ਰੋਚਕ ਹੈ ਡਰੱਗਾਂ ਨੂੰ ਕ੍ਰਿਮੀਨਲ ਲਿਸਟ ਤੋਂ ਬਾਹਰ ਕਰਨ ਦਾ ਲਿਬਰਲ ਯਤਨ

“ਇਹ ਮਤਾ ਪਾਸ ਕੀਤਾ ਜਾਂਦਾ ਹੈ ਕਿ ਕੈਨੇਡਾ ਸਰਕਾਰ ਡਰੱਗ ਦੀ ਦੁਰਵਰਤੋਂ ਨੂੰ ਇੱਕ ਸਿਹਤ ਦੇ ਮੁੱਦੇ ਵਜੋਂ ਲਵੇ, ਇਲਾਜ ਅਤੇ ਨੁਕਸਾਨ ਘੱਟ ਕਰਨ ਵਾਲੀਆਂ ਸੇਵਾਵਾਂ ਨੂੰ ਹੋਰ ਵਧਾਇਆ ਜਾਵੇ ਅਤੇ ਥੋੜੀ ਮਾਤਰਾ ਵਿੱਚ ਡਰੱਗ ਰੱਖਣ ਅਤੇ ਉਹਨਾਂ ਦੇ ਸੇਵਨ ਕਰਨ ਨੂੰ ਇੱਕ ਪ੍ਰਸ਼ਾਸਿ਼ਨਕ ਉਲੰਘਣਾ ਵਜੋਂ ਕਲਾਸੀਫਾਈ ਕੀਤਾ ਜਾਵੇ” ਇਹ ਸ਼ਬਦ ਹੂਬਹੂ ਉਸ ਮਤੇ ਦੇ ਹਨ ਜੋ ਲਿਬਰਲ ਪਾਰਟੀ ਨੇ ਕੈਨੇਡਾ ਭਰ ਵਿੱਚ ਨਸਿ਼ਆਂ ਨੂੰ ਇੱਕ ਖਾਸ ਮਾਤਰਾ ਤੱਕ ਰੱਖਣ ਨੂੰ ਕ੍ਰਿਮੀਨਲ ਕੋਡ ਤੋਂ ਬਾਹਰ ਕਰਨ ਲਈ ਸਰਕਾਰ ਨੂੰ ਕਿਹਾ ਹੈ। ਅਸਲ ਵਿੱਚ ਇਹ ਮਤਾ ਉਹਨਾਂ 39 ਮਤਿਆਂ ਦਾ ਹਿੱਸਾ ਹੈ ਜੋ ਲਿਬਰਲ ਪਾਰਟੀ ਵੱਲੋਂ ਆਨਲਾਈਨ ਪਾਏ ਗਏ ਹਨ ਜਿਹਨਾਂ ਉੱਤੇ ਪਾਰਟੀ ਵਫਾਦਾਰ 14 ਫਰਵਰੀ ਤੱਕ ਆਪਣੇ ਵਿਚਾਰ ਰੱਖ ਸਕਦੇ ਹਨ।

