ ਭਾਵੁੁਕ ਦਿ੍ਰਸ਼ਾਂ ਵਿੱਚ ਵੀ ਮੈਂ ਅਸਲ ਵਿੱਚ ਰੋ ਰਹੀ ਸੀ। ਮੈਂ ਇੱਕ ਬੱਚੀ ਦੀ ਤਰ੍ਹਾਂ ਇਸ ਤਰ੍ਹਾਂ ਰੋਈ ਕਿ ਮੇਰੀ ਹਾਲਤ ਬਹੁਤ ਬੁਰੀ ਸੀ। ਹਾਲਾਂਕਿ ਫਿਲਮ ‘ਬਾਦਸ਼ਾਹੋ’ ਵਿੱਚ ਇੱਕ ਹੀ ਆਖਰੀ ਦਿ੍ਰਸ਼ ਭਾਵੁਕ ਸੀ।”