ਰੋਟੀ

-ਹਰਮਿੰਦਰ ਸਿੰਘ ਭੱਟ
ਅਨਾਥ ਗਰੀਬ ਦਾਸ, ਜੋ 12 ਸਾਲ ਵਿੱਚ ਹੀ ਆਪਣੀ ਉਮਰ ਨਾਲੋਂ ਵੱਧ ਸਿਆਣਾ ਸੀ, ਨੂੰ ਉਸ ਦੀ ਜ਼ਮੀਰ ਨੇ ਭੁੱਖ ਮਿਟਾਉਣ ਲਈ ਛੋਟੀ ਉਮਰ ਵਿੱਚ ਮੰਗ ਕੇ ਨਾ ਖਾਣ ਤੇ ਦਿਹਾੜੀ ਜੋਤਾ ਕਰ ਕੇ ਢਿੱਡ ਭਰਨਾ ਸਿਖਾ ਦਿੱਤਾ ਸੀ।
…ਪਰ ਇਹ ਜ਼ਾਲਮ ਦੁਨੀਆ ਵੀ ਦੇਖੋ, ਗਰੀਬ ਦਾਸ ਚਾਰ ਦਿਨਾਂ ਤੋਂ ਭੁੱਖਣ ਭਾਣੇ ਕੰਮ ਤੇ ਭੋਜਨ ਦੀ ਭਾਲ ਵਿੱਚ ਇੱਕ ਰੇਹੜੀ ਵਾਲੇ ਕੋਲ ਜਾ ਪੁੱਜਾ। ਰੇਹੜੀ ਵਾਲੇ ਦਾ ਮੁੰਡਾ ਕੰਮ ‘ਤੇ ਨਾ ਆਇਆ ਹੋਣ ਕਰ ਕੇ ਉਸ ਨੇ ਗਰੀਬ ਦਾਸ ਨੂੰ ਸਾਰਾ ਦਿਨ ਭਾਂਡੇ ਧੋਣ ਬਦਲੇ ਖਾਣਾ ਦੇਣ ਦਾ ਲਾਲਚ ਦਿੱਤਾ। ਗਰੀਬ ਦਾਸ ਖੁਸ਼ ਸੀ ਕਿ ਉਹ ਬੜੇ ਦਿਨਾਂ ਬਾਅਦ ਅੱਜ ਮਿਹਨਤ ਦੀ ਰੋਟੀ ਖਾਣ ਜਾ ਰਿਹਾ ਹੈ। ਜਦੋਂ ਰੇਹੜੀ ਵਾਲੇ ਨੇ ਜਾਣ ਦੀ ਤਿਆਰੀ ਕੀਤੀ ਤਾਂ ਗਰੀਬ ਦਾਸ ਨੇ ਆਪਣੀ ਰੋਟੀ ਬਾਰੇ ਪੁੱਛਿਆ। ਦੁਕਾਨਦਾਰ ਹੱਸਦਿਆਂ ਆਖਣ ਲੱਗਾ ਕਿ ”ਲੈ ਜੇ ਤੇਰੇ ਹੱਥ ਇਸ ਪਲੇਟ ਤੱਕ ਪਹੁੰਚ ਗਿਆ ਤਾਂ ਖਾਣਾ ਤੇਰਾ, ਨਹੀਂ ਤਾਂ ਨਹੀਂ…।” ਏਨਾ ਸੁਣ ਕੇ ਗਰੀਬ ਦਾਸ ਰੋਟੀ ਲੈਣ ਇੱਕ ਵਾਰ ਫਿਰ ਤੋਂ ਤਰਲੇ ਲੈਣ ਲੱਗ ਪਿਆ।