ਰੂਸ ਵੱਲੋਂ ਜਵਾਬੀ ਕਾਰਵਾਈ, 23 ਬ੍ਰਿਟਿਸ਼ ਡਿਪਲੋਮੇਟ ਕੱਢੇ


ਮਾਸਕੋ, 18 ਮਾਰਚ, (ਪੋਸਟ ਬਿਊਰੋ)- ਰੂਸ ਦੀ ਸਰਕਾਰ ਨੇ ਅੱਜ ਐਲਾਨ ਕੀਤਾ ਹੈ ਕਿ ਬ੍ਰਿਟੇਨ ਦੇ 23 ਡਿਪਲੋਮੈਟਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਹੈ। ਇਸ ਐਲਾਨ ਦੇ ਨਾਲ ਰੂਸ ਸਰਕਾਰ ਨੇ ਕਿਹਾ ਹੈ ਕਿ ਉਹ ਆਪਣੇ ਦੇਸ਼ ਵਿੱਚ ਬ੍ਰਿਟਿਸ਼ ਕੌਂਸਲ ਦੀਆਂ ਗਤੀਵਿਧੀਆਂ ਨੂੰ ਵੀ ਬੰਦ ਕਰ ਰਹੀ ਹੈ। ਰੂਸ ਨੇ ਇਹ ਵੀ ਕਹਿ ਦਿੱਤਾ ਹੈ ਕਿ ਇਨ੍ਹਾਂ ਡਿਪਲੋਮੈਟਾਂ ਨੂੰ ਹਰ ਹਾਲਤ ਵਿਚ ਇਕ ਹਫਤੇ ਦੇ ਅੰਦਰ ਇਸ ਦੇਸ਼ ਨੂੰ ਛੱਡ ਕੇ ਚਲੇ ਜਾਣਾ ਚਾਹੀਦਾ ਹੈ।
ਵਰਨਣ ਯੋਗ ਹੈ ਕਿ ਰੂਸ ਨੇ ਇਹ ਐਲਾਨ ਰੂਸ ਸਰਕਾਰ ਦੇ ਸਾਬਕਾ ਏਜੰਟ ਅਤੇ ਉਸ ਦੀ ਧੀ ਨੂੰ ਜ਼ਹਿਰ ਦੇਣ ਦੀ ਵਾਰਦਾਤ ਦੇ ਬਾਅਦ ਬ੍ਰਿਟੇਨ ਸਰਕਾਰ ਵੱਲੋਂ ਕੀਤੀ ਕਾਰਵਾਈ ਦੇ ਜਵਾਬ ਵਿੱਚ ਕੀਤਾ ਹੈ। ਰੂਸ ਵਿੱਚ ਬ੍ਰਿਟੇਨ ਦੀ ਰਾਜਦੂਤ ਲਾਉਰੀ ਬ੍ਰਿਸਟੋ ਨੂੰ ਤਲਬ ਕਰਨ ਪਿੱਛੋਂ ਇਕ ਬਿਆਨ ਜਾਰੀ ਕਰ ਕੇ ਰੂਸੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਵਲੋਂ ਰੂਸ ਦੇ 23 ਡਿਪਲੋਮੈਟਾਂ ਨੂੰ ਦੇਸ਼ ਨਿਕਾਲਾ ਦੇਣ ਦੇ ਫੈਸਲੇ ਦਾ ਜਵਾਬ ਦੇਣ ਲਈ ਰੂਸ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਉਨ੍ਹਾ ਨੇ ਕਿਹਾ ਕਿ ਉਹ ਆਪਣੇ ਦੇਸ਼ ਵਿੱਚ ਬ੍ਰਿਟਿਸ਼ ਕੌਂਸਲ ਨੂੰ ਬੰਦ ਕਰਨ ਤੇ ਸੇਂਟ ਪੀਟਰਸਬਰਗ ਵਿਚ ਕੌਂਸਲੇਟ ਖੋਲ੍ਹਣ ਦੀ ਆਗਿਆ ਵਾਪਸ ਲੈਣ ਦਾ ਵੀ ਫੈਸਲਾ ਲਿਆ ਹੈ। ਰੂਸ ਦੇ ਵਿਦੇਸ਼ ਮੰਤਰਾਲੇ ਨੇ ਬ੍ਰਿਟੇਨ ਨੂੰ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਜੇ ਅੱਗੇ ਤੋਂ ਰੂਸ ਪ੍ਰਤੀ ਗੈਰ-ਦੋਸਤਾਨਾ ਕਾਰਵਾਈ ਕੀਤੀ ਗਈ ਤਾਂ ਰੂਸ ਨੂੰ ਅਧਿਕਾਰ ਹੈ ਕਿ ਉਹ ਜਵਾਬੀ ਕਦਮ ਚੁੱਕ ਸਕਦਾ ਹੈ।
ਇਸ ਦੌਰਾਨ ਸਵੀਡਨ ਦੀ ਸਰਕਾਰ ਨੇ ਰੂਸ ਦੇ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਹੈ ਕਿ ਬ੍ਰਿਟੇਨ ਵਿੱਚ ਉਸ ਦੇ ਡਬਲ ਏਜੰਟ ਅਤੇ ਉਸ ਦੀ ਬੇਟੀ ਉੱਤੇ ਹੋਏ ਨਰਵ ਗੈਸ ਹਮਲੇ ਵਿੱਚ ਵਰਤੀ ਗਈ ਜ਼ਹਿਰੀਲੀ ਗੈਸ ਦਾ ਸਰੋਤ ਸਵੀਡਨ ਹੋ ਸਕਦਾ ਹੈ। ਸਵੀਡਨ ਦੇ ਵਿਦੇਸ਼ ਮੰਤਰੀ ਮਾਰਗੇਟ ਵਾਮਸਟ੍ਰੋਮ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਵਿੱਚ ਕੋਈ ਦਮ ਨਹੀਂ। ਵਿਦੇਸ਼ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ ਰੂਸ ਦੇ ਇਨ੍ਹਾਂ ਦੋਸ਼ਾਂ ਦਾ ਸਵੀਡਨ ਜ਼ੋਰਦਾਰ ਖੰਡਨ ਕਰਦਾ ਹੈ ਕਿ ਉਸ ਹਮਲੇ ਵਿੱਚ ਵਰਤੀ ਗਈ ਗੈਸ ਦਾ ਸਰੋਤ ਸਵੀਡਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਦੋਸ਼ ਲਾਉਣ ਦੀ ਥਾਂ ਰੂਸ ਨੂੰ ਬ੍ਰਿਟੇਨ ਦੇ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ। ਵਰਨਣ ਯੋਗ ਹੈ ਕਿ ਰੂਸੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਸ ਤੋਂ ਪਹਿਲੇ ਦਿਨ ਰੂਸੀ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਸੀ ਕਿ ਨੀਵੀਚੋਕ ਨਰਵ ਗੈਸ ਏਜੰਟ ਦਾ ਸਰੋਤ ਬ੍ਰਿਟੇਨ, ਚੈੱਕ ਗਣਰਾਜ, ਸਲੋਵਾਕੀਆ, ਅਮਰੀਕਾ ਜਾਂ ਸਵੀਡਨ ਹੋ ਸਕਦਾ ਹੈ।