ਰੈੱਡ ਵਿੱਲੋ ਕਲੱਬ ਨੇ ਵਿਸਾਖੀ ਦਿਵਸ ਮਨਾਇਆ

ਪਿਛਲੇ ਦਿਨੀਂ ਬਰੈਂਪਟਨ ਦੀ ਨਾਮਵਰ ਰੈੱਡ ਵਿੱਲੋ ਸੀਨੀਅਰਜ਼ ਕਲੱਬ ਨੇ ਰੈੱਡ ਵਿੱਲੋ ਪਬਲਿਕ ਸਕੂਲ ਦੇ ਜਿੱਮ ਹਾਲ ਵਿੱਚ ਵਿਸਾਖੀ ਦਿਹਾੜਾ ਮਨਾ ਕੇ ਆਪਣੇ ਵਿਰਸੇ ਨੂੰ ਯਾਦ ਕੀਤਾ। ਚਾਹ ਪਾਣੀ ਤੋਂ ਬਾਦ ਸਟੇਜ ਦੀ ਕਾਰਵਾਈ ਸ਼ੁਰੂ ਕਰਦਿਆਂ ਬਲਦੇਵ ਰਹਿਪਾ ਨੇ ਕਲੱਬ ਦੇ ਪਰਧਾਨ ਗੁਰਨਾਮ ਸਿੰਘ ਗਿੱਲ ਨੂੰ ਸਟੇਜ ਤੇ ਆਉਣ ਦਾ ਸੱਦਾ ਦਿੱਤਾ। ਗੁਰਨਾਮ ਸਿੰਘ ਗਿੱਲ ਨੇ ਸਭ ਨੂੰ ਜੀ ਆਇਆਂ ਕਹਿਣ ਤੋਂ ਬਾਦ ਇਸ ਸ਼ੁਭ ਦਿਹਾੜੇ ਸਬੰਧੀ ਕਿਹਾ ਕਿ ਸਾਨੂੰ ਆਪਣੇ ਤਿਉਹਾਰਾਂ ਅਤੇ ਵਿਰਸੇ ਤੋਂ ਸੇਧ ਲੈਂਦਿਆਂ ਜਾਤ-ਪਾਤ ਅਤੇ ਧਰਮਾਂ ਤੋਂ ਉੱਪਰ ਉੱਠ ਕੇ ਆਪਸੀ ਮਿਲਵਰਤਨ ਅਤੇ ਪਿਆਰ ਨਾਲ ਰਹਿਣਾ ਚਾਹੀਦਾ ਹੈ।                                   ਇਸ ਮੌਕੇ ਸਿਟੀ ਕਾਉਂਸਲਰ ਪੈਟ ਫੋਰਟੀਨੀ ਨੇ ਕਿਹਾ ਕਿ ਉਸ ਨੇ ਸੀਨੀਅਰਜ਼ ਦੀ ਸਹਾਇਤਾ ਲਈ ਤਨ-ਮਨ ਨਾਲ ਕੰਮ ਕੀਤਾ ਹੈ ਅਤੇ ਕਰਦਾ ਰਹਾਂਗਾ। ਇਸ ਦੇ ਨਾਲ ਹੀ ਉਸ ਨੇ ਬਰੈਂਪਟਨ ਵਿੱਚ ਬਣਨ ਜਾ ਰਹੀ ਯੁਨੀਵਰਸਿਟੀ ਬਾਰੇ ਕਿਹਾ ਕਿ ਯੁਨੀਵਰਸਿਟੀ ਲਈ ਰਾਹ ਪੱਧਰਾ ਹੋ ਗਿਆ ਹੈ ਤੇ ਇਸ ਦਾ ਕੰਪਲੈਕਸ ਡਾਉਨ ਟਾਉਨ ਵਿੱਚ ਬਣੇਗਾ ਤੇ ਇਸ ਗੱਲ ਦੀ ਪੂਰੀ  ਉਮੀਦ ਹੈ ਕਿ ਇਹ 2022 ਵਿੱਚ ਕਲਾਸਾਂ  ਸ਼ੁਰੂ ਹੋ ਜਾਣਗੀਆਂ। ਉਸ ਨੇ ਇਸ ਗੱਲ ਦਾ ਇੰਕਸ਼ਾਫ ਕੀਤਾ ਕਿ ਅਗਲੀ ਵਾਰ ਉਹ ਰੀਜਨਲ ਕਾਉਂਸਲਰ ਦੀ ਚੋਣ ਲੜੇਗਾ ਤੇ ਉਮੀਦ ਜਾਹਰ ਕੀਤੀ ਕਿ ਲੋਕ ਉਸ ਦੀ ਪਹਿਲਾਂ ਵਾਂਗ ਹੀ ਮੱਦਦ ਕਰਣਗੇ। ਐਮ ਪੀ ਰਮੇਸ਼ਵਰ ਸੰਘਾ ਨੇ ਕਲੱਬ ਨੂੰ ਉਸਦੀ ਵਧੀਆ ਕਾਰਗੁਜਾਰੀ ਲਈ ਵਧਾਈ ਦਿੰਦਿਆਂ ਕਿਹਾ ਕਿ ਉਹ ਖੁਦ ਸੀਨੀਅਰ ਹੋਣ ਦੇ ਨਾਤੇ ਸੀਨੀਅਰਜ਼ ਦੇ ਭਲੇ ਲਈ ਕੰਮ ਕਰਦਾ ਰਹਾਂਗਾ। ਜੰਗੀਰ ਸਿੰਘ ਸੈਂਭੀ ਨੇ ਆਪਸੀ ਪਿਆਰ, ਮਿਲਵਰਣਨ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਯਤਨਸ਼ੀਲ ਹੋਣ ਤੇ ਜੋਰ ਦਿੱਤਾ। ਅਮਰਜੀਤ ਸ਼ਰਮਾ ਨੇ ਇਹਿਾਸ ਤੋਂ ਪਰੇਰਨਾ ਲੈ ਕੇ ਚੰਗਾ ਜੀਵਣ ਜਿਉਣ ਦਾ  ਅਹਿਦ ਲੈਣ ਦੀ ਗੱਲ ਕਹੀ। ਅਵਤਾਰ ਸਿੰਘ ਬੈਂਸ ਨੇ ਹਵਾਈ ਸਫਰ, ਚੰਗੀ ਜੀਵਨ ਜਾਚ, ਨਸਿ਼ਆਂ ਬਾਰੇ ਅਤੇ ਕਲੱਬਾਂ ਵਿੱਚ ਪੈਂਦੀ ਫੁੱਟ ਬਾਰੇ ਆਪਣੇ ਵਿਚਾਰ ਪਰਗਟ ਕੀਤੇ। ਪਿੰ: ਬਲਕਾਰ ਸਿੰਘ ਬਾਜਵਾ ਨੇ ਕਨੇਡੀਅਨ ਸਮਾਜ ਨੂੰ ਬਜੁਰਗਾਂ ਦੀ ਦੇਣ ਬਾਰੇ ਕਿਹਾ ਕਿ ਬਜੁਰਗਾਂ ਦੁਆਰਾ ਬੱਚਿੱਆਂ ਦੀ ਸੁਚੱਜੇ ਢੰਗ ਨਾਲ ਪਾਲਣਾ, ਉਹਨਾਂ ਨੂੰ ਵਿਰਸੇ ਅਤੇ ਮਾਂ ਬੋਲੀ ਨਾਲ ਜੋੜਨਾ ਬਹੁਤ ਹੀ ਅਹਿਮ ਕਾਰਜ ਹਨ। ਪਰਮਜੀਤ ਬੜਿੰਗ ਨੇ ਬੋਲਦਿਆਂ ਕਿਹਾ ਕਿ ਜਿਸ ਭਾਵਨਾ ਨਾਲ ਖਾਲਸਾ ਪੰਥ ਦੀ ਸਥਾਪਨਾ ਹੋਈ ਸੀ ਉਹ ਅਲੋਪ ਹੈ। ਜਾਤ-ਪਾਤ ਖਤਮ ਹੋਣ ਦੀ ਥਾਂ ਜਾਤਾਂ ਦੇ ਨਾਂ ਤੇ ਵੱਖਰੇ ਗੁਰਦਵਾਰੇ ਉਸਾਰਨਾ ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ। ਵੱਡੇ ਵੱਡੇ ਨਗਰ ਕੀਰਤਨ ਕੱਢਣੇ, ਭਾਂਤ ਭਾਂਤ ਦੇ ਖਾਣਿਆਂ ਦੇ ਲੰਗਰ ਲਾਉਣੇ ਆਦਿ ਵਿਖਾਵਾ ਮਾਤਰ ਬਣ ਗਿਆ ਹੈ।  ਉਸ ਨੇ 27 ਮਈ ਦੇ ਪਿਕਨਿਕ ਅਤੇ ਟੂਰ ਬਾਰੇ ਜਾਣਕਾਰੀ  ਸਾਂਝੀ ਕੀਤੀ। ਉਸ ਨੇ ਆਪਣੀ ਪਤਨੀ ਬਲਵੀਰ ਬੜਿੰਗ ਦੀ ਖਰਾਬ ਹੋ ਰਹੀ ਸਿਹਤ ਬਾਰੇ ਵੀ ਮੈਂਬਰਾਂ ਨੂੰ ਜਾਣਕਾਰੀ ਦਿੱਤੀ। ਪਰੋਗਰਾਮ ਦੇ ਦੌਰਾਨ ਸਿ਼ਵਦੇਵ ਸਿੰਘ ਰਾਏ ਨੇ ਪੰਥਕ ਫੁੱਟ ਅਤੇ ਏਕਤਾ ਦੀ ਲੋੜ, ਨਿਰਮਲਾ ਪਰਾਸ਼ਰ ਨੇ ” ਯਾਦ ਗੁਰਾਂ ਨੂੰ ਕਰਿਆ ਕਰ” ਅਤੇ ਮਿ: ਲੈਡ ਨੇ ਧਾਰਮਿਕ ਗੀਤ ਪੇਸ਼ ਕੀਤੇ। ਇਸ ਪਰੋਗਰਾਮ ਨੂੰ ਸਫਲ ਬਣਾਉਣ ਲਈ ਸਟੇਜ ਤੋਂ ਸਾਰੇ ਮੈਂਬਰਾਂ ਅਤੇ ਖਾਸ ਕਰ ਕੇ ਚਾਹ ਪਾਣੀ ਅਤੇ ਖਾਣ ਪੀਣ ਦੇ ਵਧੀਆ ਪਰਬੰਧ ਲਈ ਮਹਿੰਦਰ ਕੌਰ ਪੱਡਾ, ਪਰਕਾਸ਼ ਕੌਰ, ਬਲਜੀਤ ਸੇਖੌਂ, ਚਰਨਜੀਤ ਕੌਰ ਰਾਏ, ਬਲਜੀਤ ਗਰੇਵਾਲ ਅਤੇ ਸਾਥਣਾ ਦਾ ਧੰਨਵਾਦ ਕੀਤਾ।