ਰੋਚਕ ਹੈ ਸਿਆਸਤਦਾਨਾਂ ਦੀ ‘ਬਲਾਈਂਡ ਡੇਟਿੰਗ’

ਉਂਟੇਰੀਓ ਦੇ ਸਿਆਸਤਦਾਨ (ਐਮ ਪੀ, ਐਮ ਪੀ ਪੀ ਅਤੇ ਸਿਟੀ ਕਾਉਂਸਲਰਾਂ) ਨੂੰ ਵਿਰੋਧੀ ਵਿਚਾਰਧਾਰਾ ਦੇ ਸਿਆਸਤਦਾਨਾਂ ਨਾਲ ਡੇਟਿੰਗ ਕਰਨ ਜਾਇਆ ਕਰਨਗੇ।

ਡੇਟਿੰਗ ਤੋਂ ਭਾਵ ਇੱਕ ਵਿਅਕਤੀ ਦਾ ਰੁਮਾਂਚਕ ਖਿਆਲ ਨਾਲ ਕਿਸੇ ਹੋਰ ਵਿਅਕਤੀ ਨਾਲ ਗੱਲਬਾਤ ਕਰਨ ਲਈ ਬਾਹਰ ਜਾਣਾ ਹੁੰਦਾ ਹੈ। ਡੇਟਿੰਗ ਇੱਕ ਉਹ ਵਰਤਾਰਾ ਹੈ ਜਿਸ ਵਿੱਚ ‘ਅਣਜਾਣੇ ਦੇ ਸੱਚ’ ਹੋ ਜਾਣ ਦੀ ਸੰਭਾਵਨਾ ਹਮੇਸ਼ਾ ਬਣੀ ਰਹਿੰਦੀ ਹੈ, ਪਰ ਕਿਸੇ ਅਨੋਭੜ ਵਿਅਕਤੀ ਨਾਲ ‘ਡੇਟਿੰਗ’ ਉੱਤੇ ਜਾਣ ਸਦਕਾ ਕਿਸੇ ‘ਅਣਜਾਣੀ ਗੱਲ’ ਦੇ ਵਾਪਰ ਜਾਣ ਦੀ ਸੰਭਾਵਨਾ ਹੋਰ ਵੀ ਵੱਧ ਹੁੰਦੀ ਹੈ। ਅਨੋਭੜ ਵਿਅਕਤੀ (ਜਿਸ ਨਾਲ ਤੁਹਾਡੀ ਪਹਿਲਾਂ ਜਾਣ ਪਹਿਚਾਣ ਨਹੀਂ ਹੈ) ਨਾਲ ਡੇਟਿੰਗ ਕਰਨ ਨੂੰ ਆਧੁਨਿਕ ਕਲਚਰ ਵਿੱਚ ‘ਬਲਾਈੰਂਡ ਡੇਟਿੰਗ’ ਭਾਵ ‘ਅੰਨ੍ਹੀ ਮੁਹਬੱਤੀ ਮਿਲਣੀ’ ਆਖਦੇ ਹਨ ਜੋ ਆਪਣੇ ਆਪ ਵਿੱਚ ਇੱਕ ਦਿਲਚਸਪ ਵਰਤਾਰਾ ਹੈ। ਪਰ ਜੇ ਬਲਾਈਂਡ ਡੇਟਿੰਗ ਉੱਤੇ ਜਾਣ ਵਾਲੇ ਵਿਰੋਧੀ ਵਿਚਾਰਧਾਰਾਵਾਂ ਵਾਲੇ ਸਿਆਸਤਦਾਨ ਹੋਣ ਤਾਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅਜਿਹੀ ਡੇਟਿੰਗ ਕਿੰਨੀ ਦਿਲਚਸਪ ਹੋਵੇਗੀ।

