ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਫੜਿਆ ਗਿਆ

patwari
ਫਰੀਦਕੋਟ, 12 ਅਗਸਤ (ਪੋਸਟ ਬਿਊਰੋ)- ਵਿਜੀਲੈਂਸ ਵਿਭਾਗ ਨੇ ਇੱਕ ਇੰਤਕਾਲ ਮਨਜ਼ੂਰ ਕਰਨ ਲਈ ਇਕ ਪਟਵਾਰੀ ਨੂੰ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਊਧਮ ਸਿੰਘ ਪੁੱਤਰ ਗੁਰਜੰਟ ਸਿੰਘ ਪਿੰਡ ਹਰੀਨੌ ਨੇ ਦੱਸਿਆ ਕਿ ਉਸ ਦੀ ਦਾਦੀ ਜੰਗੀਰ ਕੌਰ ਪਤਨੀ ਲੇਟ ਸੁਰਜੀਤ ਸਿੰਘ ਵਾਸੀ ਹਰੀਨੌ ਦੀ ਅੱਠ ਏਕੜ ਜ਼ਮੀਨ ਹਰੀਨੌ ਵਿਖੇ ਹੈ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸ ਦੀ ਦਾਦੀ ਨੇ ਜ਼ਮੀਨ ਦੀ ਰਜਿਸਟਰਡ ਵਸੀਅਤ ਉਸ ਦੇ ਲੜਕੇ ਦਵਿੰਦਰ ਸਿੰਘ ਅਤੇ ਭਤੀਜੇ ਅਰਮਾਨ ਸਿੰਘ ਦੇ ਨਾਮ ਬਰਾਬਰ-ਬਰਾਬਰ ਕਰਵਾਈ ਹੋਈ ਸੀ। ਦਾਦੀ ਦੀ ਮੌਤ ਬੀਤੇ ਜੁਲਾਈ ਮਹੀਨੇ ਵਿੱਚ ਹੋਣ ਕਾਰਨ ਉਸ ਨੇ ਰਜਿਸਟਰਡ ਵਸੀਅਤ ਅਤੇ ਆਪਣੀ ਦਾਦੀ ਦੀ ਮੌਤ ਦਾ ਸਰਟੀਫਿਕੇਟ ਪਟਵਾਰੀ ਮਾਲ ਹਲਕਾ ਹਰੀਨੌ ਸੁਖਮੰਦਰ ਸਿੰਘ ਨੂੰ ਦਿੱਤਾ ਸੀ। ਸ਼ਿਕਾਇਤ ਕਰਤਾ ਅਨੁਸਾਰ ਜਦ ਉਸ ਨੂੰ ਪਤਾ ਲੱਗਾ ਕਿ ਉਹ ਜ਼ਮੀਨ ਉਸ ਦੇ ਲੜਕੇ ਅਤੇ ਭਤੀਜੇ ਦੇ ਨਾਮ ਨਹੀਂ ਹੋਈ ਹੈ ਤਾਂ ਉਹ ਉਸ ਪਟਵਾਰੀ ਨੂੰ ਮਿਲਿਆ ਤਾਂ ਉਸ ਨੇ ਕਿਹਾ ਕਿ ਇਹ ਇੰਤਕਾਲ ਇਸ ਤਰ੍ਹਾਂ ਮਨਜ਼ੂਰ ਨਹੀਂ ਹੋਣਾ ਅਤੇ ਇਸ ਮੰਤਵ ਲਈ ਉਸ ਨੇ 12 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ। ਇਸ ‘ਤੇ ਅੱਠ ਹਜ਼ਾਰ ਰੁਪਏ ਸ਼ਿਕਾਇਤ ਕਰਤਾ ਨੇ ਪਟਵਾਰੀ ਨੂੰ ਦੇ ਦਿੱਤੇ ਅਤੇ ਬਾਕੀ ਰਕਮ ਚਾਰ ਹਜ਼ਾਰ ਰੁਪਏ ਕੰਮ ਪੂਰਾ ਹੋਣ ‘ਤੇ ਦੇਣ ਦਾ ਵਾਅਦਾ ਕੀਤਾ। ਪਟਵਾਰੀ ਨੇ ਇੰਤਕਾਲ ਦਰਜ ਕਰਨ ਉਪਰੰਤ ਉਸ ਪਾਸੋਂ ਬਾਕੀ ਦੀ ਰਕਮ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਉਸ ਵੱਲੋਂ ਮੰਗ ਕਰਨ ‘ਤੇ ਸ਼ਿਕਾਇਤ ਕਰਤਾ ਨੇ ਇੰਸਪੈਕਟਰ ਵਿਜੀਲੈਂਸ ਬਿਊਰੋ ਯੂਨਿਟ ਫਰੀਦਕੋਟ ਸੰਜੀਵ ਕੁਮਾਰ ਤੱਕ ਪਹੁੰਚ ਕਰਕੇ ਕਹਾਣੀ ਦੱਸੀ ਤਾਂ ਉਕਤ ਪਟਵਾਰੀ ਨੂੰ ਬਕਾਇਆ ਰਾਸ਼ੀ ਚਾਰ ਹਜ਼ਾਰ ਰੁਪਏ ਰਿਸ਼ਵਤ ਲੈਂਦਿਆ ਰੰਗੀ ਹੱਥੀਂ ਕਾਬੂ ਕਰ ਲਿਆ ਗਿਆ।