ਰਾਹੁਲ ਗਾਂਧੀ ਲਈ ਹੁਣ ਆਪਣੀ ਗੁਣਵੱਤਾ ਸਿੱਧ ਕਰਨ ਦਾ ਸਮਾਂ

rahul gandhi
-ਕਲਿਆਣੀ ਸ਼ੰਕਰ
ਆਖਰ ਰਾਹੁਲ ਗਾਂਧੀ ਅਗਲੇ ਮਹੀਨੇ 132 ਸਾਲ ਪੁਰਾਣੀ ਕਾਂਗਰਸ ਪਾਰਟੀ ਦੀ ਕਮਾਨ ਸੰਭਾਲਣ ਲਈ ਤਿਆਰ ਹਨ। ਪਾਰਟੀ ਵਿੱਚ ਇਸ ਗੱਲ ਬਾਰੇ ਰਾਹਤ ਮਹਿਸੂਸ ਕੀਤੀ ਜਾ ਰਹੀ ਹੈ ਕਿ ਹੁਣ ਇਹ ਸ਼ੱਕ ਦੂਰ ਹੋ ਜਾਵੇਗਾ ਤੇ ਪਾਰਟੀ ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਹੋਵੇਗਾ। ਰਾਹੁਲ ਗਾਂਧੀ ਨੇ ਇਹ ਐਲਾਨ ਕਰਨ ਲਈ ਅਮਰੀਕਾ ਨੂੰ ਚੁਣਿਆ ਕਿ 2019 ਦੀਆਂ ਚੋਣਾਂ ਵਿੱਚ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ ਚੁਣੌਤੀ ਪੇਸ਼ ਕਰਨ ਲਈ ਤਿਆਰ ਹਨ। ਰਾਹੁਲ ਗਾਂਧੀ ਸਾਹਮਣੇ ਅਗਲੇ 18 ਮਹੀਨਿਆਂ ਵਿੱਚ ਪਾਰਟੀ ਸੰਗਠਨ ਨੂੰ ਖੜ੍ਹਾ ਕਰਨ ਤੇ ਇਸ ਨੂੰ ਚੋਣਾਂ ਲਈ ਤਿਆਰ ਰੱਖਣ ਦਾ ਕੰਮ ਹੋਵੇਗਾ। ਕਾਂਗਰਸ 2014 ਤੋਂ ਲਗਾਤਾਰ ਪਤਨ ਵੱਲ ਜਾ ਰਹੀ ਹੈ।
ਇਹ ਸਮਾਂ ਰਾਹੁਲ ਲਈ ਲਾਭ ਵਾਲਾ ਹੋਵੇਗਾ, ਕਿਉਂਕਿ ਸੱਤਾਧਾਰੀ ਐਨ ਡੀ ਏ ਗੱਠਜੋੜ ਵਿਕਾਸ ‘ਚ ਗਿਰਾਵਟ, ਸਿੱਕੇ ਦੇ ਪਸਾਰ, ਨੌਕਰੀਆਂ ਵਿੱਚ ਕਮੀ, ਜੀ ਐੱਸ ਟੀ ਅਤੇ ਨੋਟਬੰਦੀ ਲਾਗੂ ਕਰਨ ਨਾਲ ਪੈਦਾ ਹੋਈਆਂ ਸਮੱਸਿਆਵਾਂ ਕਾਰਨ ਹਮਲੇ ਝੱਲ ਰਿਹਾ ਹੈ। ਸਾਢੇ ਤਿੰਨ ਸਾਲਾਂ ਬਾਅਦ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਰਥ ਵਿਵਸਥਾ ਦੀ ਰਫਤਾਰ ਹੌਲੀ ਹੋਣ ਬਾਰੇ ਬਚਾਅ ਦੀ ਮੁਦਰਾ ਵਿੱਚ ਹਨ। ਪਾਰਟੀ ਵਿੱਚ ਬਹੁਤ ਸਾਰੇ ਅਜਿਹੇ ਲੋਕ ਹਨ, ਜੋ ਅਜੇ ਵੀ ਮੋਦੀ ਦਾ ਸਾਹਮਣਾ ਕਰਨ ਲਈ ਕਾਂਗਰਸ ਚੇਅਰਪਰਸਨ ਸੋਨੀਆ ਗਾਂਧੀ ‘ਤੇ ਦਾਅ ਲਾਉਣਗੇ, ਖਾਸ ਕਰ ਕੇ ਪੁਰਾਣੇ ਆਗੂ, ਜਿਹੜੇ ਉਨ੍ਹਾਂ ਨਾਲ ਕਾਫੀ ਸਹਿਜ ਮਹਿਸੂਸ ਕਰਦੇ ਹਨ। ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਟਿੱਪਣੀ ਕੀਤੀ ਕਿ ਘੱਟੋ ਘੱਟ ਹੁਣ ਸੱਤਾ ਦੇ ਦੋ ਕੇਂਦਰ ਖਤਮ ਹੋਣਗੇ ਅਤੇ ਰਾਹੁਲ ਅੱਗੇ ਵਧ ਕੇ ਪਾਰਟੀ ਦੀ ਅਗਵਾਈ ਕਰ ਸਕਦੇ ਹਨ।
ਸੋਨੀਆ ਗਾਂਧੀ ਨੇ ਰਿਕਾਰਡ 19 ਸਾਲ ਇਸ ਪਾਰਟੀ ਦੀ ਅਗਵਾਈ ਕੀਤੀ ਹੈ, ਜਿਨ੍ਹਾਂ ਵਿੱਚੋਂ 10 ਸਾਲ ਕਾਂਗਰਸ ਦੀ ਅਗਵਾਈ ਵਾਲੇ ਯੂ ਪੀ ਏ ਗੱਠਜੋੜ ਨੇ ਦੇਸ਼ ਉੱਤੇ ਰਾਜ ਕੀਤਾ। ਰਾਹੁਲ ਗਾਂਧੀ 2004 ਤੋਂ ਸਿਆਸਤ ਵਿੱਚ ਹਨ ਤੇ 2013 ਵਿੱਚ ਉਨ੍ਹਾਂ ਦੇ ਪਾਰਟੀ ਉਪ ਪ੍ਰਧਾਨ ਬਣਨ ਨਾਲ ਉਨ੍ਹਾਂ ਦੀ ਤਰੱਕੀ ਨੂੰ ਲੈ ਕੇ ਅੰਦਾਜ਼ੇ ਜਾਂ ਕਿਆਸ ਲਾਏ ਜਾ ਰਹੇ ਹਨ। ਸੋਨੀਆ ਗਾਂਧੀ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਅਤੇ ਪਾਰਟੀ ਸਾਹਮਣੇ ਲੀਡਰਸ਼ਿਪ ਦੇ ਸੰਕਟ ਕਾਰਨ ਰਾਹੁਲ ਗਾਂਧੀ ਲਈ ਹੁਣ ਅੱਗੇ ਵਧਣਾ ਜ਼ਰੂਰੀ ਹੋ ਗਿਆ ਹੈ।
ਰਾਹੁਲ ਦੀ ਤਰੱਕੀ ਦਾ ਕੀ ਅਰਥ ਹੋਵੇਗਾ? ਉਹ ਕਾਂਗਰਸ ਦੀ ਅਗਵਾਈ ਕਰਨ ਵਾਲੇ ਨਹਿਰੂ-ਗਾਂਧੀ ਪਰਵਾਰ ਦੀ ਪੰਜਵੀਂ ਪੀੜ੍ਹੀ ਦੇ ਮੈਂਬਰ ਹੋਣਗੇ, ਜੋ ਪਰਵਾਰਵਾਦ ਦੀ ਸਿਆਸਤ ਕਰਨ ਲਈ ਇੱਕ ਬਹੁਤ ਲੰਮਾ ਸਮਾਂ ਹੈ। ਇਹ ਸਪੱਸ਼ਟ ਹੈ ਕਿ ਗਾਂਧੀ ਪਰਵਾਰ ਸਾਹਮਣੇ ਕੋਈ ਚੁਣੌਤੀ ਨਹੀਂ ਤੇ ਰਾਹੁਲ ਦੀ ਤਰੱਕੀ ਸਹਿਜੇ ਹੋ ਜਾਵੇਗੀ। ਅਹਿਮ ਗੱਲ ਇਹ ਹੈ ਕਿ ਉਹ ਖੁਦ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਦਲ ਵਜੋਂ ਕਿਵੇਂ ਪੇਸ਼ ਕਰਨਗੇ? ਇਹ ਸੌਖਾ ਕੰਮ ਨਹੀਂ ਹੈ। ਨਤੀਜੇ ਦੇਣ ਅਤੇ ਪਾਰਟੀ ਵਰਕਰਾਂ ਨੂੰ ਤਿਆਰ ਰੱਖਣ ਲਈ ਉਨ੍ਹਾਂ ਨੂੰ 24 ਗੁਣਾ 7 ਵਾਲਾ ਸਿਆਸਤਦਾਨ ਬਣਨਾ ਪਵੇਗਾ ਤੇ ਛੇਤੀ ਹੀ ਉਨ੍ਹਾਂ ਸਾਹਮਣੇ ਗੁਜਰਾਤ ਅਤੇ ਹਿਮਾਚਲ ਵਿਧਾਨ ਸਭਾ ਦੀਆਂ ਚੋਣਾਂ ਇੱਕ ਇਮਤਿਹਾਨ ਵਜੋਂ ਹੋਣਗੀਆਂ। ਜਿੱਥੇ ਕਾਂਗਰਸ ਹਿਮਾਚਲ ਵਿੱਚ ਸੱਤਾ ਵਿੱਚ ਹੈ, ਉਥੇ ਗੁਜਰਾਤ ਵਿੱਚ ਭਾਜਪਾ ਦਾ ਬਦਲ ਬਣਨ ਦੀ ਤਿਆਰੀ ਕਰ ਰਹੀ ਹੈ। ਗੁਜਰਾਤ ਵਿੱਚ ਭਾਜਪਾ ਇੱਕ ਤਿੱਖੀ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰ ਰਹੀ ਹੈ, ਜਿੱਥੇ 18 ਮਹੀਨਿਆਂ ਲਈ ਰਾਸ਼ਟਰਪਤੀ ਰਾਜ ਤੋਂ ਇਲਾਵਾ ਇਹ 1995 ਤੋਂ ਰਾਜ ਕਰ ਰਹੀ ਹੈ।
ਅਗਲੇ ਸਾਲ ਘੱਟੋ ਘੱਟ ਅੱਠ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਜਿਨ੍ਹਾਂ ‘ਚ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਕਰਨਾਟਕ ਸ਼ਾਮਲ ਹਨ। ਬਹੁਤੇ ਸੂਬਿਆਂ ਵਿੱਚ ਦਹਾਕਿਆਂ ਤੋਂ ਕਾਂਗਰਸ ਤੇ ਭਾਜਪਾ ਵਿਚਾਲੇ ਸਿੱਧੀ ਟੱਕਰ ਹੁੰਦੀ ਆਈ ਹੈ ਤੇ ਅਗਲੀਆਂ ਲੋਕ ਸਭਾ ਚੋਣਾਂ 2019 ਵਿੱਚ ਹੋਣਗੀਆਂ।
