ਰੁੱਕਿਆਂ ਤੋਂ ਵੱਟਸਐਪ ਸੁਨੇਹਿਆਂ ਤੱਕ

whatsapp
-ਅਮਰੀਕ ਸਿੰਘ ਦਿਆਲ
ਅੱਜ ਕੱਲ੍ਹ ਮੁੱਖ ਦਫਤਰ ਤੋਂ ਜਾਰੀ ਹੁੰਦੇ ਪੱਤਰ ‘ਤੇ ਹੋਏ ਦਸਤਖਤਾਂ ਦੀ ਹਾਲੇ ਸਿਆਹੀ ਨਹੀਂ ਸੁੱਕੀ ਹੁੰਦੀ ਕਿ ਉਹ ਸਕਿੰਟਾਂ ਵਿੱਚ ਲੰਬਾ ਸਫਰ ਤੈਅ ਕਰ ਲੈਂਦਾ ਹੈ। ਅੱਖ ਦੇ ਫੋਰ ਵਿੱਚ ਉਹ ਅਣਗਿਣਤ ਗਰੁੱਪਾਂ ਦਾ ਸ਼ਿੰਗਾਰ ਬਣ ਜਾਂਦਾ ਹੈ। ਕਦੇ ਸੰਚਾਰ ਦੇ ਸਾਧਨ ਇੰਨੇ ਤੇਜ਼ ਰਫਤਾਰ ਹੋ ਜਾਣਗੇ, ਸੋਚ ਤੋਂ ਪਰ੍ਹਾਂ ਦੀ ਗੱਲ ਹੁੰਦੀ ਸੀ।
1966 ਦੀ ਪਹਿਲੀ ਤਿਮਾਹੀ ਵਿੱਚ ਸਾਡੇ ਪਿੰਡ ਅਖਬਾਰ ਆਉਣੀ ਸ਼ੁਰੂ ਹੋਈ ਸੀ। ਅਖਬਾਰਾਂ ਵੰਡਣ ਵਾਲਾ ਅੱਛਰ ਸਿੰਘ ਬੜਾ ਹਿੰਮਤੀ ਅਤੇ ਸਿਰੜੀ ਬੰਦਾ ਸੀ। ਕਈ ਪਿੰਡਾਂ ਵਿੱਚੋਂ ਹੋ ਕੇ ਸਾਈਕਲ ਰਾਹੀਂ 75-80 ਕਿਲੋਮੀਟਰ ਦਾ ਪੈਂਡਾ ਮਾਰ ਦਿਨ ਚੜ੍ਹਦੇ ਤੱਕ ਉਹ ਅਖਬਾਰ ਘਰੋ-ਘਰੀ ਪੁੱਜਦੀ ਕਰ ਦਿੰਦਾ। ਉਨ੍ਹਾਂ ਦਿਨਾਂ ਵਿੱਚ ਇਕ ਅਖਬਾਰੀ ਖਬਰ ਪੜ੍ਹੀ ਸੀ ਕਿ ਭਵਿੱਖ ਵਿੱਚ ਅਜਿਹੇ ਫੋਨ ਆ ਜਾਣਗੇ ਜਿਨ੍ਹਾਂ ਰਾਹੀਂ ਪਤਾ ਲੱਗ ਜਾਇਆ ਕਰੂਗਾ ਕਿ ਬੰਦਾ ਐਸ ਵੇਲੇ ਕਿੱਥੇ ਹੈ। ਖਬਰ ਪੜ੍ਹ ਕੇ ਬੜੀ ਹੈਰਾਨੀ ਹੋਈ ਕਿ ਕੀ ਅਜਿਹੀ ਵੀ ਹੋ ਸਕਦਾ ਹੈ। ਨਤੀਜਾ ਸਾਡੇ ਸਾਹਮਣੇ ਹੈ। ਹੁਣ ਇਹ ਮੋਬਾਈਲ ਸਾਰਿਆਂ ਦੇ ਖੀਸੇ ਦਾ ਸ਼ਿੰਗਾਰ ਬਣਿਆ ਹੋਇਆ ਹੈ। ਇਥੋਂ ਤੱਕ ਕਿ ਇਸ ਨੇ ਸਾਰਿਆਂ ਨੂੰ ਜਕੜ ਲਿਆ ਲੱਗਦਾ ਹੈ। ਜੇ ਕਿਤੇ ਮੋਬਾਈਲ ਘਰ ਰਹਿ ਜਾਵੇ ਤਾਂ ਬੰਦਾ ਗੁਆਚਿਆ-ਗੁਆਚਿਆ ਮਹਿਸੂਸ ਕਰਦਾ ਹੈ।
