ਰੂਸ ਨੂੰ ਹਰਾ ਕੇ ਉਰੂਗੁਏ ਆਪਣੇ ਗਰੁੱਪ ਦੀ ਚੋਟੀ ਉੱਤੇ ਪੁੱਜਾ, ਆਖਰੀ ਸੋਲਾਂ ਵਿੱਚ ਸ਼ਾਮਲ

* ਸਾਊਦੀ ਅਰਬ ਨੇ ਆਖ਼ਰੀ ਗਰੁੱਪ ਮੈਚ ਜਿੱਤ ਕੇ ਵਿਦਾਇਗੀ ਲਈ
ਸਮਾਰਾ, 25 ਜੂਨ, (ਪੋਸਟ ਬਿਊਰੋ)- ਅੱਜ ਇੱਥੇ ਖੇਡੇ ਗਏ ਵਿਸ਼ਵ ਕੱਪ ਗਰੁੱਪ ‘ਏ’ ਦੇ ਮੈਚ ਵਿੱਚ ਉਰੂਗੁਏ ਨੇ ਲੂਈ ਸੁਆਰੇਜ਼ ਤੇ ਐਡਿਨਸਨ ਕਵਾਨੀ ਦੇ ਗੋਲ ਦੀ ਮਦਦ ਨਾਲ ਸਿਰਫ ਦਸ ਖਿਡਾਰੀਆਂ ਨਾਲ ਖੇਡ ਰਹੇ ਮੇਜ਼ਬਾਨ ਦੇਸ਼ ਰੂਸ ਦੀ ਟੀਮ ਨੂੰ 3-0 ਗੋਲਾਂ ਨਾਲ ਹਰਾ ਕੇ ਲਗਾਤਾਰ ਤੀਸਰੀ ਜਿੱਤ ਜਿੱਤੀ ਤੇ ਚੋਟੀ ਉੱਤੇ ਥਾਂ ਬਣਾਈ ਹੈ।
ਪਿਛਲੀ ਵਾਰ ਦੇ ਵਿਸ਼ਵ ਕੱਪ ਵਿੱਚ ਇਟਲੀ ਦੇ ਡਿਫੈਂਡਰ ਜਾਰਜੀਓ ਚਿਲੀਨੀ ਨੂੰ ਦੰਦੀ ਵੱਢਣ ਕਾਰਨ ਪਾਬੰਦੀ ਦਾ ਸਿ਼ਕਾਰ ਬਣੇ ਰਹੇ ਲੂਈ ਸੁਆਰੇਜ਼ ਨੇ ਸਮਾਰਾ ਏਰੇਨਾ ਸਟੇਡੀਅਮ ਵਿੱਚ ਦਸਵੇਂ ਮਿੰਟ ਵਿੱਚ ਫਰੀ ਕਿੱਕ ਉੱਤੇ ਸ਼ਾਨਦਾਰ ਗੋਲ ਕੀਤਾ ਅਤੇ 90ਵੇਂ ਮਿੰਟ ਵਿੱਚ ਕਵਾਨੀ ਨੇ ਆਪਣੀ ਟੀਮ ਵੱਲੋਂ ਤੀਜਾ ਗੋਲ ਦਾਗ਼ਿਆ। ਰੂਸ ਦੇ ਡੈਨਿਸ ਚੈਰੀਸੇਵ ਨੇ 23ਵੇਂ ਮਿੰਟ ਵਿੱਚ ਉਰੂਗੁਏ ਲਈ ਆਤਮਘਾਤੀ ਗੋਲ (ਸੈੱਲਫ ਗੋਲ) ਕਰ ਲਿਆ।
ਲੂਈ ਸੁਆਰੇਜ਼ ਆਪਣੇ ਦੇਸ਼ ਉਰੂਗੁਏ ਲਈ ਕਾਫ਼ੀ ਅਹਿਮ ਰਿਹਾ। ਵਿਸ਼ਵ ਕੱਪ ਦੇ ਪੰਜ ਮੈਚਾਂ ਵਿੱਚ ਜਦੋਂ ਵੀ ਉਸ ਨੇ ਗੋਲ ਕੀਤਾ, ਉਦੋਂ ਟੀਮ ਜਿੱਤ ਜਾਂਦੀ ਰਹੀ ਹੈ। ਮੌਜੂਦਾ ਵਿਸ਼ਵ ਕੱਪ ਵਿੱਚ ਅੱਜ ਤੱਕ ਉਰੂਗੁਏ ਖ਼ਿਲਾਫ਼ ਕੋਈ ਗੋਲ ਨਹੀਂ ਹੋਇਆ। ਦੂਸਰੇ ਪਾਸੇ ਰੂਸੀ ਟੀਮ ਅੱਜ ਪੂਰੇ ਮੈਚ ਦੌਰਾਨ ਕਿਸੇ ਲੈਅ ਵਿੱਚ ਨਜ਼ਰ ਨਹੀਂ ਆਈ। ਈਗੋਰ ਸਮੋਲਨੀਕੋਵ ਨੂੰ ਮੈਚ ਵਿੱਚ ਦੋ ਵਾਰ ਪੀਲਾ ਕਾਰਡ ਵਿਖਾਏ ਜਾਣ ਕਾਰਨ ਰੂਸ ਦੀ ਟੀਮ ਨੂੰ ਲਗਪਗ 55 ਮਿੰਟ ਤੱਕ ਦਸ ਖਿਡਾਰੀਆਂ ਨਾਲ ਵੀ ਖੇਡਣਾ ਪੈ ਗਿਆ ਅਤੇ ਉਹ ਹਾਰ ਗਈ।
