ਰੇਲਵੇ ਟਿਕਟ ਘਪਲਾ : ਦੋਸ਼ੀਆਂ ਦਾ ਜਾਲ ਪੂਰੇ ਭਾਰਤ ਵਿੱਚ ਫੈਲਿਆ ਨਿਕਲਿਆ


ਨਵੀਂ ਦਿੱਲੀ, 29 ਦਸੰਬਰ (ਪੋਸਟ ਬਿਊਰੋ)- ਰੇਲਵੇ ਦੇ ਤਤਕਾਲ ਰਾਖਵਾਂਕਰਨ ਪ੍ਰਣਾਲੀ ਨੂੰ ਸੰਨ੍ਹ ਲਾ ਕੇ ਇੱਕੋ ਵਾਰ ਵਿੱਚ ਸੈਂਕੜੇ ਟਿਕਟਾਂ ਰਾਖਵੀਆਂ ਕਰਨ ਵਾਲਾ ਨਾਜਾਇਜ਼ ਸਾਫਟਵੇਅਰ ਬਣਾਉਣ ਦਾ ਦੋਸ਼ੀ ਸੀ ਬੀ ਆਈ ਅਧਿਕਾਰੀ ਅਤੇ ਉਸ ਦਾ ਸਹਿਯੋਗੀ ਪੂਰੇ ਦੇਸ਼ ਵਿੱਚ ਕੰਮ ਕਰ ਰਹੇ ਸਨ। ਸੀ ਬੀ ਆਈ ਦੇ ਬੁਲਾਰੇ ਅਭਿਸ਼ੇਕ ਦਿਆਲ ਨੇ ਕੱਲ੍ਹ ਕਿਹਾ ਕਿ ਸੀ ਬੀ ਆਈ ਨੇ ਆਪਣੇ ਸਹਾਇਕ ਪ੍ਰੋਗਰਾਮਰ ਐੱਸ ਗਰਗ ਅਤੇ ਉਸ ਦੇ ਮੁੱਖ ਸਹਿਯੋਗੀ ਅਨਿਲ ਗੁਪਤਾ ਨੂੰ ਸਾਫਟਵੇਅਰ ਬਣਾਉਣ ਅਤੇ ਰੁਪਏ ਬਦਲੇ ਸਾਫਟਵੇਅਰ ਵੰਡਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਹੈ।
ਜਾਣਕਾਰ ਸੂਤਰਾਂ ਮੁਤਾਬਕ ਏਜੰਸੀ ਨੇ ਗਰਗ ਅਤੇ ਗੁਪਤਾ ਨੂੰ ਉੱਤਰ ਪ੍ਰਦੇਸ਼ ਦੇ ਜੌਨਪੁਰ ਤੋਂ ਗ੍ਰਿਫਤਾਰ ਕੀਤਾ ਤੇ ਉਨ੍ਹਾਂ ਨੂੰ ਕੱਲ੍ਹ ਸ਼ਾਮ ਇਥੇ ਲਿਆਂਦਾ ਗਿਆ। ਉਸ ਤੋਂ ਕੀਤੀ ਗਈ ਪੁੱਛ ਪੜਤਾਲ ਦੌਰਾਨ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਨੈਟਵਰਕ ਪੂਰੇ ਦੇਸ਼ ਵਿੱਚ ਫੈਲਿਆ ਸੀ। ਏਜੰਸੀ ਨੇ ਹੁਣ ਤੱਕ 10 ਅਜਿਹੇ ਟਰੈਵਲ ਏਜੰਟਾਂ ਦੀ ਪਛਾਣ ਕੀਤੀ ਹੈ, ਜੋ ਨੈੱਟਵਰਕ ਦਾ ਹਿੱਸਾ ਸਨ। ਸਾਫਟਵੇਅਰ ਦਾ ਮੌਜੂਦਾ ਐਡੀਸ਼ਨ ਲਗਭਗ ਇੱਕ ਸਾਲ ਪਹਿਲਾਂ ਤਿਆਰ ਕੀਤਾ ਗਿਆ ਸੀ। ਸੂਤਰਾਂ ਅਨੁਸਾਰ ਗਰਗ ਵੱਲੋਂ ਬਣਾਏ ਇਸ ਸਿਸਟਮ ਨਾਲ ਟਿਕਟ ਬੁਕ ਕਰਵਾਉਣ ਵਾਲੇ ਟਰੈਵਲ ਏਜੰਟਾਂ ਤੋਂ ਪੈਸੇ ਬਿਟਕੁਆਇਨ ਅਤੇ ਹਵਾਲਾ ਦੇ ਰਾਹੀਂ ਲਏ ਜਾ ਰਹੇ ਸਨ ਤਾਂ ਕਿ ਉਹ ਨਿਗਰਾਨੀ ਦੇ ਘੇਰੇ ਵਿੱਚ ਨਾ ਆਉਣ।
ਸਾਫਟਵੇਅਰ ਇੰਜੀਨੀਅਰ ਗਰਗ ਨੇ 2012 ਵਿੱਚ ਸੀ ਬੀ ਆਈ ‘ਚ ਸਹਾਇਕ ਪ੍ਰੋਗਰਾਮਰ ਵਜੋਂ ਸੇਵਾਵਾਂ ਸ਼ੁਰੂ ਕੀਤੀਆਂ ਸਨ। ਇਸ ਤੋਂ ਪਹਿਲਾਂ ਉਹ ਆਈ ਆਰ ਸੀ ਟੀ ਸੀ (ਭਾਰਤੀ ਰੇਲਵੇ ਦੀ ਕੇਟਰਿੰਗ ਕਾਰਪੋਰੇਸ਼ਨ) ਲਈ ਕੰਮ ਕਰਦਾ ਸੀ। ਗਰਗ ਨੂੰ ਇਥੇ ਕੰਮ ਕਰਨ ਦੌਰਾਨ ਟਿਕਟ ਬੁਕ ਕਰਨ ਬਾਰੇ ਸਾਫਟਵੇਅਰ ‘ਚ ਕਮਜ਼ੋਰੀਆਂ ਦਾ ਪਤਾ ਲੱਗ ਗਿਆ ਸੀ। ਆਈ ਆਰ ਸੀ ਟੀ ਸੀ ਪ੍ਰਣਾਲੀ ‘ਚ ਹੁਣ ਵੀ ਇਹ ਕਮਜ਼ੋਰੀਆਂ ਮੌਜੂਦ ਸਨ ਅਤੇ ਇਸ ਕਰ ਕੇ ਉਸ ਦੇ ਸਾਫਟਵੇਅਰ ਜ਼ਰੀਏ ਇਕੱਠੀਆਂ ਸੈਂਕੜੇ ਟਿਕਟਾਂ ਬੁਕ ਕੀਤੀਆਂ ਜਾ ਸਕਦੀਆਂ ਸਨ।