ਟੈਲੀਵੀਜ਼ਨ ਉਂਟੇਰੀਓ ਭਾਵ ਟੀ ਵੀ ਓ (TVO, television Onatrio) ਵੱਲੋਂ ਛੇ ਐਪੀਸੋਡਾਂ ਦੀ ਇੱਕ ਸੀਰੀਜ਼ ਬਣਾਈ ਜਾ ਰਹੀ ਹੈ ਜਿਸਦਾ ਪਹਿਲਾ ਐਪੀਸੋਡ ਇਸ ਆਰਟੀਕਲ ਦੇ ਲਿਖਣ ਤੱਕ ਕੱਲ ਸ਼ਾਮ 9 ਵਜੇ ਨਸ਼ਰ ਹੋ ਚੁੱਕਾ ਹੋਵੇਗਾ। ਇਸ ਪ੍ਰੋਗਰਾਮ ਦੀ ਵਿਸ਼ੇਸ਼ਤਾ ਇਹ ਹੋਵੇਗੀ ਕਿ ਇਸ ਵਿੱਚ ਇੱਕ ਖਾਸ ਪਾਰਟੀ ਦੇ ਐਮ ਪੀ, ਐਮ ਪੀ ਪੀ ਜਾਂ ਨੂੰ ਸਿਟੀ ਕਾਉਂਸਲਰ ਵਿਰੋਧੀ ਵਿਚਾਰਧਾਰਾ ਦੇ ਸਿਆਸਤਦਾਨ ਨਾਲ ਇੱਕ ਦਿਨ ਦੀ ਡੇਟਿੰਗ ਉੱਤੇ ਭੇਜਿਆ ਜਾਵੇਗਾ। ਸਿਆਸੀ ਮਸਲਿਆਂ ਦੀ ਡੂੰਘਾਈ ਨਾਲ ਰਿਪੋਰਟਿੰਗ ਦੇ ਮਾਮਲੇ ਵਿੱਚ ਇਹ ਪਹਿਲੀ ਵਾਰ ਤਜੁਰਬਾ ਕੀਤਾ ਜਾ ਰਿਹਾ ਹੈ ਜਿੱਥੇ ਸਿਆਸਤਦਾਨਾਂ ਨੂੰ ਗੱਲਬਾਤ ਕਰਨ ਲਈ ਉਹਨਾਂ ਦੀ ਮਨਪੰਸਦ ਥਾਂ ਉੱਤੇ ਖੁੱਲਾ ਛੱਡ ਦਿੱਤਾ ਜਾਵੇਗਾ।

ਇਸ ਪ੍ਰੋਗਰਾਮ ਨੂੰ ਉਸ ਸਾਰੇ ਵਰਤਾਰੇ ਦੇ ਤੋੜ ਵਜੋਂ ਵੇਖਿਆ ਜਾ ਰਿਹਾ ਹੈ ਜਿਸ ਵਿੱਚ ਸਿਆਸਤਦਾਨਾਂ ਵੱਲੋਂ ਇੱਕ ਦੂਜੇ ਦੇ ਖਿਆਲਾਂ ਪ੍ਰਤੀ ਨਾਂਪੱਖੀ ਗੱਲਾਂ ਕਰਨ ਕਰਕੇ ਵੱਡੀ ਪੱਧਰ ਉੱਤੇ ਲੋਕ ਸਿਆਸਤ ਨੂੰ ਚੰਗਾ ਨਹੀਂ ਸਮਝਦੇ। ਖਾਸ ਕਰਕੇ ਯੂਥ ਵਿੱਚ ਸਿਆਸਤ ਵਿੱਚੋਂ ਕੁੱਝ ਚੰਗਾ ਨਿਕਲਣ ਨੂੰ ਲੈ ਕੇ ਬਹੁਤ ਭਾਰੀ ਮਾਯੂਸੀ ਪਾਈ ਜਾਂਦੀ ਹੈ। ਟੀ ਵੀ ਓ (TVO) ਵੱਲੋਂ ਕੀਤੇ ਜਾਣ ਵਾਲੇ ਇਸ ਤਜੁਰਬੇ ਨੂੰ ਸਿਆਸੀ ਵਰਤਾਰੇ ਦੀ ਪੈੜ ਨੱਪਣ ਵਾਲੇ ਮਾਹਰਾਂ ਵੱਲੋਂ ਇੱਕ ਸਮਾਜਕ ਪਰੀਖਣ (Social experiment) ਵਜੋਂ ਵੇਖਿਆ ਜਾ ਰਿਹਾ ਹੈ। ਵਿਰੋਧੀ ਮੱਤ ਵਾਲੇ ਸਿਆਸਤਦਾਨ ਮੁੱਦਿਆਂ ਉੱਤੇ ਸਿਆਸੀ ਰਾਮ ਘਚੋਲੇ ਦੇ ਢਾਂਚੇ ਵਿੱਚੋਂ ਬਾਹਰ ਨਿਕਲ ਕੇ ਬਿਨਾ ਕੋਈ ਪੂਰਵ ਤਿਆਰੀ ਕੀਤਿਆਂ ਕਿਸੇ ਅਹਿਮ ਮੁੱਦੇ ਉੱਤੇ ਗੱਲ ਦਾ ਇਹ ਤਜੁਰਬਾ ਪਹਿਲੀ ਵਾਰ ਹੋ ਰਿਹਾ ਹੈ, ਬਲਾਈਂਡ ਡੇਟਿੰਗ।

ਸ਼ੋਅ ਦੇ ਪਹਿਲੇ ਐਪੀਸੋਡ ਵਿੱਚ ਲਿਬਰਲ ਐਮ ਪੀ ਨੈਥਨੀਅਲ ਐਰਸਕੀਨ-ਸਮਿਥ ਨੂੰ ਕੰਜ਼ਰਵੇਟਿਵ ਐਮ ਪੀ ਗਾਰਨੈੱਟ ਜੀਨੀਅਸ ਨਾਲ ਬਲਾਈਂਡ ਡੇਟ ਉੱਤੇ ਮੈਰੀਉਆਨਾ ਦੇ ਮੁੱਦੇ ਉੱਤੇ ਵਿਚਾਰ ਸਾਂਝੇ ਕਰਦੇ ਹੋਏ ਵਿਖਾਇਆ ਜਾਵੇਗਾ। ਸੁਭਾਵਿਕ ਹੈ ਕਿ ਲਿਬਰਲ ਐਮ ਪੀ ਮੈਰੀਉਆਨਾ ਦੇ ਹੱਕ ਵਿੱਚ ਹੈ ਅਤੇ ਕੰਜ਼ਰਵੇਟਿਵ ਐਮ ਪੀ ਇਸਦੇ ਵਿਰੋਧ ਵਿੱਚ ਗੱਲ ਕਰੇਗਾ ਪਰ ਹਾਂ ਪੱਖੀ ਮਾਈਂਡਸੈੱਟ (mindset) ਨਾਲ। ਇੱਕ ਹੋਰ ਐਪੀਸੋਡ ਵਿੱਚ ਟੋਰਾਂਟੋ ਦਾ ਸਿਟੀ ਕਾਉਂਸਲਰ ਜੀਓਰਜੀਓ ਮੈਮੋਲਿਟੀ ਅਤੇ ਲੰਡਨ ਉਂਟੇਰੀਓ ਦੇ ਮੇਅਰ ਮੈਟ ਬਰਾਊਨ ਨਾਲ ਸੇਫ ਇੰਜੈਕਸ਼ਨ ਸਾਈਟ ਬਾਰੇ ਡੇਟਿੰਗ ਕਰਨ ਜਾਣਗੇ। ਇਵੇਂ ਹੀ ਐਨ ਡੀ ਪੀ ਲੀਡਰ ਜਗਮੀਤ ਸਿੰਘ ਦਾ ਇੱਕ ਡੇਟਿੰਗ ਦੌਰਾਨ ਟੋਰਾਂਟੋ ਦੇ ਧੱਕੜ ਸਿਆਸਤਦਾਨ ਡੱਗ ਫੋਰਡ ਨਾਲ ਮੁਹਬੱਤੀ ਭੇੜ ਹੋਵੇਗਾ।

