ਰੁਕ ਗਈ ਚੱਕੀਆਂ ਦੀ ਰਫਤਾਰ

-ਲਖਬੀਰ ਸਿੰਘ ਦੌਦਪੁਰ

ਘਰ-ਬਾਰ ਰੰਨਾਂ, ਚੱਕੀਆਂ ਝੋਤੀਆਂ ਨੀ
ਜਿਨ੍ਹਾਂ ਤਾਵਣਾ ਗੁੰਨ੍ਹ ਪਕਾਣੀਆਂ ਨੀ

ਇਨ੍ਹਾਂ ਕਾਵਿ ਸਤਰਾਂ ਰਾਹੀਂ ਮੱਧ-ਕਾਲ ਵਿੱਚ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਘਰੇਲੂ ਜਨ ਜੀਵਨ ਵਿਚਲੇ ਕੰਮ-ਕਾਰਾਂ ਵਿੱਚੋਂ ਇਕ ਅਹਿਮ ਕੰਮ ਚੱਕੀ ਝੋਣੀ ਜਾਂ ਚੱਕੀ ‘ਤੇ ਆਟਾ ਪੀਸਣ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ। ਆਧੁਨਿਕ ਦੌਰ ਵਿੱਚ ਜਿਥੇ ਹਰ ਸ਼ਹਿਰ, ਗਰਾਂ, ਕਸਬੇ ਅੰਦਰ ਬਿਜਲਈ ਚੱਕੀਆਂ ਆਟਾ ਪੀਸਣ ਲਈ ਲੱਗੀਆਂ ਹੋਈਆਂ ਹਨ, ਉਥੇ ਹੀ ਬਾਜ਼ਾਰ ਵਿੱਚੋਂ ਵੀ ਥੈਲੀਆਂ ਅੰਦਰ ਆਟਾ ਘਰੇਲੂ ਵਰਤੋਂ ਵਾਸਤੇ ਮਿਲਦਾ ਹੈ, ਪਰ ਪੁਰਾਣੇ ਸਮਿਆਂ ਵਿੱਚ ਇਸ ਤਰ੍ਹਾਂ ਨਹੀਂ ਸੀ। ਪਹਿਲਾਂ ਸੁਆਣੀਆਂ ਸਵੇਰੇ ਵੱਡੇ ਤੜਕੇ ਉਠ ਕੇ ਚੱਕੀਆਂ ਪੀਹਣ ਲੱਗਦੀਆਂ। ਵੱਖ-ਵੱਖ ਤਰ੍ਹਾਂ ਦੇ ਅਨਾਜ ਕਣਕ, ਬਾਜਰਾ, ਮੱਕੀ ਅਤੇ ਦਾਲਾਂ ਆਦਿ ਨੂੰ ਘਰੇ ਚੱਕੀ ਵਿੱਚ ਪੀਹ ਲਿਆ ਜਾਂਦਾ। ਕਣਕ ਅਤੇ ਬਾਜਰਾ ਦੋਵਾਂ ਨੂੰ ਮਿਲਾ ਕੇ ਬੇਰੜ ਦੀ ਰੋਟੀ ਤਿਆਰ ਕੀਤੀ ਜਾਂਦੀ ਜੋ ਸਰੀਰਿਕ ਤੰਦਰੁਸਤੀ ਦੇਣ ਦੇ ਨਾਲ-ਨਾਲ ਖਾਣ ਵਿੱਚ ਵੀ ਸਵਾਦਿਸ਼ਟ ਹੁੰਦੀ। ਉਪਰੋਂ ਮਾਵਾਂ ਜਾਂ ਘਰ ਦੀਆਂ ਹੋਰ ਸੁਆਣੀਆਂ ਰੋਟੀ ਨੂੰ ਪਾਣੀ ਹੱਥੀਂ ਬਣਾਉਂਦੀਆਂ ਅਤੇ ਨਾਲ ਖਾਣ ਨੂੰ ਮੱਖਣ ਆਦਿ ਹੁੰਦਾ। ਘਰਾਂ ਵਿੱਚ ਚੱਕੀ ਪੀਹਣ ਦਾ ਕੰਮ ਬਹੁਤ ਅਹਿਮ ਕੰਮ ਸੀ ਜੋ ਘਰ ਦੀਆਂ ਔਰਤਾਂ ਵੱਲੋਂ ਕੀਤਾ ਜਾਂਦਾ ਸੀ।
