ਰਿਸਕ ਲੈਣਾ ਜ਼ਰੂਰੀ : ਟਾਈਗਰ ਸ਼ਰਾਫ


ਪਹਿਲੀ ਫਿਲਮ ‘ਹੀਰੋਪੰਤੀ’ (2014) ਦੇ ਲਈ ਮੇਲ ਡੈਬਿਊ ਅਵਾਰਡ ਮਿਲਣ ਦੇ ਬਾਅਦ ਟਾਈਗਰ ਸ਼ਰਾਫ ਨੂੰ ਆਉਣ ਵਾਲੇ ਕੱਲ੍ਹ ਦਾ ਸੁਪਰਸਟਾਰ ਮੰਨ ਲਿਆ ਗਿਆ। ਹਰ ਉਮਰ ਦੇ ਦਰਸ਼ਕਾਂ ਨੇ ਉਨ੍ਹਾਂ ਨੂੰ ਪਸੰਦ ਕੀਤਾ ਅਤੇ ਉਸ ਨੂੰ ਬੇਹੱਦ ਟੈਲੇਂਟਿਡ ਅਤੇ ਸਮਰਪਿਤ ਕਲਾਕਾਰ ਵਜੋਂ ਮਾਨਤਾ ਮਿਲ ਗਈ। ‘ਹੀਰੋਪੰਤੀ’ ਦੇ ਬਾਅਦ ‘ਬਾਗੀ’ ਇੱਕ ਐਕਸ਼ਨ ਭਰਪੂਰ ਫਿਲਮ ਸੀ। ਦੋ ਲਗਾਤਾਰ ਇੱਕੋ ਜਿਹੀਆਂ ਫਿਲਮਾਂ ਦੇ ਨਾਲ ਉਸ ਦੀ ਐਕਸ਼ਨ ਹੀਰੋ ਦੀ ਇਮੇਜ ਬਣ ਗਈ, ਪ੍ਰੰਤੂ ਜਦ ਸਥਾਪਤ ਇਮੇਜ ਦੇ ਉਲਟ ਟਾਈਗਰ ਦੀ ‘ਏ ਫਲਾਇੰਗ ਜੱਟ’ (2016) ਵਿੱਚ ਰਿਲੀਜ਼ ਹੋਈ ਤਾਂ ਦਰਸ਼ਕਾਂ ਨੇ ਉਨ੍ਹਾਂ ਨੂੰ ਨਕਾਰ ਦਿੱਤਾ। ਉਸ ਦੀਆਂ ਅਗਲੀਆਂ ਫਿਲਮਾਂ ਵਿੱਚ ‘ਬਾਗੀ 2’ ਵਿੱਚ ਉਸ ਦੀ ਖਾਸ ਦੋਸਤ ਦੀਸ਼ਾ ਪਾਟਨੀ ਨਜ਼ਰ ਆਏਗੀ। ਕਰਣ ਜੌਹਰ ਦੀ ‘ਸਟੂਡੈਂਟ ਆਫ ਦੀ ਈਅਰ 2’ ਵਿੱਚ ਉਸ ਦੇ ਆਪੋਜ਼ਿਟ ਚੰਕੀ ਪਾਂਡੇ ਦੀ ਬੇਟੀ ਅਨੰਨਿਆ ਪਾਂਡੇ ਨਜ਼ਰ ਆਏਗੀ। ਟਾਈਗਰ ਸ਼ਰਾਫ ਕੋਲ ਸਿਲਵੈਸਟਰ ਸਟੈਲੋਨ ਸਟਾਰਰ ਹਾਲੀਵੁੱਡ ਫਿਲਮ ‘ਰੈਂਬੋ’ ਦੀ ਹਿੰਦੀ ਰੀਮੇਕ ਵੀ ਹੈ। ਇਸ ਨੂੰ ਸਿਧਾਰਥ ਆਨੰਦ ਡਾਇਰੈਕਟ ਕਰਨਗੇ। ਇਸ ਦੇ ਇਲਾਵਾ ਯਸ਼ਰਾਜ ਫਿਲਮਜ਼ ਵੀ ਟਾਈਗਰ, ਰਿਤਿਕ ਰੋਸ਼ਨ ਅਤੇ ਵਾਣੀ ਕਪੂਰ ਦੇ ਨਾਲ ਇੱਕ ਫਿਲਮ ਸ਼ੁਰੂ ਕਰਨ ਜਾ ਰਹੇ ਹਨ। ਪੇਸ਼ ਇਸੇ ਸਿਲਸਿਲੇ ਵਿੱਚ ਟਾਈਗਰ ਸ਼ਰਾਫ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਕੱਲ੍ਹ ਤੱਕ ਤੁਹਾਨੂੰ ਨਵੀਂ ਪੀੜ੍ਹੀ ਦਾ ਸਭ ਤੋਂ ਵੱਧ ਭਰੋਸੇਮੰਦ ਸਟਾਰ ਮੰਨਿਆ ਜਾਂਦਾ ਸੀ। ਦੋ ਫਿਲਮਾਂ ਦੀ ਨਾਕਾਮੀ ਨਾਲ ਤੁਹਾਡੀ ਭਰੋਸੇ ਯੋਗਤਾ ਵਿੱਚ ਕਿੰਨਾ ਕੁ ਫਰਕ ਆਇਆ ਹੈ?