ਅੱਜ ਦੀ ਜਿੱਤ ਨਾਲ ਉਰੂਗੁਏ ਦੀ ਟੀਮ ਤਿੰਨ ਮੈਚਾਂ ਵਿੱਚ ਤਿੰਨ ਜਿੱਤਾਂ ਹਾਸਲ ਕਰ ਕੇ ਨੌਂ ਨੰਬਰਾਂ ਨਾਲ ਗਰੁੱਪ ਵਿੱਚ ਚੋਟੀ ਉੱਤੇ ਰਹੀ ਅਤੇ ਰੂਸ ਨੇ ਦੋ ਜਿੱਤਾਂ ਤੇ ਇੱਕ ਹਾਰ ਨਾਲ ਦੂਜਾ ਸਥਾਨ ਲੈ ਕੇ ਆਖਰੀ ਸੋਲਾਂ ਵਿੱਚ ਥਾਂ ਬਣਾਈ।
ਉਰੂਗੁਏ ਦੀ ਟੀਮ ਨੇ ਮੈਚ ਦੀ ਤੇਜ਼ ਸ਼ੁਰੂਆਤ ਕੀਤੀ ਤੇ ਰੂਸ ਨੂੰ ਸ਼ੁਰੂ ਵਿੱਚ ਹੀ ਪਛਾੜ ਦਿੱਤਾ। ਰੂਸ ਨੇ ਅੱਠਵੇਂ ਮਿੰਟ ਵਿੱਚ ਪਹਿਲਾ ਚੰਗਾ ਮੌਕਾ ਬਣਾਇਆ, ਪਰ ਮੌਜੂਦਾ ਵਿਸ਼ਵ ਕੱਪ ਵਿੱਚ ਉਸ ਦਾ ਸਫਲ ਖਿਡਾਰੀ ਡੈਨਿਸ ਚੈਰੀਸੇਵ ਉਰੂਗੁਏ ਦਾ ਸੁਰੱਖਿਆ ਘੇਰਾ ਨਹੀਂ ਤੋੜ ਸਕਿਆ। ਉਰੂਗੁਏ ਨੂੰ ਮੈਚ ਦੇ ਨੌਵੇਂ ਮਿੰਟ ਵਿੱਚ ਫਰੀ ਕਿੱਕ ਮਿਲੀ, ਜਦੋਂ ਰੂਸ ਦੇ ਯੂਰੀ ਗਜ਼ਿੰਸਕੀ ਨੇ ਡੀ ਦੇ ਅੰਦਰ ਵਿਰੋਧੀ ਟੀਮ ਦੇ ਰੋਡ੍ਰਿਗੋ ਬੇਂਤਾਂਕੁਰ ਨੂੰ ਡੇਗ ਦਿੱਤਾ। ਰੈਫਰੀ ਨੇ ਗਜ਼ਿੰਸਕੀ ਨੂੰ ਪੀਲਾ ਕਾਰਡ ਵੀ ਵਿਖਾਇਆ। ਲੂਈ ਸੁਆਰੇਜ਼ ਨੇ ਇਸ ਮੌਕੇ ਗੋਲ ਕਰ ਕੇ ਟੀਮ ਨੂੰ 1-0 ਨਾਲ ਲੀਡ ਦਿਵਾਈ। ਰੂਸ ਨੂੰ 13ਵੇਂ ਮਿੰਟ ਵਿੱਚ ਬਰਾਬਰੀ ਦਾ ਗੋਲ ਕਰਨ ਦਾ ਮੌਕਾ ਮਿਲਿਆ, ਪਰ ਵਿਸ਼ਵ ਕੱਪ ਵਿੱਚ ਤਿੰਨ ਗੋਲ ਕਰ ਚੁੱਕੇ ਚੈਰੀਸੇਵ ਨੇ ਸ਼ਾਟ ਸਿੱਧਾ ਉਰੂਗੁਏ ਦੇ ਗੋਲਕੀਪਰ ਫਰਨਾਂਡੋ ਮੁਸਲੇਰਾ ਦੇ ਹੱਥਾਂ ਵਿੱਚ ਮਾਰਿਆ ਅਤੇ ਗੋਲ ਕਰਨ ਤੋਂ ਰਹਿ ਗਿਆ। ਮੁਸਲੇਰਾ ਦਾ ਆਪਣੇ ਦੇਸ਼ ਦੇ ਗੋਲਕੀਪਰ ਵਜੋਂ ਇਹ 14ਵਾਂ ਵਿਸ਼ਵ ਕੱਪ ਮੈਚ ਹੈ।
ਇਸ ਦੌਰਾਨ ਸਾਊਦੀ ਅਰਬ ਨੇ ਵਿੰਗਰ ਸਲੀਮ ਅਲ ਦਵਸਾਰੀ ਦੇ ਇੰਜਰੀ ਟਾਈਮ ਦੇ ਆਖ਼ਰੀ ਮਿੰਟ ਵਿੱਚ ਦਾਗ਼ੇ ਗੋਲ ਦੀ ਮਦਦ ਨਾਲ ਗਰੁੱਪ ‘ਏ’ ਦੇ ਰਸਮੀ ਜਿਹੇ ਬਣ ਗਏ ਮੈਚ ਵਿੱਚ ਅੱਜ ਮਿਸਰ ਨੂੰ 2-1 ਗੋਲਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਅਤੇ ਰੂਸ ਵਿੱਚ ਚੱਲ ਰਹੇ ਫੁਟਬਾਲ ਵਿਸ਼ਵ ਕੱਪ ਨੂੰ ਅਲਵਿਦਾ ਕਿਹਾ।