ਘਰੇਲੂ ਚੱਕੀ ਵਿੱਚ ਪੱਥਰ ਦੇ ਦੋ ਪੁੜ ਹੁੰਦੇ, ਉਨ੍ਹਾਂ ‘ਚੋਂ ਉਪਰਲੇ ਪੁੜ ਵਿਚਕਾਰ ਮਜ਼ਬੂਤ ਲੱਕੜ ਦੀ ਸੁਰਾਖਨੁਮਾ ਡੰਡੀ ਹੁੰਦੀ ਜਿਸ ਨੂੰ ‘ਮੰਨਣੀ’ ਕਿਹਾ ਜਾਂਦਾ ਸੀ। ਜਿਸ ਵਿੱਚੋਂ ਹੇਠਲੇ ਪੁੜ ਵਿੱਚ ਲੱਗੀ ਲੋਹੇ ਦੀ ਮੋਟੀ ਕਿੱਲੀ ਨਾਲ ਉਪਰਲਾ ਪੁੜ ਘੁੰਮਣ ਲਈ ਜੁੜਿਆ ਹੁੰਦਾ। ਇਹ ਕਿੱਲੀ ਧੁਰੀ ਦਾ ਕੰਮ ਦਿੰਦੀ ਸੀ। ਦੋਵਾਂ ਪੁੜਾਂ ਵਿੱਚ ਆਪਸ ਘਸਰਣ ਘਟਾਉਣ ਤੇ ਚੱਕੀ ਨੂੰ ਸੁਹੇਲੀ ਚਲਾਉਣ ਜਾਂ ਬਾਰੀਕ ਅਤੇ ਮੋਟਾ ਪੀਸਣ ਲਈ ‘ਉਲਾਲ’ ਚੱਕੀ ਦੇ ਦੋਵਾਂ ਪੁੜਾਂ ਵਿਚਕਾਰਲੀ ਕਿੱਲੀ ਵਿੱਚ ਪਾਇਆ ਹੁੰਦਾ ਜੋ ਕੱਪੜੇ ਜਾਂ ਲੀਰ ਦੀ ਬਣੀ ਹੋਈ ਹੁੰਦੀ ਸੀ। ਉਪਰਲੇ ਪੁੜ ਵਿੱਚ ਲੱਕੜ ਦਾ ੱਥਾ ਚੱਕੀ ਚਲਾਉਣ ਵਾਸਤੇ ਲੱਗਿਆ ਹੁੰਦਾ। ਘਰਾਂ ਵਿੱਚ ਚੱਕੀਆਂ ਦੇ ਹੇਠਲੇ ਪੁੜ ਨੂੰ ਮਿੱਟੀ ਗਾਰੇ ਵਿੱਚ ਥਾਂ ਸਿਰ ਪੱਕਾ ਕਰਕੇ ਉਪਰਲੇ ਪੁੜ ਨੂੰ ਘੁੰਮਣ ਦੀ ਹਾਲਤ ਵਿੱਚ ਰੱਕਿਆ ਜਾਂਦਾ। ਪੁੜਾਂ ਦੇ ਦੁਆਲੇ ਚੀਕਣੇ ਗਾਰੇ ਦੀਆਂ ਛੋਟੀਆਂ ਕੰਧੋਲੀਆਂ ਬਣਾਈਆਂ ਜਾਂਦੀਆਂ ਜੋ ਪੀਸਣ ਵਾਲੇ ਅਨਾਜ ਨੂੰ ਚੁਫੇਰੇ ਖਿਲਰਨ ਤੋਂ ਰੋਕਦੀਆਂ। ਇਨ੍ਹਾਂ ਵਿੱਚ ਇਕ ਪਾਸੇ ਮੋਘਾ ਜਿਹਾ ਰੱਖ ਲਿਆ ਜਾਂਦਾ ਤਾਂ ਜੋ ਪੀਸਿਆ ਹੋਇਆ ਆਟਾ ਜਾਂ ਦਲੀਆ ਵਗੈਰਾ ਇਕ ਪਾਸੇ ਨਿਕਲੇ।
ਪੁਰਾਣੇ ਪੰਜਾਬ ਅੰਦਰ ਘਰ ਦੀਆਂ ਸੁਆਣੀਆਂ ਚੱਕੀਆਂ ਨੂੰ ਲਿਪ ਸੰਵਾਰ ਕੇ ਰੱਖਦੀਆਂ। ਕਈ ਵਾਰ ਇਨ੍ਹਾਂ ਨੂੰ ਪਾਂਡੂ ਮਿੱਟੀ ਵਗੈਰਾ ਫੇਰ ਕੇ ਇਨ੍ਹਾਂ ‘ਤੇ ਵਧੀਆ ਚਿੱਤਰਕਾਰੀ ਕਰਕੇ ਆਪਣੀ ਕਲਾ ਰਾਹੀਂ ਇਨ੍ਹਾਂ ਨੂੰ ਹੱਦੋਂ ਵੱਧ ਸਜ਼ਾ ਦਿੰਦੀਆਂ। ਆਮ ਕਰਕੇ ਚੱਕੀਆਂ ਵੱਡੇ ਤੜਕੇ ਉਠ ਕੇ ਪੀਸਣਾ ਆਮ ਗੱਲ ਸੀ ਜਿਵੇਂ ਵਾਰਿਸ ਦੀ ਹੀਰ ਵਿੱਚੋਂ ਉਪਰੋਕਤ ਸ਼ੁਰੂਆਤੀ ਸਤਰਾਂ ਨਾਲ ਇਸ ਗੱਲ ਦਾ ਪਤਾ ਲੱਗਦਾ ਹੈ। ਉਥੇ ਹੀ ਲੋਕ ਕਾਵਿ ਵਿੱਚ ਇਸ ਸਬੰਧੀ ਜਾਣਕਾਰੀ ਮਿਲਦੀ ਹੈ:

ਅੱਧੀ ਰਾਤ ਪਹਿਰ ਦਾ ਤੜਕਾ
ਅਸੀਂ ਉਠ ਕੇ ਚੱਕੀ ਝੋ ਲਈ ਵੇ

ਚੱਕੀ ਪੰਜਾਬੀ ਲੋਕ ਕਾਵਿ ਵਿੱਚ ਲੋਕ ਮਨਾਂ ਦੇ ਕਾਫੀ ਨੇੜੇ ਹੈ। ਪੰਜਾਬੀ ਲੋਕ ਕਾਵਿ ਵਿੱਚ ਕਿੰਨੀਆਂ ਹੀ ਵੰਨਗੀਆਂ ਜਿਵੇਂ ਬੋਲੀਆਂ, ਲੋਕ ਗੀਤ, ਟੱਪੇ ਆਦਿ ਮਿਲਦੇ ਹਨ, ਜਿਨ੍ਹਾਂ ਵਿੱਚ ਚੱਕੀ ਨੂੰ ਕੇਂਦਰ ਵਿੱਚ ਰੱਖ ਕੇ ਮਨੁੱਖੀ ਮਨ ਦੀਆਂ ਸੱਧਰਾਂ, ਭਾਵਨਾਵਾਂ ਦੀ ਗੱਲ ਕੀਤੀ ਗਈ। ਕਈ ਵਾਰ ਪੇਕੇ ਘਰ ਦੀ ਲਾਡਲੀ ਧੀ, ਜਿਸ ਨੇ ਬਾਬਲ ਦੇ ਘਰ ਮੌਜਾਂ ਦੇ ਦਿਨ ਗੁਜ਼ਾਰੇ ਹੁੰਦੇ ਅਤੇ ਸਹੁਰੇ ਜਾ ਕੇ ਉਸ ਨੂੰ ਚੱਕੀ ਪੀਸਣ ਵਰਗੇ ਔਖੇ ਕੰਮ ਕਰਨੇ ਪੈ ਜਾਂਦੇ ਤਾਂ ਉਹ ਆਪਣੇ ਮਨ ਦੇ ਭਾਵਾਂ ਨੂੰ ਕੁਝ ਇਸ ਤਰ੍ਹਾਂ ਬਿਆਨ ਕਰਦੀ:

ਮਾਪਿਆਂ ਨੇ ਮੈਂ ਰੱਖੀ ਲਾਡਲੀ
ਸਹੁਰੀਂ ਪਿਹਾ ਲਈ ਚੱਕੀ
ਮਾਂ ਦੀਏ ਲਾਡਲੀਏ
ਸੌ ਵੱਲ ਪੈਂਦੇ ਵੱਖੀ

ਭਾਰੀ ਚੱਕੀ ਪੀਸਣ ਤੋਂ ਤੰਗ ਆਈ ਮੁਟਿਆਰ ਆਪਣੀ ਸੱਸ ਨੂੰ ਆਖਦੀ:

ਟੱਲੀ-ਟੱਲੀ-ਟੱਲੀ
ਭਾਰੀ ਤੇਰੀ ਚੱਕੀ ਸੱਸੜੇ
ਝੋਵਾਂ ਕਿਵੇਂ ਮੈਂ ਕੱਲੀ
ਅੱਕੀ ਤੇਰੀ ਚੱਕੀ
ਮੈਂ ਪੇਕਿਆਂ ਨੂੰ ਚੱਲੀ

ਪਹਾੜੀ ਖੇਤਰਾਂ ਵਿੱਚ ਪਾਣੀ ਦੇ ਪਹਾੜੀ ਚੋਆਂ ਨਾਲ ਚੱਲਣ ਵਾਲੇ ਘਰਾਟ ਆਟਾ ਪੀਸਣ ਦੇ ਕੰਮ ਆਉਂਦੇ ਸਨ ਜੋ ਵਿਸ਼ੇਸ਼ ਕਿਸਮ ਦੇ ਬਣੇ ਹੁੰਦੇ। ਲੋਕ ਕਾਵਿ ਅੰਦਰ ਸ਼ੁਰੂਆਤੀ ਪਣਚੱਕੀਆਂ ਬਾਰੇ ਵੀ ਜਾਣਕਾਰੀ ਹਾਸਲ ਹੁੰਦੀ ਹੈ:

ਸੱਸ ਨੇ ਸੁੱਟਿਆ ਮੂਹਰੇ ਪੀਸਣਾ ਮਾਹੀ ਵੇ
ਸਾਨੂੰ ਬਾਬਲੇ ਦੀ ਪਣਚੱਕੀ ਯਾਦ ਆਈ ਵੇ

ਵਿਆਹ ਵੇਲੇ ਕਾਲੇ ਮਾਂਹ ਪੀਸਣ ਨੂੰ ਸ਼ੁਭ ਸ਼ਗਨ ਵਜੋਂ ਲਿਆ ਜਾਂਦਾ ਹੈ। ਇਹ ਰਸਮ ਕਿਤੇ-ਕਿਤੇ ਹਾਲੇ ਵੀ ਵੇਖਣ ਨੂੰ ਮਿਲ ਜਾਂਦੀ ਹੈ, ਜੋ ਪੁਰਾਣੀ ਰਵਾਇਤੀ ਚੱਕੀ ਰਾਹੀਂ ਨਿਭਾਈ ਜਾਂਦੀ ਹੈ। ਚੱਕੀ ਦੀ ਮਹੱਤਤਾ ਸਮਾਜਿਕ ਜੀਵਨ ਤੱਕ ਹੀ ਨਹੀਂ, ਅਧਿਆਤਮਕ ਜੀਵਨ ਦਰਸ਼ਨ ਵਿੱਚ ਵੀ ਇਸ ਨੂੰ ਸੰਤਾਂ ਭਗਤਾਂ ਨੇ ਉਚ ਦਰਜਾ ਦਿੱਤਾ ਹੈ। ਮਨੁੱਖੀ ਜੀਵਨ ਵਿੱਚ ਇਸ ਦੀ ਮਹੱਤਤਾ ਤੇ ਸਥਾਨ ਨੂੰ ਮੁੱਖ ਰੱਖ ਕੇ ਭਗਤ ਕਬੀਰ ਤਾਂ ਇਸ ਨੂੰ ਪੂਜਣਯੋਗ ਦਰਜਾ ਦਿੰਦੇ ਹਨ। ਉਨ੍ਹਾਂ ਅਨੁਸਾਰ:

ਪਾਥਰ ਪੂਜੈ ਹਰਿ ਮਿਲੈ ਤੋ ਮੈਂ ਪੂਜਹੁ ਪਹਾੜ
ਘਰ ਕੀ ਚੱਕੀ ਕੋਇ ਨਾ ਪੂਜੇ ਜਿਸ ਕਾ ਪੀਸਾ ਖਾਇ ਸੰਸਾਰ।

ਗੁਰਬਾਣੀ ਵਿੱਚ ਚੱਕੀ, ਚੱਕ ਆਦਿ ਦੇ ਹਵਾਲੇ ਨਾਲ ਬ੍ਰਹਿਮੰਡ ਦੇ ਅਸੀਮ, ਅਨੰਤ ਵਿਸਥਾਰ ਅਤੇ ਵਰਤਾਰੇ ਬਾਰੇ ਆਸਾ ਦੀ ਵਾਰ ਵਿੱਚ ਆਖਿਆ ਗਿਆ ਹੈ। ਚੱਕੀ ਬਾਰੇ ਕਈ ਸਾਰੀਆਂ ਅਖਾਉਤਾ ਤੇ ਕਹਾਵਤਾਂ ਮਿਲਦੀਆਂ ਹਨ ਜਿਵੇਂ ਕਿ ਇਹ ਕਿਸੇ ਕੰਮ ਵਿੱਚ ਕਸੂਤੇ ਫਸੇ ਬੰਦੇ ਬਾਰੇ ਆਮ ਕਹਿ ਦਿੱਤਾ ਜਾਂਦਾ ਹੈ ਕਿ ‘ਫਲਾਣੇ ਦੇ ਹੱਥ ਤਾਂ ਚੱਕੀ ਦੇ ਪੁੜ ਥੱਲੇ ਆ ਗਏ, ਵੇਖਦੇ ਆਂ ਕਦੋਂ ਨਿਕਲਦੇ ਆ’ ਜਾਂ ਦੋ ਧਿਰਾਂ ਵਿਚਕਾਰ ਫਸੇ ਖਾਸਕਰ ਘਰਵਾਲੀ ਅਤੇ ਮਾਂ ਦੇ ਝਗੜੇ ਵਿਚਕਾਰ ਫਸੇ ਬੰਦੇ ਬਾਰੇ ਕਿਹਾ ਜਾਂਦਾ ਹੈ ਕਿ ਉਹ ਤਾਂ ਚੱਕੀ ਦੇ ਪੁੜਾਂ ਵਿਚਾਲੇ ਫਸ ਗਿਆ ਹੈ। ਕੋਈ ਗਲਤ ਕੰਮ ਤੋਂ ਡਰਦਾ ਬੰਦਾ ਇਹ ਆਮ ਕਹਿ ਦਿੰਦਾ ਹੈ ‘ਮੈਂ ਜੇਲ ਵਿੱਚ ਚੱਕੀ ਨਹੀਂ ਪੀਸਣੀ।’
ਪੁਰਾਣੇ ਸਮਿਆਂ ਵਿੱਚ ਚੱਕੀ ਪੀਸਣ, ਉਖਲੀ ਵਿੱਚ ਅਨਾਜ ਕੁੱਟਣ ਆਦਿ ਦੇ ਮਿਹਨਤ ਵਾਲੇ ਕੰਮ ਕਰਨ ਸਦਕਾ ਜਿਥੇ ਸਰੀਰਿਕ ਤੰਦਰੁਸਤੀ ਬਣੀ ਰਹਿੰਦੀ, ਉਥੇ ਮਾਨਸਿਕ ਸੰਤੁਸ਼ਟੀ ਵੀ ਪ੍ਰਾਪਤ ਹੁੰਦੀ, ਕਿਉਂਕਿ ਇਹ ਕੰਮ ਕਰਦੇ ਸਮੇਂ ਮਨ ਦੇ ਭਾਵ ਤੇ ਵਲਵਲੇ ਲੋਕ ਕਾਵਿ ਬਣ ਕੇ ਲੋਕ ਗੀਤਾਂ, ਟੱਪਿਆਂ, ਬੋਲੀਆਂ, ਸਿੱਠਣੀਆਂ ਦੇ ਰੂਪ ਵਿੱਚ ਬਾਹਰ ਨਿਕਲ ਕੇ ਅਤੇ ਸਾਡੇ ਕੰਮਕਾਰਾਂ ਨਾਲ ਇਕਸੁਰਤਾ ਕਾਇਮ ਕਰਕੇ ਸਾਡੇ ਵਿਰਸੇ, ਸੰਸਕ੍ਰਿਤੀ ਤੇ ਸੱਭਿਆਚਾਰ ਦਾ ਅਨਿੱਖੜ ਅੰਗ ਹੋ ਨਿਬੜਦੇ। ਭਾਵੇਂ ਅੱਜ ਦੇ ਤੇਜ਼ ਰਫਤਾਰ ਯੁੱਗ ਵਿੱਚ ਚੱਕੀ ਵਰਗੇ ਧੀਮੀ ਚਾਲ ਵਾਲੇ ਯੰਤਰ ਜਾਂ ਸੰਦ ਲੋਪ ਹੁੰਦੇ ਜਾ ਰਹੇ ਹਨ, ਪਰ ਇਨ੍ਹਾਂ ਨੇ ਸਾਡੇ ਪੁਰਖਿਆਂ ਜਾਂ ਬਜ਼ੁਰਗਾਂ ਦਾ ਨਿੱਠ ਕੇ ਸਾਥ ਨਿਭਾਇਆ ਹੈ। ਇਹ ਸਾਡੇ ਵਿਰਸੇ, ਸੱਭਿਆਚਾਰ, ਰਸਮਾਂ, ਰਵਾਇਤਾਂ, ਹਰਖਾਂ, ਸੋਗਾਂ, ਖੁਸ਼ੀਆਂ ਆਦਿ ਦੇ ਹਮੇਸ਼ਾ ਹਾਣੀ ਰਹੇ ਹਨ। ਜੇ ਅਜਿਹੇ ਸੰਦਾਂ, ਵਸਤੂਆਂ ਨੂੰ ਅਸੀਂ ਮੁੜ ਜ਼ਿੰਦਗੀ ਦੀ ਚਾਲ ਵਿੱਚ ਸ਼ਾਮਲ ਨਹੀਂ ਕਰ ਸਕਦੇ ਤਾਂ ਇਨ੍ਹਾਂ ਨੂੰ ਵਿਸਾਰ ਦੇਣਾ ਵੀ ਆਪਣੇ ਪੁਰਖਿਆਂ ਨੂੰ ਵਿਸਾਰ ਦੇਣ ਦੇ ਬਰਾਬਰ ਹੀ ਹੈ ਅਤੇ ਆਪਣੇ ਵਿਰਸੇ, ਸੰਸਕ੍ਰਿਤੀ ਤੇ ਸੱਭਿਆਚਾਰ ਤੋਂ ਦੂਰ ਹੋ ਜਾਣਾ ਹੈ।