ਰਿਹਾਇਸ਼ੀ ਸਕੂਲਾਂ ਬਾਰੇ ਟਿੱਪਣੀ ਕਰਨ ਮਗਰੋਂ ਬੇਯਾਕ ਨੂੰ ਸੈਨੇਟ ਕਮੇਟੀ ਤੋਂ ਹਟਾਇਆ ਗਿਆ

o-LYNN-BEYAK-570ਓਟਵਾ, 5 ਅਪਰੈਲ (ਪੋਸਟ ਬਿਊਰੋ) : ਕੰਜ਼ਰਵੇਟਿਵ ਸੈਨੇਟਰ ਲਿੰਨ ਬੇਯਾਕ ਨੂੰ ਮੂਲਵਾਸੀ ਲੋਕਾਂ ਬਾਰੇ ਸੈਨੇਟ ਦੀ ਕਮੇਟੀ ਤੋਂ ਹਟਾ ਦਿੱਤਾ ਗਿਆ ਹੈ। ਬੇਯਾਕ ਨੇ ਕੁੱਝ ਦਿਨ ਪਹਿਲਾਂ ਇਹ ਆਖਿਆ ਸੀ ਕਿ ਕੈਨੇਡਾ ਦੇ ਰਿਹਾਇਸ਼ੀ ਸਕੂਲਾਂ ਵਿੱਚ ਕੁੱਝ ਤਾਂ ਚੰਗਾ ਸੀ।
ਕੰਜ਼ਰਵੇਟਿਵਾਂ ਦੀ ਅੰਤਰਿਮ ਆਗੂ ਰੋਨਾ ਐਂਬਰੋਜ਼ ਦੀ ਤਰਜ਼ਮਾਨ ਨੇ ਆਖਿਆ ਕਿ ਸੈਨੇਟਰ ਵੱਲੋਂ ਦਿੱਤੇ ਗਏ ਵਿਵਾਦਗ੍ਰਸਤ ਬਿਆਨ ਨਾਲ ਰਿਹਾਇਸ਼ੀ ਸਕੂਲਾਂ ਬਾਰੇ ਪਾਰਟੀ ਦਾ ਪੱਖ ਜ਼ਾਹਿਰ ਨਹੀਂ ਹੁੰਦਾ। ਇਸ ਹਫਤੇ ਦੇ ਸੁ਼ਰੂ ਵਿੱਚ ਕਮੇਟੀ ਦੀ ਹੀ ਮੈਂਬਰ ਇੱਕ ਮੂਲਵਾਸੀ ਸੈਨੇਟਰ ਨੇ ਇਹ ਆਖਿਆ ਸੀ ਕਿ ਇਸ ਤਰ੍ਹਾਂ ਦਾ ਬਿਆਨ ਦੇਣ ਤੋਂ ਬਾਅਦ ਵੀ ਜੇ ਬੇਯਾਕ ਕਮੇਟੀ ਦੀ ਮੈਂਬਰ ਬਣੀ ਰਹਿੰਦੀ ਹੈ ਤਾਂ ਉਹ ਕਮੇਟੀ ਦਾ ਬਾਈਕਾਟ ਕਰੇਗੀ।
ਸੈਨੇਟਰ ਸੈਂਡਰਾ ਲਵਲੇਸ ਨਿਕੋਲਸ ਨੇ ਆਖਿਆ ਕਿ ਆਪਣੀ ਸੈਨੇਟ ਮੈਂਬਰ ਦੀ ਅਜਿਹੀ ਟਿੱਪਣੀ ਤੋਂ ਬਾਅਦ ਉਹ ਸਦਮੇ ਵਿੱਚ ਹੈ। ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਦੀ ਟਰੁੱਥ ਤੇ ਰੀਕੌਂਸੀਲਿਏਸ਼ਨ ਕਮਿਸ਼ਨ ਨੇ ਸਰਕਾਰ ਵੱਲੋਂ ਫੰਡ ਪ੍ਰਾਪਤ ਕਰਨ ਵਾਲੇ ਤੇ ਚਰਚ ਵੱਲੋਂ ਆਪਰੇਟ ਕੀਤੇ ਜਾਣ ਵਾਲੇ ਇਨ੍ਹਾਂ ਸਕੂਲਾਂ ਸਬੰਧੀ ਜਾਂਚ ਵਿੱਚ ਛੇ ਸਾਲ ਦਾ ਸਮਾਂ ਲਾਇਆ। ਇਹ ਸਕੂਲ 1870ਵਿਆਂ ਤੋਂ 1996 ਤੱਕ ਚਲਾਏ ਗਏ ਪਰ ਇੱਥੇ ਪੜ੍ਹਨ ਵਾਲੇ ਬੱਚਿਆਂ ਦਾ ਕਥਿਤ ਤੌਰ ਉੱਤੇ ਜਿਨਸੀ ਤੇ ਮਾਨਸਿਕ ਸੋ਼ਸ਼ਣ ਕੀਤਾ ਜਾਂਦਾ ਸੀ।
ਫਰਸਟ ਨੇਸ਼ਨਜ਼ ਅਸੈਂਬਲੀ ਦੇ ਨੈਸ਼ਨਲ ਚੀਫ ਪੈਰੀ ਬੈਲੇਗਾਰਡ ਨੇ ਵੀ ਬੇਯਾਕ ਨੂੰ ਕਮੇਟੀ ਤੋਂ ਹਟਾਏ ਜਾਣ ਦੀ ਮੰਗ ਕੀਤੀ ਸੀ।