ਰਿਕਾਰਡ ਤਿੰਨ ਹਜ਼ਾਰ ਕਰੋੜ ਦੀ ਵਿਕ ਗਈ ਲਿਓਨਾਰਦੋ ਦਾ ਵਿੰਸੀ ਦੀ ਪੇਂਟਿੰਗ


ਨਿਊ ਯਾਰਕ, 17 ਨਵੰਬਰ (ਪੋਸਟ ਬਿਊਰੋ)- ਅਮਰੀਕਾ ਵਿੱਚ ਲਿਓਨਾਰਦੋ ਦਾ ਵਿੰਚੀ ਵੱਲੋਂ ਬਣਾਈ ਈਸਾ ਮਸੀਹ ਦੀ ਸਦੀਆਂ ਪੁਰਾਣੀ ਪੇਂਟਿੰਗ ਰਿਕਾਰਡ 45 ਕਰੋੜ ਡਾਲਰ ਵਿੱਚ ਨੀਲਾਮ ਹੋਈ ਹੈ। ਇਸ ਦੀ ਨੀਲਾਮੀ ਹੁਣ ਤੱਕ ਦੁਨੀਆ ਦੀ ਸਭ ਤੋਂ ਮਹਿੰਗੀ ਨੀਲਾਮੀ ਹੈ। 19 ਮਿੰਟ ਤੱਕ ਚੱਲੀ ਨੀਲਾਮੀ ਵਿੱਚ ਇਸ ਦੇ ਖਰੀਦਦਾਰ ਨੇ ਟੈਲੀਫੋਨ ਉੱਤੇ ਬੋਲੀ ਲਗਾਈ। ਹਾਲਾਂਕਿ, ਅਜੇ ਤੱਕ ਖਰੀਦਦਾਰ ਦੇ ਨਾਂਅ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।
ਪੇਂਟਿੰਗ ਦਾ ਨਾਂਅ ‘ਸਲਵਾਤੋਰ ਮੁੰਡੀ’ ਹੈ। ਇਸ ਪੇਂਟਿੰਗ ਦੀ ਨੀਲਾਮੀ ਨੇ ਮਈ 2015 ਵਿੱਚ ਪਿਕਾਸੋ ਦੀ ਪੇਂਟਿੰਗ ‘ਵਿਮਿਨ ਆਫ ਐਲਜੀਅਰਸ’ ਦੀ ਨੀਲਾਮੀ ਦਾ ਰਿਕਾਰਡ ਤੋੜ ਦਿੱਤਾ ਹੈ, ਜੋ 17.94 ਕਰੋੜ ਡਾਲਰ ਵਿੱਚ ਨੀਲਾਮ ਹੋਈ ਸੀ। ਇਹ ਪੇਂਟਿੰਗ ਗੁਆਚ ਗਈ ਸੀ, ਪਰ 500 ਸਾਲ ਪਹਿਲਾਂ ਫਰਾਂਸ ਦੇ ਸ਼ਾਹੀ ਪਰਵਾਰ ਨੂੰ ਇਸ ਦਾ ਅਧਿਕਾਰ ਮਿਲਿਆ ਸੀ। ਇੰਨਾ ਹੀ ਨਹੀਂ 1950 ਦੇ ਦਹਾਕੇ ਵਿੱਚ ਇਸ ਨੂੰ ਸਿਰਫ 45 ਪੌਂਡ ਯਾਨੀ ਲਗਭਗ 3900 ਰੁਪਏ ਵਿੱਚ ਵੇਚਿਆ ਗਿਆ ਸੀ। ਸਾਲ 2005 ਵਿੱਚ ਇਸ ਨੂੰ ਫਿਰ 10 ਹਜ਼ਾਰ ਡਾਲਰ ਵਿੱਚ ਨੀਲਾਮ ਕੀਤਾ ਗਿਆ। ਇਸ ਦੇ ਬਾਅਦ ਰੂਸੀ ਅਰਬਪਤੀ ਨੇ ਇਸ ਪੇਂਟਿੰਗ ਨੂੰ 12.75 ਕਰੋੜ ਡਾਲਰ ਵਿੱਚ ਖਰੀਦਿਆ ਅਤੇ ਹੁਣ ਇਸ ਪੇਂਟਿੰਗ ਨੂੰ ਕ੍ਰਿਸਟੀ ਨਾਂਅ ਦੀ ਸੰਸਥਾ ਨੇ 45 ਕਰੋੜ ਡਾਲਰ ਵਿੱਚ ਨੀਲਾਮ ਕੀਤਾ ਹੈ।