ਪੇਸ਼ ਕੀਤੇ ਗਏ 39 ਮਤਿਆਂ ਵਿੱਚ ਆਪਸੀ ਸਹਿਮਤੀ ਨਾਲ ਪੈਸੇ ਦਾ ਲੈਣ ਦੇਣ ਕਰਕੇ ਸੈਕਸ ਕਰਨ ਅਤੇ ਸੈਕਸ ਦੇ ਧੰਦੇ (ਵੇਸਵਾਗਮਨੀ) ਨੂੰ ਕ੍ਰਿਮੀਨਲ ਕੋਡ ਵਿੱਚੋਂ ਬਾਹਰ ਕੱਢਣਾ ਵੀ 39 ਮਤਿਆਂ ਵਿੱਚ ਸ਼ਾਮਲ ਹੈ। ਅਪਰੈਲ 2018 ਵਿੱਚ ਹੈਲੀਫੈਕਸ ਨੋਵਾ ਸਕੋਸ਼ੀਆ ਵਿੱਚ ਹੋਣ ਜਾ ਰਹੀ ਲਿਬਰਲ ਕਨਵੈਨਸ਼ਨ ਦੌਰਾਨ ਇਹਨਾਂ 39 ਮਤਿਆਂ ਵਿੱਚੋਂ 30 ਉੱਤੇ ਕੌਮੀ ਕਨਵੈਨਸ਼ਨ ਦੌਰਾਨ ਵਿਚਾਰ ਕੀਤੀ ਜਾਵੇਗੀ। ਕਨਵੈਨਸ਼ਨ ਦੌਰਾਨ ਹੋਈਆਂ ਬਹਿਸਾਂ ਤੋਂ ਬਾਅਦ ਵਿਚਾਰੇ ਗਏ 30 ਮਤਿਆਂ ਵਿੱਚੋਂ 15 ਨੂੰ ਪ੍ਰਾਥਮਕਤਾ ਵਾਲੇ ਮਤਿਆਂ ਵਜੋਂ ਪਰਵਾਨਗੀ ਦਿੱਤੀ ਜਾਵੇਗੀ।

ਨਸਿ਼ਆਂ ਅਤੇ ਸੈਕਸ ਦੇ ਧੰਦੇ ਨੂੰ ਕ੍ਰਿਮੀਨਲ ਕੋਡ ਤੋਂ ਬਾਹਰ ਕੀਤੇ ਜਾਣ ਦੀ ਗੱਲ ਅਗਲੇ ਦਿਨਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਰਹੇਗੀ। ਐਨ ਡੀ ਪੀ ਦੇ ਆਗੂ ਜਗਮੀਤ ਸਿੰਘ ਵੱਲੋਂ ਪਹਿਲਾਂ ਦੀ ਸਰਕਾਰ ਉੱਤੇ ਨਸਿ਼ਆਂ ਨੂੰ ਕ੍ਰਿਮੀਨਲ ਕੋਡ ਤੋਂ ਬਾਹਰ ਰੱਖਣ ਲਈ ਦਬਾਅ ਪਾਇਆ ਜਾ ਰਿਹਾ ਹੈ। ਕੰਜ਼ਰਵੇਟਿਵ ਪਾਰਟੀ ਦੀ ਸਥਿਤੀ ਲਿਬਰਲ ਅਤੇ ਐਨ ਡੀ ਪੀ ਦੋਵਾਂ ਨਾਲੋਂ ਵੱਖਰੀ ਹੈ। ਉਹ ਅਜਿਹੇ ਕਿਸੇ ਮੁਹਾਜ਼ ਨੂੰ ਖੋਲਣਾ ਨਹੀਂ ਚਾਹੁੰਦੇ ਜਿਸ ਨਾਲ ਨਸਿ਼ਆਂ ਦੀ ਵਰਤੋਂ ਉਤਸ਼ਾਹਿਤ ਹੁੰਦੀ ਹੈ।

ਲਿਬਰਲ ਪਾਰਟੀ ਕਾਕਸ ਵੱਲੋਂ ਨਸਿ਼ਆਂ ਬਾਰੇ ਇਸ ਪਹੁੰਚ ਦਾ ਉਸ ਵੇਲੇ ਅਪਣਾਇਆ ਜਾਣਾ ਰੋਚਕ ਹੈ ਜਦੋਂ ਸਰਕਾਰ ਨੂੰ ਮੈਰੀਉਆਨਾ ਭਾਵ ਭੰਗ ਨੂੰ 1 ਜੁਲਾਈ 2018 ਤੋਂ ਕਨੂੰਨੀ ਬਣਾਉਣ ਲਈ ਕਈ ਕਿਸਮ ਦੀਆਂ ਅਟਕਲਾਂ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ। ਇਹ ਗੱਲ ਵੀ ਦਿਲਚਸਪ ਹੈ ਕਿ ਸਰਕਾਰ ਨੇ ਹਾਲੇ ਮੈਰੀਉਆਨਾ ਨੂੰ ਲਾਗੂ ਕਰਨ ਤੋਂ ਬਾਅਦ ਪੈਦਾ ਹੋਣ ਵਾਲੀ ਸਥਿਤੀ ਦਾ ਅਨੁਭਵ ਹਾਲੇ ਗ੍ਰਹਿਣ ਨਹੀਂ ਕੀਤਾ ਹੈ ਪਰ ਲਿਬਰਲ ਪਾਰਟੀ ਨਸਿ਼ਆਂ ਬਾਬਤ ਨਵੇਂ ਮੁੱਦਿਆਂ ਨੂੰ ਛੇੜਨ ਵਿੱਚ ਰੁਚੀ ਵਿਖਾ ਰਹੀ ਹੈ।

ਲਿਬਰਲ ਪਾਰਟੀ ਕਾਕਸ ਵੱਲੋਂ ਨਸਿ਼ਆਂ ਬਾਰੇ ਪਹੁੰਚ ਨੂੰ ਪੁਰਤਗਾਲ ਦੇ ਵਿੱਚ ਲਾਗੂ ਕੀਤੇ ਗਏ ਮਾਡਲ ਤੋਂ ਪ੍ਰਭਾਵਿਤ ਹੋ ਕੇ ਅਪਣਾਇਆ ਜਾਣਾ ਕਿੰਨਾ ਕੁ ਸਹੀ ਸਾਬਤ ਹੋਵੇਗਾ? ਹਰ ਮੁਲਕ ਦੀ ਜ਼ਮੀਨੀ ਸਥਿਤੀ ਵੱਖਰੀ ਹੁੰਦੀ ਹੈ। ਕੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਰਿਸਕੀ ਮਤੇ ਨੂੰ ਹੱਲਾਸ਼ੇਰੀ ਦੇਣਗੇ ਜਾਂ ਕਾਕਸ ਨੂੰ ਥੋੜੀ ਦੇਰ ‘ਥੋੜਾ ਹੋ ਲਿਬਰਲ ਹੋਣ ਤੋਂ’ ਵਰਜੇ ਜਾਣ ਦੀ ਸਲਾਹ ਦੇਣਗੇ।

ਹਰ ਕਿਸਮ ਦੇ ਨਸ਼ੇ ਨੂੰ (ਬੇਸ਼ੱਕ ਥੋੜੀ ਮਾਤਰਾ ਵਿੱਚ ਹੀ ਸਹੀ) ਕ੍ਰਿਮੀਨਲ ਕੋਡ ਚੋਂ ਬਾਹਰ ਕਰਨਾ ਇੱਕ ਖਤਰਨਾਕ ਰੁਝਾਨ ਹੋ ਸਕਦਾ ਹੈ। ਕੋਕੇਨ ਵਰਗੇ ਨਸ਼ੇ ਬੇਸ਼ੱਕ ਥੋੜੀ ਮਾਤਰਾ ਵਿੱਚ ਲਏ ਜਾਣ, ਪਰ ਹਨ ਬਹੁਤ ਖਤਰਨਾਕ, ਖਾਸ ਕਰਕੇ ਜੇ ਇਹਨਾਂ ਦੀ ਆਦਤ ਛੋਟੀ ਉਮਰ ਵਿੱਚ ਪੈ ਜਾਵੇ। ਸਰਕਾਰ ਵੱਲੋਂ ਮਨੋਰੰਜਨ ਲਈ ਭੰਗ ਨੂੰ ਕਨੂੰਨੀ ਬਣਾਉਣ ਅਤੇ ਬਾਕੀ ਹਰ ਕਿਸਮ ਦੇ ਨਸਿ਼ਆਂ ਨੂੰ ਸਮਾਜ ਵਿੱਚ ਪਰਵਾਨਗੀ ਦੇਣ ਦਾ ਰੁਝਾਨ ਉਹਨਾਂ ਮਾਪਿਆਂ ਲਈ ਸਿਰਦਰਦੀ ਬਣਦਾ ਹੈ ਜਿਹੜੇ ਆਪਣੇ ਬੱਚਿਆਂ ਨੂੰ ਨਸਿ਼ਆਂ ਦੀ ਵਰਤੋਂ ਦੇ ਖਿਲਾਫ਼ ਮੱਤ ਦੇਣ ਦੀ ਕੋਸਿ਼ਸ਼ ਕਰਦੇ ਹਨ।

ਸਿੱਖ ਕਮਿਉਨਿਟੀ ਵਿੱਚ ਕਈ ਮਾਪਿਆਂ (ਕੁੱਝ ਅ੍ਰਮਿਤਧਾਰੀ ਮਾਪਿਆਂ ਸਮੇਤ) ਲਈ ਆਪਣੇ ਬੱਚਿਆਂ ਨਾਲ ਨਸਿ਼ਆਂ ਖਾਸ ਕਰਕੇ ਭੰਗ ਬਾਰੇ ਸੰਵਾਦ ਕਰਨਾ ਵੀ ਔਖਾ ਹੋ ਰਿਹਾ ਹੈ। ਇੰਟਰਨੈੱਟ ਅਤੇ ਮੀਡੀਆ ਦੇ ਸਿਖਾਏ ਹੋਏ ਬੱਚੇ ਮਾਪਿਆਂ ਨੂੰ ਸਿੱਧੀ ਚੁਣੌਤੀ ਦੇਂਦੇ ਹਨ ਕਿ ਜੇ ਸਰਕਾਰ ਮਨੋਰੰਜਨ ਵਾਸਤੇ ਨਸ਼ਾ ਕਰਨ ਦੀ ਇਜ਼ਾਜਤ ਦੇਂ ਰਹੀ ਹੈ ਤਾਂ ਤੁਸੀਂ ਕੌਣ ਹੁੰਦੇ ਹੋ ਸਾਨੂੰ ਦੱਸਣ ਵਾਲੇ ਕਿ ਅਜਿਹਾ ਕਰਨਾ ਗਲਤ ਹੈ। ਕੀ ਤੁਸੀਂ ਸਰਕਾਰ ਤੋਂ ਵੀ ਵੱਧ ਜਾਣਦੇ ਹੋ?

ਸਿਆਸੀ ਮਾਹਰਾਂ ਦੀ ਰਾਏ ਹੈ ਕਿ ਇਹੋ ਜਿਹੇ ਮਤੇ ਪਾਸ ਕਰਨ ਨਾਲ ਲਿਬਰਲ ਪਾਰਟੀ ਲਈ ਨੌਜਵਾਨ ਵਰਗ ਦੀ ਹਮਾਇਤ ਹੋਰ ਮਜ਼ਬੂਤ ਹੋ ਜਾਂਦੀ ਹੈ। ਯੂਥ ਉਹ ਗਰੁੱਪ ਹੈ ਜੋ ਚਿਰਾਂ ਤੋਂ ਚੱਲੀ ਆ ਰਹੀਆਂ ਸਹੀ ਜਾਂ ਗਲਤ ਧਾਰਨਾਵਾਂ ਨੂੰ ਤੋੜ ਕੇ ਕੁੱਝ ਨਵਾਂ ਕਰਨ ਨੂੰ ਤਰਜੀਹ ਦੇਂਦਾ ਹੈ। ਨਵੇਂ ਅਨੁਭਵਾਂ ਦੇ ਦੂਰ ਰਸ ਸਿੱਟਿਆਂ ਬਾਰੇ ਸੋਚਣ ਦਾ ਸਮਾਂ ਯੂਥ ਦੇ ਉਸ ਵਰਗ ਕੋਲ ਘੱਟ ਹੀ ਹੁੰਦਾ ਹੈ ਜਿਹਨਾਂ ਨੂੰ ਨਸ਼ੇ ਅਤੇ ਸੈਕਸ ਅਤੇ ਹੋਰ ਆਕਰਸ਼ਣਾਂ ਕਾਰਣ ਜੀਵਨ ਰੰਗ ਬਿਰੰਗਾ ਵਿਖਾਈ ਦੇਂਦਾ ਹੈ।