ਸਾਡੇ ਪ੍ਰਾਇਮਰੀ ਜਮਾਤਾਂ ਵਿੱਚ ਪੜ੍ਹਨ ਵੇਲੇ ਸਕੂਲਾਂ ਵਿੱਚ ਆਪਸੀ ਤਾਲਮੇਲ ਦਾ ਢੰਗ ਰੁੱਕੇ ਹੁੰਦੇ ਸਨ। ਕਾਗਜ਼ ਦੇ ਇਕ ਟੁਕੜੇ ‘ਤੇ ਸੁਨੇਹਾ ਲਿਖ ਕੇ ਸਕੂਲ ਦੀ ਸਭ ਤੋਂ ਵੱਡੀ ਜਮਾਤ ਭਾਵ ਪੰਜਵੀਂ ਦੇ ਦੋ ਮੁੰਡੇ ਹੱਥ ਲਾਗਲੇ ਪਿੰਡ ਦੇ ਸਕੂਲ ਲਈ ਭੇਜੇ ਜਾਂਦੇ ਸਨ। ਕਈ ਮੁੰਡੇ ਪਹਿਲਾਂ ਹੀ ਇਸ ਤਾਕ ਵਿੱਚ ਹੁੰਦੇ ਸਨ ਕਿ ਉਨ੍ਹਾਂ ਨੂੰ ਕਦੋਂ ਰੁੱਕਾ ਦੇ ਕੇ ਭੇਜਿਆ ਜਾਵੇ। ਇਹ ਮੁੰਡੇ ਦੂਜੇ ਸਕੂਲ ਤੱਕ ਪਗਡੰਡੀ ਰਾਹੀਂ ਪੈਦਲ ਜਾਂ ਖੇਤੋ-ਖੇਤੀਂ ਬੜੇ ਚਾਈ-ਚਾਈਂ ਜਾਂਦੇ। ਇਕ ਵਾਰ ਸਕੂਲੋਂ ਇਸ ਕੰਮ ਲਈ ਰਵਾਨਾ ਹੋਏ ਤਾਂ ਛੁੱਟੀ ਹੋਣ ਤੱਕ ਹੀ ਸਕੂਲ ਵੜਦੇ। ਜਦੋਂ ਕਦੇ ਰਸਤੇ ਵਿੱਚ ਗੰਨੇ ਭੰਨ ਕੇ ਚੂਪਣ ਅਤੇ ਖੇਤਾਂ ਵਿੱਚੋਂ ਮੂਲੀਆਂ ਪੁੱਟ ਕੇ ਖਾਣ ਦੇ ਉਲਾਂਭੇ ਮਾਸਟਰ ਜੀ ਨੂੰ ਮਿਲਦੇ ਤਾਂ ਇਨ੍ਹਾਂ ਨੂੰ ਬਲੈਕ ਲਿਸਟ ਕਰਕੇ ਹੋਰਨਾਂ ਦੀ ਡਿਊਟੀ ਲੱਗ ਜਾਂਦੀ। ਜਿਸ ਸਕੂਲ ਵਿੱਚ ਇਹ ਰੁੱਕਾ ਪਹੁੰਚਦਾ, ਉਹ ਅੱਗੇ ਆਪਣੇ ਬੱਚਿਆਂ ਰਾਹੀਂ ਅਗਲੇ ਸਕੂਲ ਭੇਜ ਦਿੰਦੇ। ਇਸੇ ਤਰ੍ਹਾਂ ਅਗਾਂਹ ਲੜੀ ਬਣ ਜਾਂਦੀ। ਰੁੱਕਿਆਂ ਵਿੱਚ ਜੋ ਲਿਖਿਆ ਹੁੰਦਾ, ਬੱਚੇ ਉਹ ਰਸਤੇ ਵਿੱਚ ਹੀ ਪੜ੍ਹ ਲੈਂਦੇ।