– ਬੇਸ਼ੱਕ ਮੇਰੀਆਂ ਪਿਛਲੀਆਂ ਫਿਲਮਾਂ ਬਾਕਸ ਆਫਿਸ ਦੇ ਲਿਹਾਜ ਨਾਲ ਓਨਾ ਵਧੀਆ ਨਹੀਂ ਕਰ ਸਕੀਆਂ, ਪਰੰਤੂ ਇੱਕ ਐਕਟਰ ਦੇ ਤੌਰ ‘ਤੇ ਮੇਰੇ ਦਿਲ ਵਿੱਚ ਸਕੂਨ ਹੈ। ਜਿਸ ਤਰ੍ਹਾਂ ਨਾਲ ਮੈਨੂੰ ਆਫਰਜ਼ ਮਿਲ ਰਹੇ ਹਨ, ਉਨ੍ਹਾਂ ਨੂੰ ਦੇਖ ਕੇ ਤਾਂ ਇਹੀ ਕਹਾਂਗਾ ਕਿ ਮੇਰੇ ਪ੍ਰਤੀ ਲੋਕਾਂ ਦਾ ਭਰੋਸਾ ਵਧ ਰਿਹਾ ਹੈ।
* ਕੀ ਅੱਗੇ ਵੀ ਇਮੇਜ਼ ਦੇ ਉਲਟ ਜੋਖਿਮ ਉਠਾਉਣ ਦਾ ਇਰਾਦਾ ਹੈ?
– ਜੀ ਬਿਲਕੁਲ, ਕਿਉਂਕਿ ਮੇਰਾ ਮੰਨਣਾ ਹੈ ਕਿ ਰਿਸਕ ਦੀ ਬਦੌਲਤ ਤੁਸੀਂ ਲਗਾਤਾਰ ਗ੍ਰੋਥ ਕਰਦੇ ਹੋ। ਜੇ ਅਸੀਂ ਜ਼ਿੰਦਗੀ ਵਿੱਚ ਰਿਸਕ ਨਹੀਂ ਲੈਂਦੇ ਤਾਂ ਜ਼ਿੰਦਗੀ ਜੀਉਣ ਦਾ ਮਜ਼ਾ ਨਹੀਂ ਹੈ। ਰਿਸਕ ਉਠਾ ਕੇ ਸਫਲਤਾ ਹਾਸਲ ਕਰਨ ਨਾਲ ਜ਼ਿੰਦਗੀ ਮਜ਼ੇਦਾਰ ਹੋ ਜਾਂਦੀ ਹੈ।
* ਪਹਿਲਾਂ ਤੋਂ ਬਿਹਤਰ ਕਰਨ ਦਾ ਕਿੰਨਾ ਦਬਾਅ ਰਹਿੰਦਾ ਹੈ?
– ਦਿਨ-ਰਾਤ ਮੈਂ ਇਹੀ ਸੋਚਦਾ ਰਹਿੰਦਾ ਹਾਂ ਕਿ ਹੋਰ ਬਿਹਤਰ ਕੀ ਕਰਾਂ? ਮੇਰਾ ਟਾਰਗੈਟ ਹਮੇਸ਼ਾ ਕਲੀਅਰ ਰਹਿੰਦਾ ਹੈ ਇਸ ਲਈ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮੈਂ ਇੰਜੁਆਏ ਕਰਦਾ ਹਾਂ। ਮੈਂ ਮੰਨਦਾ ਹਾਂ ਕਿ ਹਰ ਵਾਰ ਪਹਿਲੇ ਤੋਂ ਬਿਹਤਰ ਕਰਨਾ ਥੋੜ੍ਹਾ ਮੁਸ਼ਕਲ ਹੁੰਦਾ ਹੈ, ਪਰ ਇਸ ਦੇ ਲਈ ਮੇਰੀਆਂ ਸਾਰੀਆਂ ਤਿਆਰੀਆਂ ਹਮੇਸ਼ਾ ਰਹਿੰਦੀ ਹੈ।
* ‘ਸਟੂਡੈਂਟ ਆਫ ਦਿ ਈਅਰ-2’ ਵਿੱਚ ਕਿਸ ਤਰ੍ਹਾਂ ਦਾ ਰੋਲ ਨਿਭਾ ਰਹੇ ਹੋ?
– ਮੈਂ ਅਜੇ ਇਸ ਬਾਰੇ ਕੁਝ ਨਹੀਂ ਦੱਸ ਸਕਾਂਗਾ, ਨਹੀਂ ਤਾਂ ਕਰਣ ਸਰ ਤੋਂ ਬਹੁਤ ਝਿੜਕਾਂ ਪੈਣਗੀਆਂ। ਫਿਲਹਾਲ ਇੰਨਾ ਹੀ ਕਹਾਂਗਾ ਕਿ ਮੈਂ ਫਿਲਮ ਤੇ ਆਪਣੇ ਕਿਰਦਾਰ ਬਾਰੇ ਕਾਫੀ ਗੰਭੀਰ ਹਾਂ ਅਤੇ ਮਿਹਨਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ।
* ਚਲੋ ‘ਸਟੂਡੈਂਟ ਆਫ ਦਿ ਈਅਰ 2’ ਦੇ ਬਾਰੇ ਨਾ ਸਹੀ, ਪਰ ‘ਬਾਗੀ-2’ ਦੇ ਬਾਰੇ ਹੀ ਕੁਝ ਦੱਸੋ?
– ‘ਬਾਗੀ 2’ 2018 ਦੀ ਸਭ ਤੋਂ ਵੱਡੀ ਐਕਸ਼ਨ ਪੈਕ ਫਿਲਮ ਹੋਵੇਗੀ। ਇਸ ਦੇ ਐਕਸ਼ਨ ਸੀਨ ਬੜੇ ਜ਼ਬਰਦਸਤ ਹੋਣਗੇ। ਇਸ ਵਿੱਚ ਮੇਰੀ ਇੱਕ ਬਿਲਕੁਲ ਅਲੱਗ ਲੁਕ ਹੋਵੇਗੀ। ਇਸ ਵਿੱਚ ਮੇਰੇ ਆਪੋਜ਼ਿਟ ਦਿਸ਼ਾ ਪਾਟਨੀ ਹੈ। ਇਹ ਦਿਸ਼ਾ ਅਤੇ ਮੇਰੀ ਇਕੱਠਿਆਂ ਪਹਿਲੀ ਫਿਲਮ ਹੈ। ਇਸ ਤੋਂ ਪਹਿਲਾਂ ਅਸੀਂ ਇੱਕ ਮਿਊਜ਼ਿਕ ਐਲਬਮ ਕੀਤਾ ਸੀ।
* ਹਾਲੀਵੁੱਡ ਫਿਲਮ ਰੈਂਬੋ’ ਦੇ ਹਿੰਦੀ ਰੀਮੇਕ ਦੇ ਬਾਰੇ ਕੀ ਕਹਿਣਾ ਚਾਹੋਗੇ?
– ‘ਰੈਂਬੋ’ ਤੋਂ ਮੈਨੂੰ ਕਾਫੀ ਅਸਾਂ ਹਨ। ਇੱਕ ਸੁਪਰਹਿੱਟ ਹਾਲੀਵੁੱਡ ਦਾ ਰੀਮੇਕ ਹੋਣ ਦੇ ਕਾਰਨ ਦਰਸ਼ਕ ਵੀ ਇਸ ਦੇ ਪ੍ਰਤੀ ਬਹੁਤ ਜ਼ਿਆਦਾ ਆਸ਼ਾਵਾਨ ਹਨ। ਇਸ ਦੇ ਲਈ ਮੈਂ ਕਾਫੀ ਤਿਆਰੀ ਕਰਾਂਗਾ, ਪਰ ਚਾਹੁੰਦਾ ਹਾਂ ਕਿ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ‘ਬਾਗੀ 2’ ਅਤੇ ‘ਸਟੂਡੈਂਟਸ ਆਫ ਦੀ ਈਅਰ 2’ ਦੀ ਸ਼ੂਟਿੰਗ ਪੂਰੀ ਕਰ ਲਵਾਂ ਤਾਂ ਕਿ ਇਸ ਦੇ ਲਈ ਪੂਰੀ ਤਰ੍ਹਾਂ ਫੋਕਸ ਹੋ ਕੇ ਕੰਮ ਕਰ ਸਕਾਂ। ‘ਰੈਂਬੋ’ ਇੱਕ ਐਕਸ਼ਨ ਫਿਲਮ ਹੈ। ਐਕਸ਼ਨ ਮੈਨੂੰ ਸਭ ਤੋਂ ਜ਼ਿਆਦਾ ਪਸੰਦ ਹੈ। ਇਸ ਲਈ ਇਸ ਫਿਲਮ ਵਿੱਚ ਆਪਣਾ ਬੈਸਟ ਦੇਣ ਦੀ ਕੋਸ਼ਿਸ਼ ਕਰਾਂਗਾ। ਮੇਰੀ ਕੋਸ਼ਿਸ ਕਿਸੇ ਦੀ ਪੁਜੀਸ਼ਨ ਲੈਣ ਲਈ ਨਹੀਂ ਬਲਕਿ ਇਸ ਲਈ ਹੋਵੇਗੀ ਕਿ ਆਪਣੀ ਐਕਟਿੰਗ ਨਾਲ ਉਨ੍ਹਾਂ ਨੂੰ ਸਨਮਾਨ ਦੇ ਸਕਾਂ।