ਰੇਲਵੇ ਨੂੰ ਮਾਲ ਢੁਆਈ ਵਿੱਚ ਮਦਦ ਦੇ ਰਹੇ ਅਜਗਰ ਅਤੇ ਐਨਾਕੋਂਡਾ

-ਅਰਵਿੰਦ ਚੌਹਾਨ
ਵਲ਼ ਖਾਂਦੇ ਕਈ ‘ਪਾਈਥਨ’ (ਅਜਗਰ ਅਤੇ ਐਨਾਕੋਂਡਾ) ਭਾਰਤੀ ਰੇਲਵੇ ਦੀ ਮਾਲ ਡਲਿਵਰੀ ਵਿੱਚ ਛੋਟੀ-ਮੋਟੀ ਕ੍ਰਾਂਤੀ ਨੂੰ ਅੰਜਾਮ ਦੇ ਰਹੇ ਹਨ। ਮੌਜੂਦਾ ਬੁਨਿਆਦੀ ਢਾਂਚੇ ਦੀ ਸਹੀ ਵਰਤੋਂ ਕਰਦਿਆਂ ਮਾਲ-ਭਾੜੇ ਦੀ ਕਮਾਈ ਵਿੱਚ ਵਾਧਾ ਕਰਨ ਦੇ ਨਾਲ-ਨਾਲ ਰੇਲ ਪਟੜੀਆਂ ‘ਤੇ ਵਧਦੀ ਭੀੜ ਘੱਟ ਕਰਨ ਲਈ ਰੇਲ ਵਿਭਾਗ 14 ਕਿਲੋਮੀਟਰ ਲੰਮੀਆਂ ਮਾਲ ਗੱਡੀਆਂ ਇਸਤੇਮਾਲ ਕਰ ਰਿਹਾ ਹੈ। ਅਜਿਹੀ ਮਾਲ ਗੱਡੀ ਵਿੱਚ 118 ਤੱਕ ਵੈਗਨਾਂ ਹੋ ਸਕਦੀਆਂ ਹਨ।
ਉਤਰ ਕੇਂਦਰੀ ਰੇਲਵੇ ਵੱਲੋਂ ਚਲਾਈਆਂ ਜਾ ਰਹੀਆਂ ਅਜਿਹੀਆਂ ਮਾਲ ਗੱਡੀਆਂ ਨੂੰ ‘ਪਾਈਥਨ’ ਨਾਂਅ ਦਿੱਤਾ ਗਿਆ ਹੈ। ਪੱਛਮੀ ਅਤੇ ਕੇਂਦਰ ਰੇਲਵੇ ਦੀਆਂ ਲੰਮੀਆਂ ਮਾਲ ਗੱਡੀਆਂ ਨੂੰ ਕ੍ਰਮਵਾਰ ‘ਐਨਾਕੋਂਡਾ’ ਅਤੇ ‘ਮਾਰੂਤੀ’ ਦਾ ਨਾਂਅ ਦਿੱਤਾ ਗਿਆ ਹੈ। ਸੱਪ ਵਾਂਗ ਵਲ਼ ਖਾਂਦੀਆਂ, ਦੌੜਦੀਆਂ ਇਹ ਲੰਮੀਆਂ ਮਾਲ ਗੱਡੀਆਂ ਨਾ ਸਿਰਫ ਤੇਜ਼ੀ ਨਾਲ ਮਾਲ ਢੁਆਈ ਕਰ ਰਹੀਆਂ ਹਨ, ਸਗੋਂ ਕਾਰਜ-ਕੁਸ਼ਲਤਾ ਵਧਣ ਦੇ ਨਾਲ ਇਨ੍ਹਾਂ ਦੀ ਲਾਗਤ ਵੀ ਘੱਟ ਹੁੰਦੀ ਹੈ। ਹਰ ਮਾਲ ਗੱਡੀ ਵਿੱਚ 59-59 ਵੈਗਨਾਂ ਦੇ ਦੋ ਰੈਕ, ਦੇ ਬ੍ਰੇਕ ਵੈਨ ਅਤੇ ਦੋ ਜਾਂ ਤਿੰਨ ਇੰਜਣ ਹੁੰਦੇ ਹਨ। ਇਹ ਮਾਲ ਗੱਡੀਆਂ ਆਪਣੀ ਮੰਜ਼ਿਲ ਉੱਤੇ ਬਿਨਾਂ ਰੁਕੇ ਜਾਂਦੀਆਂ ਹਨ। ਰੇਲਵੇ ਦੀ ‘ਯਾਤਰੀ ਤੇ ਮਾਲ-ਭਾੜਾ ਕਾਰਜ ਯੋਜਨਾ 2017-18’ ਵਿੱਚ ਲੰਮੀ ਦੂਰੀ ਦੀਆਂ ਗੱਡੀਆਂ ਨੂੰ ‘ਧਿਆਨਯੋਗ ਖੇਤਰ’ ਵਜੋਂ ਚੁਣਿਆ ਗਿਆ ਸੀ, ਤਾਂ ਕਿ ਪਹਿਲਾਂ ਤੋਂ ਭੀੜ ਵਾਲੇ ਰੇਲ ਟਰੈਕਾਂ ‘ਤੇ ਮਾਲ ਜ਼ਰਾ ਸੌਖ ਨਾਲ ਇੱਕ ਥਾਂ ਤੋਂ ਦੂਜੀ ਥਾਂ ‘ਤੇ ਲਿਜਾਇਆ ਜਾ ਸਕੇ ਅਤੇ ਇਸ ਦੀ ਲਾਗਤ ਵੀ ਘੱਟ ਕੀਤੀ ਜਾ ਸਕੇ।
ਆਗਰਾ ਰੇਲ ਡਵੀਜ਼ਨ ਦੇ ਕਾਰੋਬਾਰੀ ਮੈਨੇਜਰ ਸੰਚਿਤ ਤਿਆਗੀ ਨੇ ਦੱਸਿਆ ਕਿ ਇਹ ਕਲਪਨਾ ਕੁਝ ਸਾਲ ਪਹਿਲਾਂ ਪ੍ਰਯੋਗ ਵਜੋਂ ਸ਼ੁਰੂ ਕੀਤੀ ਗਈ ਸੀ, ਤਾਂ ਕਿ ਦੋ ਗੱਡੀਆਂ ਨੂੰ ਜੋੜ ਕੇ ਉਨ੍ਹਾਂ ਦੇ ਸੰਚਾਲਨ ਸਮੇਂ ਵਿੱਚ 50 ਫੀਸਦੀ ਕਮੀ ਲਿਆਂਦੀ ਜਾ ਸਕੇ। ਦੇਸ਼ ਵਿੱਚ ਰੋਜ਼ ਔਸਤਨ 15 ਤੋਂ ਲੈ ਕੇ 25 ਤੱਕ ਅਜਿਹੀਆਂ ਲੰਮੀਆਂ ਮਾਲ ਗੱਡੀਆਂ ਦੌੜਦੀਆਂ ਹਨ ਤੇ ਮਾਰਚ 2018 ਦੇ ਖਤਮ ਹੋਣ ਤੱਕ ਅਜਿਹੀਆਂ ਮਾਲ ਗੱਡੀਆਂ ਦੀ ਗਿਣਤੀ 50 ਤੱਕ ਕਰਨ ਦਾ ਟੀਚਾ ਹੈ।
ਅਜਿਹੀਆਂ ਗੱਡੀਆਂ ਨੂੰ ਆਮ ਦੀ ਬਜਾਏ ਵੱਧ ਲੰਮੀ ਲੂਪ ਲਾਈਨ ਦੀ ਲੋੜ ਹੁੰਦੀ ਹੈ, ਭਾਵ ਜਿੱਥੇ ਵੀ ਇਸ ਗੱਡੀ ਨੂੰ ਰੋਕਣਾ ਹੁੰਦਾ ਹੈ, ਉਥੇ ਮੁੱਖ ਰੇਲ ਪਟੜੀ ਵਿੱਚੋਂ ਕੱਢੀ ਗਈ ਬ੍ਰਾਂਚ ਲਾਈਨ ਕਾਫੀ ਲੰਮੀ ਹੋਣੀ ਚਾਹੀਦੀ ਹੈ। ਅਜੇ ਤੱਕ ਅਜਿਹੀਆਂ ਤਿੰਨ ਲੂਪ ਲਾਈਨਾਂ ਹੀ ਚਾਲੂ ਹੋ ਚੁੱਕੀਆਂ ਹਨ, ਜਦ ਕਿ ਦੇਸ਼ ਭਰ ਵਿੱਚ 109 ਹੋਰ ਲੂਪ ਲਾਈਨਾਂ ਬਣਾਉਣ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਸੰਚਿਤ ਤਿਆਗੀ ਨੇ ਦੱਸਿਆ ਕਿ ‘‘ਅਸੀਂ ਹਰ ਦੂਜੇ ਦਿਨ ਖਾਲੀ ਵੈਗਨਾਂ ਨੂੰ ਜੋੜ ਕੇ ਲੰਮੀ ਦੂਰੀ ਦੀ ਇੱਕ ਅਜਿਹੀ ਮਾਲ ਗੱਡੀ ਤਿਆਰ ਕਰਦੇ ਹਾਂ, ਜਿਸ ਨੂੰ ਕੋਲਾ ਆਦਿ ਢੋਣ ਲਈ ਵਰਤਿਆ ਜਾਂਦਾ ਹੈ। ਸਾਨੂੰ ਅਜਿਹੀ ਮਾਲ ਗੱਡੀ ਜੋੜਨ ਵਿੱਚ ਵੱਧ ਤੋਂ ਵੱਧ 45 ਮਿੰਟ ਲੱਗਦੇ ਹਨ।
ਦੋ ਤਕਨੀਸ਼ੀਅਨਾਂ ਦੀ ਦੇਖ ਰੇਖ ਹੇਠ ਤੜਕੇ ਇਸ ਕੰਮ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ। ਇਹ ਮਾਲ ਗੱਡੀਆਂ ਇੱਕ ਵੱਡੇ ਸਟੇਸ਼ਨ ਤੋਂ ਦੂਜੇ ਤੱਕ ਬਿਨਾਂ ਰੁਕੇ ਚੱਲਦੀਆਂ ਹਨ, ਕਿਉਂਕਿ ਛੋਟੇ ਸਟੇਸ਼ਨਾਂ ‘ਤੇ ਇਨ੍ਹਾਂ ਦੇ ਰੁਕਣ ਲਈ ਲਾਈਨ ਹੀ ਨਹੀਂ ਹੁੰਦੀ।” ਜ਼ਿਕਰਯੋਗ ਹੈ ਕਿ ਲੰਮੇ ‘ਅਜਗਰ’ ਵਰਗੀ ਅਜਿਹੀ ਪਹਿਲੀ ਮਾਲ ਗੱਡੀ ਦੱਖਣੀ ਰੇਲਵੇ ਵੱਲੋਂ 15 ਦਸੰਬਰ 2014 ਨੂੰ ਤਿਆਰ ਕੀਤੀ ਗਈ ਸੀ, ਜੋ ਕੁੱਲ 3000 ਟਨ ਭਾਰ (ਮਾਲ) ਲਿਜਾਣ ਦੀ ਸਮਰੱਥਾ ਰੱਖਦੀ ਹੈ।