ਰਿਕਾਰਡ ਸਥਾਪਿਤ ਕਰ ਗਿਆ ਕੈਨੇਡਾ ਡੇਅ ਮੇਲਾ ਐਂਡ ਟਰੱਕ ਸ਼ੋਅ

– ਐਡਰਿਊ ਸ਼ੀਅਰ ਤੇ ਜਗਮੀਤ ਸਿੰਘ ਨੇ ਦਿੱਤੀਆਂ ਵਧਾਈਆਂ
ਬਰੈਪਟਨ, 3 ਜੁਲਾਈ (ਪੋਸਟ ਬਿਊਰੋ)- ਜੁਗਰਾਜ ਸਿੰਘ ਸਿੱਧੂ ਤੇ ਦਵਿੰਦਰ ਸਿੰਘ ਧਾਲੀਵਾਲ ਵਲੋਂ ਬਰੈਂਪਟਨ ਫੇਅਰ ਗਰਾਊਂਡ ਵਿਚ ਆਯੋਜਿਤ ਕੈਨੇਡਾ ਡੇਅ ਮੇਲਾ ਐਂਡ ਟਰੱਕ ਸ਼ੋਅ ਇਸ ਵਾਰ ਵੀ ਰਿਕਾਰਡ ਸਥਾਪਿਤ ਕਰ ਗਿਆ। ਅੰਤਾਂ ਦੀ ਗਰਮੀ ਵਿਚ ਵੀ ਲੋਕਾਂ ਨੇ ਦੋ ਦਿਨਾਂ ਦੇ ਇਸ ਮੇਲੇ ਦਾ ਖੂਬ ਆਨੰਦ ਮਾਣਿਆ। ਸ਼ਨਿਚਰਵਾਰ ਵਾਲੇ ਦਿਨ ਤੀਆਂ ਦਾ ਮੇਲਾ ਲੱਗਿਆ ਤੇ ਇਸ ਦੇ ਨਾਲ-ਨਾਲ ਟਰੱਕ ਸ਼ੋਅ ਲੱਗਿਆ। ਤੀਆਂ ਦੇ ਮੇਲੇ ਵਿਚ ਜਿਥੇ ਭੈਣਾਂ ਨੇ ਕਈ ਘੰਟੇ ਲਗਾਤਾਰ ਬੋਲੀਆ ਪਾ ਕੇ ਪੰਜਾਬੀ ਲੋਕ ਨਾਚ ਗਿੱਧੇ ਦੇ ਪਿੜ ਬੰਨ੍ਹੇ ਤੇ ਉਥੇ ਹੀ ਸਾਡੇ ਭਰਾਵਾਂ ਨੇ ਆਪਣੀਆਂ-ਆਪਣੀਆਂ ਟਰੱਕਿੰਗ ਕੰਪਨੀਆਂ, ਟਰੱਕਿੰਗ ਨਾਲ ਸਬੰਧਤ ਕੰਮ ਕਾਰ ਤੇ ਵੱਖ ਵੱਖ ਟਰੱਕਿੰਗ ਕੰਪਨੀਆਂ ਬਾਰੇ ਜਾਣਕਾਰੀ ਹਾਸਿਲ ਕੀਤੀ। ਐਤਵਾਰ ਵਾਲੇ ਦਿਨ ਕਰੀਬ 12 ਕੁ ਵਜੇ ਮੇਲੇ ਦੀ ਸ਼ੁਰੂਆਤ ਹੋਈ, ਜਿਥੇ ਕਈ ਬਹੁਤ ਲੋਕਲ ਆਰਟਿਸਟ ਤੇ ਅੰਤਰਰਾਸ਼ਟਰੀ ਪੱਧਰ ਦੀ ਪ੍ਰਸਿੱਧੀ ਹਾਸਿਲ ਕਰ ਚੁੱਕੇ ਗਾਇਕਾਂ ਨੇ ਰੰਗ ਬੰਨ੍ਹਿਆ, ਜਿਨ੍ਹਾਂ ਵਿਚ ਸ਼ੈਰੀ ਮਾਨ, ਅੰਮ੍ਰਿਤ ਮਾਨ, ਗੁਰਨਾਮ ਭੁੱਲਰ, ਨਿਮਰਤ ਖਹਿਰਾ, ਰੁਪਿੰਦਰ ਹਾਂਡਾ ਤੇ ਹੋਰ ਕਈ ਕਲਾਕਾਰਾਂ ਦੇ ਨਾਮ ਵਰਣਨਯੋਗ ਹਨ। ਕੰਜ਼ਰਵੇਟਿਵ ਪਾਰਟੀ ਆਫ਼ ਕੈਨੇਡਾ ਦੇ ਲੀਡਰ ਤੇ ਆਫੀਸ਼ੀਅਲ ਆਪੋਜੀਸ਼ਨ ਲੀਡਰ ਐਡਰਿਊ ਸ਼ੀਅਰ ਨੇ ਉਚੇਚੇ ਤੌਰ ਉਤੇ ਹਾਜਰੀ ਲਗਵਾਈ। ਉਨ੍ਹਾਂ ਨੇ ਮੇਲੇ ਦਾ ਟੂਰ ਲਾਇਆ, ਜਿਥੇ ਉਨ੍ਹਾਂ ਨੇ ਮੇਲੇ ਵਿਚ ਲਗਾਏ ਗਏ ਬਾਜ਼ਾਰ ਵਿਚ ਜਾ ਕੇ ਵੱਖ-ਵੱਖ ਚੀਜ਼ਾਂ ਦੀ ਨੁਮਾਇਸ਼ ਦੇਖੀ। ਉਥੇ ਹੀ ਟਰੱਕ ਸ਼ੋਅ ਦੌਰਾਨ ਵੱਖ-ਵੱਖ ਟਰੱਕਿੰਗ ਕੰਪਨੀਆਂ ਕੋਲ ਵੀ ਗਏ। ਇਨ੍ਹਾਂ ਤੋਂ ਇਲਾਵਾ ਉਹ ਸਿੱਖ ਮੋਟਰਸਾਈਕਲ ਕਲੱਬ ਦੇ ਨੁਮਾਇੰਦਿਆਂ ਨੂੰ ਵੀ ਮਿਲੇ ਤੇ ਕਲੱਬ ਦੇ ਇਕ ਮੋਟਰਸਾਈਕਲ ਉਤੇ ਬੈਠ ਕੇ ਫੋਟੋ ਵੀ ਕਰਵਾਈ। ਇਸ ਤੋ ਬਾਅਦ ਆਮ ਲੋਕਾਂ ਨੂੰ ਮਿਲਦੇ ਹੋਏ ਉਹ ਸਟੇਜ ਉਤੇ ਪੁੱਜੇ। ਜਿਥੇ ਐਡਰਿਊ ਸ਼ੀਅਰ ਦਾ ਮੇਲੇ ਵਿਚ ਆਏ ਸਾਰੇ ਹੀ ਆਏ ਦਰਸ਼ਕਾਂ ਨੇ ਖੜ੍ਹੇ ਹੋ ਕੇ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਬਣਨ ਲਈ ਸ਼ੁਭ ਇੱਛਾਵਾਂ ਦਿੱਤੀਆਂ।
ਐਡਰਿਊ ਸ਼ੀਅਰ ਨੇ ਜਿਥੇ ਆਏ ਹੋਏ ਸਾਰੇ ਲੋਕਾਂ ਨੂੰ ਕੈਨੇਡਾ ਡੇਅ ਦੀ ਵਧਾਈ ਦਿੱਤੀ ਤੇ ਭਵਿੱਖ ਲਈ ਸ਼ੁਭ ਇੱਛਾਵਾਂ ਵੀ ਦਿੱਤੀਆਂ ਤੇ ਵਾਅਦਾ ਕੀਤਾ ਕਿ ਉਹ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵੀ ਇਸੇ ਤਰ੍ਹਾਂ ਮੇਲੇ ਵਿਚ ਆਪਣੀ ਹਾਜ਼ਰੀ ਲਗਵਾਉਦੇ ਰਹਿਣਗੇ। ਇਸੇ ਤਰ੍ਹਾਂ ਹੀ ਐਨਡੀਪੀ ਦੇ ਲੀਡਰ ਜਗਮੀਤ ਸਿੰਘ ਤੇ ਲਿਬਰਲ ਪਾਰਟੀ ਤੋਂ ਰਾਜ ਗਰੇਵਾਲ ਸਮੇਤ ਵੱਖ-ਵੱਖ ਸਿਆਸੀ ਆਗੂਆਂ ਨੇ ਹਾਜਰੀ ਲਗਵਾਈ। ਕੈਲੇਡਨ ਦੇ ਮੇਅਰ ਨੇ ਉਚੇਚੇ ਤੌਰ ਉਤੇ ਕੈਨੇਡਾ ਦੇ ਮੇਲਾ ਐਂਡ ਟਰੱਕ ਸ਼ੋਅ ਦੇ ਆਯੋਜਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਬਹੁਤ ਸਾਰੇ ਲੋਕਾਂ ਨੇ ਸਿ਼ਕਾਇਤਾਂ ਦਰਜ ਕਰਵਾਈਆਂ ਸਨ, ਪਰ ਇਸ ਸਾਲ ਮੈ ਇਨ੍ਹਾਂ ਦੇ ਪ੍ਰਬੰਧ ਤੋ ਬਹੁਤ ਖੁਸ਼ ਹਾਂ ਤੇ ਬਹੁਤ ਸੁਧਾਰ ਇਸ ਮੇਲੇ ਵਿਚ ਕੀਤਾ ਗਿਆ ਹੈ।
ਜੁਗਰਾਜ ਸਿੱਧੂ ਨੇ ਅੰਤ ਵਿਚ ਆਪਣੀ ਟੀਮ ਮੈਬਰ ਦਿਲਸ਼ਾਦ ਪੰਨੂ, ਰਮਨ ਸਹੋਤਾ ਤੇ ਸਨੀ ਭੁੱਲਰ ਦਾ ਜਿਥੇ ਧੰਨਵਾਦ ਕੀਤਾ, ਉਥੇ ਹੀ ਉਨ੍ਹਾਂ ਨੇ ਵੱਖ-ਵੱਖ ਮੀਡੀਆ ਆਊਟਲੈਟਸ, ਜਿਨ੍ਹਾਂ ਨੇ ਕੈਨੇਡਾ ਡੇਅ ਮੇਲਾ ਤੇ ਟਰੱਕ ਸ਼ੋਅ ਨੂੰ ਪੂਰਾ ਸਮਾਂ ਦਿੱਤਾ ਤੇ ਪੀਟੀਸੀ ਨੇ ਇਹ ਸਾਰਾ ਦਿਨ ਲਾਈਵ ਦੁਨੀਆ ਭਰ ਦੇ ਦਰਸ਼ਕਾਂ ਤੱਕ ਪਹੰੁਚਾਇਆ, ਦਾ ਵੀ ਤਹਿ ਦਿਲੋ ਧੰਨਵਾਦ ਕੀਤਾ।