ਸੁਆਲ ਪੈਦਾ ਹੁੰਦਾ ਹੈ ਕਿ ਕੀ ਇਹੋ ਜਿਹਾ ਪਰੀਖਣ ਕੈਨੇਡਾ ਵੱਸਦੇ ਪੰਜਾਬੀ ਭਾਈਚਾਰੇ ਦੇ ਵੱਖ ਵੱਖ ਅਦਾਰਿਆਂ ਦੇ ਆਗੂਆਂ ਨਾਲ ਵੀ ਕੀਤਾ ਜਾ ਸਕਦਾ ਹੈ? ਬਹੁਤ ਵਾਰ ਵੇਖਣ ਵਿੱਚ ਆਉਂਦਾ ਹੈ ਕਿ ਕੈਨੇਡੀਅਨ ਪੰਜਾਬੀ ਭਾਈਚਾਰੇ ਦੀਆਂ ਸੰਸਥਾਵਾਂ (ਖੇਡ, ਧਾਰਮਿਕ, ਸਮਾਜਿਕ ਜਾਂ ਸਿਆਸੀ) ਦੇ ਆਗੂ ਇੱਕ ਖਾਸ ਵਿੱਥ ਬਣਾ ਕੇ ਮਸਲਿਆਂ ਬਾਰੇ ਗੱਲ ਕਰਦੇ ਹਨ। ਕੀ ਇਹ ਸੰਭਵ ਹੈ ਕਿ ਕਬੱਡੀ ਕਲੱਬਾਂ ਜਾਂ ਗੁਰਦੁਆਰਾ ਸਾਹਿਬ ਦੇ ਕੰਟਰੋਲ ਨੂੰ ਲੈ ਕੇ ਅਕਸਰ ਚੱਲਣ ਵਾਲੇ ਵਿਵਾਦ ਬਾਰੇ ਸਿਹਤਮੰਦ ਚਰਚਾ ਕਰਨ ਲਈ ਦੋ ਵੱਖਰੇ ਧੜਿਆਂ ਦੇ ਆਗੂ ਨਿਰੱਪਖ ਹੋ ਕੇ ਬਿਨਾ ਕਿਸੇ ਪੂਰਵ ਤਿਆਰੀ ਤੋਂ ‘ਡੇਟਿੰਗ’ ਉੱਤੇ ਚਲੇ ਜਾਣ! ਕਿਉਂਕਿ ਕੈਮਰੇ ਦੀ ਅੱਖ ਤੋਂ ਬਿਨਾ ਉਹਨਾਂ ਨੂੰ ਕੋਈ ਵੇਖਣ ਵਾਲਾ ਨਹੀਂ ਹੋਵੇਗਾ (ਕੋਈ ਹਮਾਇਤੀ ਜਾਂ ਸਲਾਹ ਦੇਣ ਵਾਲਾ ਵੀ ਨਹੀਂ), ਅਜਿਹੀ ਗੱਲਬਾਤ ਵਿੱਚੋਂ ਕਮਿਉਨਿਟੀ ਨੂੰ ਮਸਲੇ ਬਾਰੇ ਆਗੂਆਂ ਦੀ ਪਹੁੰਚ ਬਾਰੇ ਨਿਵੇਕਲਾ ਗਿਆਨ ਹੋਣ ਦੀਆਂ ਸੰਭਾਵਨਾਵਾਂ ਬਣਦੀਆਂ ਹਨ।

ਕੀ ਇਹ ਦਿਲਚਸਪ ਨਹੀਂ ਕਿ ਕਮਿਉਨਿਟੀ ਨੂੰ ਦਰਪੇਸ਼ ਮਸਲਿਆਂ ਨੂੰ ਨਿਵੇਕਲੇ ਦ੍ਰਿਸ਼ਟੀਕੋਣ ਤੋਂ ਵਿਚਾਰਨ ਦੇ ਅਵਸਰ ਖੋਜੇ ਜਾਣ!