ਸਾਡੇ ਇਕ ਅਧਿਆਪਕ ਨੇ ਇਕ ਵਾਰ ਨਵੀਂ ਤਰਕੀਬ ਸੋਚੀ ਕਿ ਬੱਚੇ ਰੁੱਕੇ ਵਿੱਚ ਲਿਖੇ ਸੁਨੇਹੇ ਨੂੰ ਨਾ ਪੜ੍ਹ ਸਕਣ। ਉਹ ਲਿਖਦੇ ਸਮੇਂ ਉਰਦੂ ਵਾਂਗ ਸੱਜੇ ਪਾਸਿਓਂ ਖੱਬੇ ਵੱਲ ਨੂੰ ਪੰਜਾਬੀ ਦੇ ਪੁੱਠੇ ਅੱਖਰ ਲਿਖਦੇ ਸਨ, ਜੋ ਸ਼ੀਸ਼ੇ ਵਿੱਚ ਦੇਖ ਕੇ ਪੜ੍ਹੇ ਜਾ ਸਕਦੇ ਸਨ। ਮਾਸਟਰ ਜੀ ਵੱਲੋਂ ਇਹ ਇਕ ਤਰ੍ਹਾਂ ਨਾਲ ਸੀਲਬੰਦ ਚਿੱਠੀ ਹੁੰਦੀ ਸੀ। ਮਾਸਟਰ ਜੀ ਦੀ ਪੁੱਠੇ ਅੱਖਰ ਲਿਖਣ ਦੀ ਮੁਹਾਰਤ ਇੰਨੀ ਹੋ ਗਈ ਕਿ ਉਹ ਬੜੀ ਤੇਜ਼ੀ ਨਾਲ ਇਹ ਕੰਮ ਕਰਦੇ ਸਨ। ਸਪੀਡ ਨਾਲ ਪੁੱਠੇ ਅੱਖਰ ਲਿਖਣੇ ਮੈਂ ਮਾਸਟਰ ਜੀ ਵੱਲ ਦੇਖ ਕੇ ਸਿੱਖੇ। ਬਾਰਾਂ ਕੁ ਸਾਲ ਪਹਿਲਾਂ ਸਕੂਲਾਂ ਵਿੱਚ ਕੰਪਿਊਟਰਾਂ ਦੀ ਪਹਿਲੀ ਖੇਪ ਪਹੁੰਚੀ। ਭਾਵੇਂ ਸੂਚਨਾਵਾਂ ਦਾ ਆਦਾਨ ਪ੍ਰਦਾਨ ਓਦੋਂ ਹੁਣ ਵਰਗਾ ਤੇਜ਼ ਨਹੀਂ ਸੀ, ਪਰ ਇਕ ਨਵੇਂ ਦੌਰ ਦਾ ਮੁੱਢ ਜ਼ਰੂਰ ਬੱਝਿਆ। ਵਕਤ ਨੇ ਅੰਗੜਾਈ ਲਈ। ਉਸ ਤੋਂ ਪਹਿਲਾਂ ਸਕੂਲਾਂ ਵਿੱਚ ਕਰਾਈਆਂ ਜਾਂਦੀਆਂ ਮਹੀਨਾਵਾਰ ਗਤੀਵਿਧੀਆਂ ਦੀ ਵੰਡ ਦਾ ਵਿੱਦਿਅਕ ਕੈਲੰਡਰ ਸਕੂਲਾਂ ਤੱਕ ਪਹੁੰਚਣਾ ਯਕੀਨੀ ਨਹੀਂ ਸੀ ਹੁੰਦਾ। ਮਹੀਨਾਵਾਰ ਮੀਟਿੰਗ ਵਿੱਚ ਜੇ ਕਿਤੇ ਮਿਲ ਗਿਆ ਤਾਂ ਮਿਲ ਗਿਆ, ਫਿਰ ਕਿੱਥੇ ਲੱਭਦਾ ਸੀ। ਇਹ ਕੈਲੰਡਰ ਹੁਣ ਵਰਗਾ ਰੰਗੀਨ ਅਤੇ ਵਧੀਆ ਨਹੀਂ, ਸਗੋਂ ਸਾਦੇ ਕਾਗਜ਼ ‘ਤੇ ਮਸ਼ੀਨ ਨਾਲ ਟਾਈਪ ਕੀਤਾ ਹੁੰਦਾ ਸੀ। ਸਾਡਾ ਇਸ ਵਿੱਦਿਅਕ ਕੈਲੰਡਰ ਦਾ ਪਿੱਛਾ ਕਰਨ ਦਾ ਮਕਸਦ ਨਵੰਬਰ ਵਿੱਚ ਵਿੱਦਿਅਕ ਟੂਰ ਲੈ ਕੇ ਜਾਣਾ ਹੁੰਦਾ ਸੀ। ਇਸੇ ਅਨੁਸਾਰ ਸਾਡਾ ਵਿੱਦਿਅਕ ਯਾਤਰਾ ਦਾ ਸਮੁੱਚਾ ਪ੍ਰੋਗਰਾਮ ਤੈਅ ਹੁੰਦਾ ਸੀ। ਇਕ ਸਾਲ ਇਹ ਕੈਲੰਡਰ ਸਾਡੇ ਹੱਥ ਲੱਗ ਗਿਆ, ਜਿਸ ਨੂੰ ਮੁੱਖ ਰੱਖ ਕੇ ਅਸੀਂ ਟੂਰ ਦੀ ਯੋਜਨਾ ਬਣਾ ਲਈ। ਦੂਜੇ ਸਾਲ ਅਸੀਂ ਇਸ ਕੈਲੰਡਰ ਨੂੰ ਲੱਭਦੇ ਜ਼ਿਲਾ ਦਫਤਰ ਤੋਂ ਮੁੱਖ ਦਫਤਰ ਪਹੁੰਚ ਗਏ। ਰਾਤ ਵੀ ਰਹਿਣਾ ਪਿਆ, ਪਰ ਵਿੱਦਿਅਕ ਕੈਲੰਡਰ ਨਾ ਮਿਲਿਆ। ਦੂਜੇ ਦਿਨ ਨਿਰਾਸ਼ ਖਾਲੀ ਹੱਥ ਪਰਤੇ। ਸਕੂਲਾਂ ਵਿੱਚ ਦੇਰ ਸ਼ਾਮ ਵੇਲੇ ਅਚਾਨਕ ਐਲਾਨੀਆਂ ਜਾਂਦੀਆਂ ਛੁੱਟੀਆਂ ਦਾ ਵੀ ਸਵੇਰੇ ਸਕੂਲ ਜਾ ਕੇ ਹੀ ਪਤਾ ਲੱਗਦਾ ਹੁੰਦਾ ਸੀ।
ਹੁਣ ਇੰਟਰਨੈਟ ਦੀ ਪਹੁੰਚ ਤੇ ਤੇਜ਼ੀ ਨਾਲ ਸਮੇਂ ਵਿੱਚ ਜ਼ਿਕਰ ਯੋਗ ਤਬਦੀਲੀ ਆਈ ਹੈ। ਵਟਸਐਪ ਗਰੁੱਪਾਂ ਰਾਹੀਂ ਜੇ ਕੋਈ ਪੁਰਾਣੀ ਤੋਂ ਪੁਰਾਣੀ ਚਿੱਠੀ ਦੀ ਮੰਗ ਕਰਦਾ ਹੈ ਤਾਂ ਸਕਿੰਟਾਂ ਵਿੱਚ ਹੀ ਪ੍ਰਾਪਤ ਹੋ ਜਾਂਦੀ ਹੈ। ਸੂਚਨਾਵਾਂ ਦਾ ਆਦਾਨ ਪ੍ਰਦਾਨ ਇੰਨਾ ਤੇਜ਼ ਅਤੇ ਸੁਖਾਲਾ ਹੋ ਜਾਵੇਗਾ, ਸ਼ਾਇਦ ਕਿਸੇ ਨੇ ਕਲਪਨਾ ਵੀ ਨਹੀਂ ਸੀ ਕੀਤੀ। ਜੇ ਇਸ ਤਕਨਾਲੋਜੀ ਦੀ ਯੋਗ ਵਰਤੋਂ ਕੀਤੀ ਜਾਵੇ ਤਾਂ ਸੋਨੇ ‘ਤੇ ਸੁਹਾਗੇ ਵਾਲੀ ਗੱਲ ਹੋਵੇਗੀ। ਸਾਡੇ ਅਸਲ ਕੰਮ ‘ਤੇ ਇਸ ਸਹੂਲਤ ਦਾ ਮਾੜਾ ਪ੍ਰਭਾਵ ਨਹੀਂ ਪੈਣਾ ਚਾਹੀਦਾ। ਲੰਬੇ ਪੜਾਅ ਤੋਂ ਬਾਅਦ ਮਿਲੀ ਇਹ ਵੱਡੀ ਸਹੂਲਤ ਕਿਸੇ ਲਈ ਸਮੱਸਿਆ ਨਾ ਬਣੇ, ਇਸ ਗੱਲ ‘ਤੇ ਗੌਰ ਕਰਨਾ ਸਾਡਾ ਫਰਜ਼ ਹੈ ਅਤੇ ਧਰਮ ਵੀ।