ਰਿਸ਼ਵਤ ਦੇ ਦੋਸ਼ੀ ਡੇਅਰੀ ਵਿਕਾਸ ਇੰਸਪੈਕਟਰ ਨੂੰ ਚਾਰ ਸਾਲ ਕੈਦ

jail
ਮੋਗਾ, 6 ਅਗਸਤ (ਪੋਸਟ ਬਿਊਰੋ)- ਵਧੀਕ ਜ਼ਿਲ੍ਹਾ ਸੈਸ਼ਨ ਜੱਜ ਲਖਵਿੰਦਰ ਕੌਰ ਦੁੱਗਲ ਦੀ ਅਦਾਲਤ ਨੇ ਰਿਸਵਤ ਦੇ ਕੇਸ ਵਿੱਚ ਡੇਅਰੀ ਵਿਕਾਸ ਇੰਸਪੈਕਟਰ ਨੂੰ ਚਾਰ ਸਾਲ ਕੈਦ ਅਤੇ ਅੱਠ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਵਿਜੀਲੈਂਸ ਬਿਊਰੋ ਨੇ ਤਿੰਨ ਸਾਲ ਪਹਿਲਾਂ ਦੋਸ਼ੀ ਨੂੰ ਕਿਸਾਨ ਤੋਂ ਸਬਸਿਡੀ ਦੀ ਅਰਜ਼ੀ ‘ਤੇ ਕਾਰਵਾਈ ਲਈ ਅੱਠ ਹਜ਼ਾਰ ਦੀ ਰਿਸ਼ਵਤ ਲੈਂਦੇ ਰੰਗੇ ਹੱਥ ਗ੍ਰਿਫਤਾਰ ਕੀਤਾ ਸੀ। ਉਸ ਦੇ ਖਿਲਾਫ ਥਾਣਾ ਵਿਜੀਲੈਂਸ ਫਿਰੋਜ਼ਪੁਰ ਵਿੱਚ 14 ਜੁਲਾਈ 2014 ਨੂੰ ਕੇਸ ਦਰਜ ਕੀਤਾ ਗਿਆ ਸੀ।
ਵਿਜੀਲੈਂਸ ਅਧਿਕਾਰੀਆਂ ਦੇ ਦੱਸਣ ਮੁਤਾਬਕ ਕਿਸਾਨ ਸਾਧੂ ਸਿੰਘ ਪਿੰਡ ਠੱਠੀ ਭਾਈ ਨੇ ਤਿੰਨ ਸਾਲ ਪਹਿਲਾਂ 14 ਜੁਲਾਈ 2014 ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਨੇ ਪੰਜਾਬ ਡੇਅਰੀ ਵਿਕਾਸ ਵਿਭਾਗ ਤੋਂ ਗਊਆਂ ਦੀ ਸਬਸਿਡੀ ਲਈ ਅਰਜ਼ੀ ਦਿੱਤੀ ਸੀ। ਕਿਸਾਨ ਦੇ ਮੁਤਾਬਕ ਡੇਅਰੀ ਵਿਭਾਗ ਅਫਸਰਾਂ ਨੇ ਉਸ ਦੀ ਅਰਜ਼ੀ ‘ਤੇ ਬਿਨਾਂ ਕਾਰਨ ਇਤਰਾਜ਼ ਲਾ ਦਿੱਤੇ ਅਤੇ ਇਤਰਾਜ਼ ਦੂਰ ਕਰਨ ਬਦਲੇ ਪਿੰਡ ਗਿੱਲ ਵਿੱਚ ਆਧੁਨਿਕ ਤਕਨੀਕ ਨਾਲ ਬਣੇ ਡੇਅਰੀ ਵਿਕਾਸ ਕੇਂਦਰ ਵਿੱਚ ਡੇਅਰੀ ਵਿਕਾਸ ਇੰਸਪੈਕਟਰ ਸ਼ਿੰਦਰ ਸਿੰਘ ਨੇ ਉਸ ਤੋਂ 20 ਹਜ਼ਾਰ ਰੁਪਏ ਰਿਸ਼ਵਤ ਮੰਗੀ। ਸੌਦਾ ਅੱਠ ਹਜ਼ਾਰ ਵਿੱਚ ਤੈਅ ਹੋਣ ਪਿੱਛੋਂ ਕਿਸਾਨ ਨੇ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਸੀ। ਡੀ ਐੱਸ ਪੀ ਵਿਜੀਲੈਂਸ ਸੁਰਿੰਦਰ ਕੁਮਾਰ ਨੇ ਕਿਸਾਨ ਤੋਂ ਅੱਠ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਡੇਅਰੀ ਵਿਕਾਸ ਇੰਸਪੈਕਟਰ ਸ਼ਿੰਦਰ ਸਿੰਘ ਨੂੰ ਪਿੰਡ ਗਿੱਲ ਸਥਿਤ ਡੇਅਰੀ ਵਿਕਾਸ ਕੇਂਦਰ ਦਫਤਰ ਤੋਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਸੀ।