ਰੈਡੀਸਨ ਬਲੂ ਦਾ ਜਨਰਲ ਮੈਨੇਜਰ ਜੂਏਬਾਜ਼ੀ ਦਾ ਅੱਡਾ ਚਲਾਉਣ ਦੇ ਦੋਸ਼ ਵਿੱਚ ਗ੍ਰਿਫਤਾਰ

raddison blu
ਲੁਧਿਆਣਾ, 1 ਸਤੰਬਰ (ਪੋਸਟ ਬਿਊਰੋ)- ਫਿਰੋਜ਼ਪੁਰ ਰੋਡ ਦੇ ਫਾਈਵ ਸਟਾਰ ਹੋਟਲ ਰੈਡੀਸਨ ਬਲੂ ਵਿੱਚ ਅੱਯਾਸ਼ੀ ਦਾ ਅੱਡਾ ਚੱਲ ਰਿਹਾ ਸੀ। ਕੱਲ੍ਹ ਰਾਤ ਇਸ ਹੋਟਲ ਵਿੱਚ ਜੂਆ ਖੇਡਦੇ ਗ੍ਰਿਫਤਾਰ ਕੀਤੇ ਗਏ 32 ਲੋਕਾਂ ਵਿੱਚ ਸ਼ਹਿਰ ਦੇ ਬਿਜ਼ਨਸਮੈਨ ਤੇ ਵਪਾਰੀ ਸ਼ਾਮਲ ਸਨ। ਪੁਲਸ ਨੇ ਇਸ ਹੋਟਲ ਦੇ ਜਨਰਲ ਮੈਨੇਜਰ ਅਰਿੰਦਰ ਚੱਕਰਵਰਤੀ ਵਿਰੁੱਧ ਵੀ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਜੂਆ ਖੇਡਣ ਵਾਲਿਆਂ ਦੇ ਕਬਜ਼ੇ ਵਿੱਚੋਂ ਚਾਲੀ ਮੋਬਾਈਲ ਫੋਨ ਅਤੇ ਤਿੰਨ ਲਗਜ਼ਰੀ ਕਾਰਾਂ ਬਰਾਮਦ ਕੀਤੀਆਂ ਹਨ।
ਪੁਲਸ ਕਮਿਸ਼ਨਰ ਆਰ ਐੱਨ ਢੋਕੇ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਕਾਫੀ ਸਮੇਂ ਤੋਂ ਹੋਟਲ ਵਿੱਚ ਦੇਹ ਵਪਾਰ, ਜੂਆ ਅਤੇ ਮੈਚਾਂ ‘ਤੇ ਸੱਟਾ ਲਾਉਣ ਵਾਲੇ ਬੁਕੀ ਆ ਕੇ ਠਹਿਰਦੇ ਹਨ। ਇਸ ਸੂਚਨਾ ‘ਤੇ ਬੁੱਧਵਾਰ ਰਾਤ ਛਾਪੇਮਾਰੀ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਹੋਟਲ ਵਿੱਚ ਜਦ ਕੋਈ ਜੂਆ ਖੇਡਣ ਆਉਂਦਾ ਸੀ ਤਾਂ ਹੋਟਲ ਦੇ ਮੁਲਾਜ਼ਮ ਉਨ੍ਹਾਂ ਨੂੰ ਕਮਰੇ ਤੱਕ ਪਹੁੰਚਾਉਂਦੇ ਸਨ, ਜਿਸ ਦਾ ਇੱਕ ਕੋਡ ਵਰਡ ਰੱਖਿਆ ਹੋਇਆ ਸੀ। ਪੁਲਸ ਦੀ ਟੀਮ ਨੇ ਹੋਟਲ ਦੀ 8ਵੀਂ ਮੰਜ਼ਿਲ ਦੇ ਰੂਮ ਨੰਬਰ 833 ਵਿੱਚ ਛਾਪੇਮਾਰੀ ਕੀਤੀ ਤੇ ਸਾਰੇ ਦੋਸ਼ੀਆਂ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਪੁਲਸ ਕਮਿਸ਼ਨਰ ਢੋਕੇ ਨੇ ਕਿਹਾ ਕਿ ਇਸ ਧੰਦੇ ਵਿੱਚ ਜੋ ਹੋਟਲ ਦੇ ਮੁਲਾਜ਼ਮ ਸਾਥ ਦੇ ਰਹੇ ਸਨ, ਉਨ੍ਹਾਂ ਖਿਲਾਫ ਵੀ ਕਾਰਵਾਈ ਕੀਤੀ ਜਾਏਗੀ।
ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚ ਮਾਡਲ ਟਾਊਨ ਦਾ ਤੇਜਵੀਰ ਸਿੰਘ, ਜਸਵੰਤ ਸਿੰਘ ਨਗਰ ਦਾ ਸੰਨੀ ਕੁਮਾਰ, ਕਪੂਰਥਲਾ ਦਾ ਅਭਿਸ਼ੇਕ ਗੁਪਤਾ, ਜਲੰਧਰ ਦਾ ਸੰਦੀਪ ਸ਼ਰਮਾ, ਦੁਗਰੀ ਦਾ ਅਮਨਦੀਪ ਸਿੰਘ, ਨਿਊ ਸ਼ਿਵਪੁਰੀ ਦਾ ਦੀਪਕ ਕੁਮਾਰ, ਡਿਵੀਜ਼ਨ ਨੰਬਰ ਤਿੰਨ ਦਾ ਗੁਰਪ੍ਰੀਤ ਸਿੰਘ, ਖੁੱਡ ਮੁਹੱਲਾ ਦਾ ਹਰਪ੍ਰੀਤ ਸਿੰਘ, ਧਰਮਪੁਰਾ ਦਾ ਸਤਵੀਰ ਸਿੰਘ, ਚੰਡੀਗੜ੍ਹ ਰੋਡ ਦੇ ਸੈਕਟਰ 32 ਦਾ ਰਾਜ ਕੁਮਾਰ, ਜੋਸ਼ੀ ਨਗਰ ਦਾ ਅਨਮੋਲ ਸੋਨੀ, ਜਲੰਧਰ ਦੇ ਈਸ਼ਵਰ ਨਗਰ ਦਾ ਵਿਵੇਕ ਮਹਾਜਨ, ਪ੍ਰੇਮ ਨਗਰ ਦੇ ਸੁਨੀਲ, ਪ੍ਰਵੀਨ ਤੇ ਹਰਵਿੰਦਰ ਪਾਲ ਸਿੰਘ, ਮੁਹੱਲਾ ਫਤਿਹਗਗੰਜ ਦਾ ਬਲਦੇਵ ਕ੍ਰਿਸ਼ਨ, ਸਲੇਮ ਟਾਬਰੀ ਦਾ ਅਸ਼ੋਕ, ਜਲੰਧਰ ਦਾ ਸੁੱਚਾ ਸਿੰਘ, ਵਿਸ਼ਵਕਰਮੀ ਕਲੋਨੀ ਦਾ ਜਸਵਿੰਦਰ ਸਿੰਘ, ਕਾਲਜ ਰੋਡ ਦਾ ਦਿ੍ਰਸ਼ਤ, ਜਲੰਧਰ ਦਾ ਸਤੀਸ਼, ਫੀਲਡਗੰਜ ਦਾ ਚੰਚਲ, ਸ਼ਿਵਪੁਰੀ ਦਾ ਅੰਕੁਸ਼ ਵਰਮਾ, ਬਾਬਾ ਥਾਨ ਸਿੰਘ ਚੌਕ ਦਾ ਗੁਰਮੀਤ ਸਿੰਘ, ਸ਼ਿਵਪੁਰੀ ਦਾ ਅਨਿਲ, ਮਾਡਲ ਹਾਊਸ ਦਾ ਬਲਜੀਤ ਸਿੰਘ, ਕਪੂਰਥਲਾ ਦਾ ਸਰਬਜੀਤ ਸਿੰਘ, ਸ਼ਿਵਪੁਰੀ ਦਾ ਦੀਪਕ ਕੁਮਾਰ, ਹਰਬੰਸ ਨਗਰ ਦਾ ਅਜੈ ਵਰਮਾ ਤੇ ਨੀਚੀ ਮੰਗਲੀ ਦਾ ਪਰਮਿੰਦਰ ਸਿੰਘ ਸ਼ਾਮਲ ਸਨ।