ਰੈੱਡ ਵਿੱਲੋ ਕਲੱਬ ਦੀ ਸਾਲਾਨਾ ਜਨਰਲ ਬਾਡੀ ਮੀਟਿੰਗ

ਬਰੈਂਪਟਨ (ਹਰਜੀਤ ਬੇਦੀ): ਬਰੈਂਪਟਨ ਦੀ ਰੈੱਡ ਵਿੱਲੋ ਸੀਨੀਅਰਜ਼ ਕਲੱਬ ਵਲੋਂ ਪਹਿਲੀ ਜੂਨ ਨੂੰ ਰੈੱਡ ਵਿੱਲੋ ਸਕੂਲ ਵਿੱਚ ਕਲੱਬ ਦੀ ਜਨਰਲ ਬਾਡੀ ਦੀ ਮੀਟਿੰਗ ਕੀਤੀ ਗਈ। ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਮੈਂਬਰਾਂ ਦੀ ਚਾਹ ਪਾਣੀ ਨਾਲ ਸੇਵਾ ਕੀਤੀ ਗਈ। ਜਿਸ ਦੀ ਜਿੰਮੇਵਾਰੀ ਅਮਰਜੀਤ ਸਿੰਘ, ਸਿ਼ਵਦੇਵ ਸਿੰਘ ਰਾਏ, ਬਲਵੰਤ ਸਿੰਘ ਕਲੇਰ,ਮਾ: ਕੁਲਵੰਤ ਸਿੰਘ ਅਤੇ ਬੀਬੀਆਂ ਵਿੱਚੋਂ ਮਹਿੰਦਰ ਪੱਡਾ, ਚਰਨਜੀਤ ਰਾਏ, ਪਰਕਾਸ਼ ਕੌਰ, ਬਲਜੀਤ ਗਰੇਵਾਲ ਅਤੇ ਬਲਜੀਤ ਸੇਖੋਂ ਨੇ ਨਿਭਾਈ। ਸਭ ਤੋਂ ਪਹਿਲਾਂ ਕਲੱਬ ਦੇ ਪਰਧਾਨ ਗੁਰਨਾਮ ਸਿੰਘ ਗਿੱਲ ਨੇ ਸਾਰੇ ਮੈਂਬਰਾਂ ਨੂੰ ਜੀ ਆਇਆਂ ਕਿਹਾ ਅਤੇ ਕਲੱਬ ਦੀ ਚੜ੍ਹਦੀ ਕਲਾ ਲਈ ਸਾਥ ਦੇਣ ਦਾ ਧੰਨਵਾਦ ਕੀਤਾ। ਇਸ ਉਪਰੰਤ ਨਿਰਮਲਾ ਪਰਾਸ਼ਰ ਨੇ ਸਮਾਜ ਵਿੱਚ ਪਿਤਾ ਦੇ ਮਹੱਤਵ ਨੂੰ ਦਰਸਾਉਂਦੀ ਬਹੁਤ ਹੀ ਭਾਵਪੂਰਤ ਕਵਿਤਾ, ਸਿ਼ਵਦੇਵ ਰਾਏ ਨੇ ਸਮਾਜ ਦੇ ਵਿਕਾਸ ਵਿੱਚ ਕਿਤਾਬਾਂ ਅਤੇ ਹੁੱਨਰ ਦਾ ਯੋਗਦਾਨ ਅਤੇ ਭਾਗੂ ਭਾਈ ਲੈਡ ਨੇ ਅਜੋਕੇ ਇਨਸਾਨ ਵਿੱਚ ਹੋ ਰਹੀ ਨਾਂਹ ਪੱਖੀ ਤਬਦੀਲੀ ਬਾਰੇ ਕਵਿਤਾਵਾਂ ਪੇਸ਼ ਕੀਤੀਆਂ। ਕਾਰਵਾਈ ਨੂੰ ਅੱਗੇ ਤੋਰਦਿਆਂ ਪਰਮਜੀਤ ਬੜਿੰਗ ਨੇ ਕਲੱਬ ਦੇ ਵਿਧਾਨ ਦੀਆਂ ਮੁੱਖ ਮਦਾਂ ਦੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ੳਦੇਸ਼ਾਂ ਜਿਵੇਂ ਸੀਨੀਅਰਜ਼ ਦੀ ਭਲਾਈ, ਮਨੋਰੰਜਨ, ਖੇਡਾਂ ਅਤੇ ਅੰਗਰੇਜੀ ਨਾ ਜਾਣਨ ਵਲੇ ਮੈਂਬਰਾਂ ਦੀ ਸਹਾਇਤਾ ਆਦਿ ਦਾ ਜਿ਼ਕਰ ਕੀਤਾ। ਬਰੈਂਪਟਨ ਦਾ 55 ਸਾਲ ਤੋਂ ਉੱਪਰ ਦਾ ਵਸਨੀਕ ਕਲੱਬ ਦਾ ਮੈਂਬਰ ਬਣ ਸਕਦਾ ਹੈ। ਉਹਨਾਂ ਕਿਹਾ ਕਿ ਜਨਰਲ ਬਾਡੀ ਸਭ ਤੋਂ ਸੁਪਰੀਮ ਹੈ ਅਤੇ ਉਹ ਕਿਸੇ ਵੀ ਅਹੁਦੇਦਾਰ ਨੂੰ ਵਾਪਸ ਬੁਲਾ ਸਕਦੀ ਹੈ। ਵਿਧਾਨ ਮੁਤਾਬਕ ਪਰਧਾਨ ਦੋ ਟਰਮਾਂ ਤੋਂ ਵੱਧ ਅਹੁਦੇ ਤੇ ਨਹੀਂ ਰਹਿ ਸਕਦਾ। ਇਹਨਾਂ ਸਾਰੇ ਮਤਿਆਂ ਦੀ ਸਾਰੇ ਮੈਂਬਰਾਂ ਹੱਥ ਖੜ੍ਹੇ ਕਰ ਕੇ ਪਰੋੜ੍ਹਤਾ ਕੀਤੀ। ਵਿਧਾਨ ਦੀ ਪਰਧਾਨਗੀ ਲਈ ਦੋ ਟਰਮਾਂ ਦੀ ਧਾਰਾ ਉਹਨਾਂ ਪਰਧਾਨਾਂ ਦੇ ਰਾਸ ਨਹੀਂ ਆਈ ਜੋ ਸਾਰੀ ਉਮਰ ਹੀ ਪਰਧਾਨ ਬਣੇ ਰਹਿਣਾ ਚਾਹੁੰਦੇ ਹਨ। ਸਿੱਟੇ ਵਜੋਂ ਆਪਣੀ ਇੱਛਾ ਨੂੰ ਪੱਠੇ ਪਾਉਣ ਲਈ ਨਵੇਂ ਕਲੱਬਾਂ ਦੀ ਸਥਾਪਨਾ ਕਰ ਲੈਂਦੇ ਹਨ। ਅਜਿਹਾ ਦੋ ਵਾਰ ਰੈੱਡ ਵਿੱਲੋ ਕਲੱਬ ਵਿੱਚ ਹੀ ਨਹੀਂ ਬਰੈਂਪਟਨ ਦੀਆਂ ਹੋਰ ਕਲੱਬਾਂ ਵਿੱਚ ਵੀ ਵਾਪਰ ਚੁੱਕਾ ਹੈ। ਪ੍ਰੋ: ਬਲਵੰਤ ਸਿੰਘ ਕੈਸ਼ਅਿਰ ਦੇ ਨਿਜੀ ਰੁਝੇਵੇਂ ਕਾਰਣ ਹਾਜ਼ਰ ਨਾ ਹੋਣ ਕਰ ਕੇ ਹਿਸਾਬ ਕਿਤਾਬ ਦੀ ਸੰਖੇਪ ਜਾਣਕਾਰੀ ਦਿੱਤੀ ਗਈ। ਵਿਚਾਰ ਵਟਾਂਦਰੇ ਦੌਰਾਨ ਮੈਂਬਰਾਂ ਨੇ ਬੱਸਾਂ ਵਿੱਚ ਸੀਟਾਂ ਦੀ ਅਲਾਟਮੈਂਟ ਕਰਨ ਬਾਰੇ ਮਹੱਤਵਪੂਰਨ ਸੁਝਾਅ ਦਿੱਤੇ ਜਿੰਨ੍ਹਾਂ ਨੂੰ ਲਾਗੂ ਕਰਨ ਦੀ ਕੋਸਿਸ਼ ਕੀਤੀ ਜਾਵੇਗੀ। ਅਗਲਾ ਟੂਰ 17 ਜੂਨ ਨੂੰ ਪੀਟਰਬਰੋਅ ਜਾਵੇਗਾ ਇਸ ਵਾਸਤੇ 10 ਜੂਨ ਤੱਕ ਨਾਂ ਰਜਿਸਟਰ ਕਰਵਾਉਣ ਦੀ ਬੇਨਤੀ ਕੀਤੀ ਗਈ। ਟੂਰ ਲਈ ਬੱਸਾਂ ਦੀ ਰਵਾਣਗੀ ਠੀਕ ਸੱਤ ਵਜੇ ਰੈੱਡ ਵਿੱਲੋ ਪਾਰਕ ਵਿੱਚੋਂ ਹੋਵੇਗੀ। ਤਰਕਸ਼ੀਲ ਸੁਸਾਇਟੀ ਵਲੋਂ ਬਹੁ-ਚਰਚਿਤ ਫਿਲਮ “ਚੰਮ” ਦੇ 10 ਜੂਨ ਨੂੰ ਗਰੈਂਡ ਤਾਜ ਬੈਕੁਅਟ ਹਾਲ ਵਿੱਚ 2:00 ਤੋਂ 5:00 ਵਜੇ ਤੱਕ ਕਰਵਾਏ ਜਾ ਰਹੇ ਸ਼ੋਅ ਬਾਰੇ ਜਾਣਕਾਰੀ ਦਿੰਦਿਆਂ ਕਲੱਬ ਮੈਂਬਰਾਂ ਨੂੰ ਇਸ ਪਰੋਗਰਾਮ ਵਿੱਚ ਸਿ਼ਰਕਤ ਕਰਨ ਲਈ ਬੇਨਤੀ ਕੀਤੀ ਗਈ।                                                                          ਮੀਟਿੰਗ ਦੇ ਅੰਤ ਵਿੱਚ ਸਾਰੇ ਮੈਂਬਰਾਂ ਦੀ ਇੱਕ ਵਾਰ ਫਿਰ ਚਾਹ ਪਾਣੀ ਨਾਲ ਸੇਵਾ ਕੀਤੀ ਗਈ। ਸਟੇਜ ਵਲੋਂ ਵਾਲੰਟੀਅਰਜ਼ ਅਤੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।