ਦੂਜਾ, ਰਾਹੁਲ ਗਾਂਧੀ ਦੀ ਤਰੱਕੀ ਨਾਲ ਸ਼ਾਇਦ ਪਾਰਟੀ ਲੀਡਰਸ਼ਿਪ ਨੂੰ ਲੈ ਕੇ ਦੁਚਿੱਤੀ ਖਤਮ ਹੋ ਜਾਵੇਗੀ ਕਿਉਂਕਿ ਮਾਂ-ਪੁੱਤ ਦੀ ਜੋੜੀ ਤੋਂ ਇਲਾਵਾ ਹੋਰ ਕੋਈ ਵੀ ਪਾਰਟੀ ਵਿੱਚ ਫੈਸਲਾ ਲੈਣ ਵਾਲਾ ਨਹੀਂ ਹੈ। ਪਾਰਟੀ ‘ਚ ਬਹੁਤ ਸਾਰੇ ਲੋਕ ਇਹ ਮਹਿਸੂਸ ਕਰਦੇ ਹਨ ਕਿ ‘ਕਦੇ ਨਾ ਹੋਣ ਨਾਲੋਂ ਦੇਰ ਭਲੀ’ ਤੇ ਤਰੱਕੀ ਨਾਲ ਉਨ੍ਹਾਂ ਨੂੰ ਸ਼ਾਇਦ ਇੱਕ ਅਧਿਕਾਰ ਮਿਲ ਜਾਵੇਗਾ ਤੇ ਉਨ੍ਹਾਂ ਵਿੱਚ ਭਰੋਸਾ ਆ ਜਾਵੇਗਾ, ਜੋ ਗਲਤੀਆਂ ਦੇ ਬਾਵਜੂਦ ਉਨ੍ਹਾਂ ਨੂੰ ਬਿਹਤਰ ਕਾਰਗੁਜ਼ਾਰੀ ਦਿਖਾਉਣ ਵਿੱਚ ਮਦਦ ਦੇਵੇਗਾ। ਜਿੱਥੇ ਸੋਨੀਆ ਗਾਂਧੀ ਪਾਰਟੀ ਦੀ ਮਾਰਗ ਦਰਸ਼ਕ ਬਣੀ ਰਹੇਗੀ, ਉਥੇ ਕਮਾਨ ਸੰਭਾਲਣ ਤੋਂ ਪਿੱਛੋਂ ਪਾਰਟੀ ਦੀ ਕਾਰਗੁਜ਼ਾਰੀ ਦੇ ਸਿਹਰੇ ਜਾਂ ਆਲੋਚਨਾ ਦੀ ਜ਼ਿੰਮੇਵਾਰੀ ਰਾਹੁਲ ਗਾਂਧੀ ਨੂੰ ਲੈਣੀ ਪਵੇਗੀ।
ਤੀਜਾ, ਰਾਹੁਲ ਗਾਂਧੀ ਨੂੰ ਆਪਣੀ ਖੁਦ ਦੀ ਟੀਮ ਬਣਾਉਣੀ ਪਵੇਗੀ। ਅਜਿਹਾ ਨਹੀਂ ਹੈ ਕਿ ਪਹਿਲਾਂ ਉਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ, ਸਗੋਂ ਪਿਛਲੇ ਕੁਝ ਮਹੀਨਿਆਂ ਦੌਰਾਨ ਉਨ੍ਹਾਂ ਨੇ ਆਪਣੇ ਚਹੇਤਿਆਂ ਨੂੰ ਅਹਿਮ ਅਹੁਦੇ ਦਿੱਤੇ ਹਨ। ਯੂਥ ਕਾਂਗਰਸੀ ਨੇਤਾਵਾਂ ਨੂੰ ਸਥਾਈ ਕਾਂਗਰਸੀ ਪ੍ਰਧਾਨਾਂ ਅਤੇ ਏ ਆਈ ਸੀ ਸੀ ਦੇ ਜਨਰਲ ਸਕੱਤਰਾਂ ਵਜੋਂ ਚੁਣਿਆ ਹੈ। ਉਨ੍ਹਾਂ ਨੇ ਜ਼ਿਆਦਾਤਰ ਉਨ੍ਹਾਂ ਪੁਰਾਣੇ ਨੇਤਾਵਾਂ ਨੂੰ ਬਾਹਰ ਦਾ ਰਾਹ ਦਿਖਾਇਆ ਹੈ, ਜਿਹੜੇ ਨਵੀਂ ਵਿਵਸਥਾ ਵਿੱਚ ਆਪਣੇ ਅਹੁਦਿਆਂ ‘ਤੇ ਫਿੱਟ ਨਹੀਂ ਬੈਠਦੇ ਸਨ।
ਚੌਥਾ, ਕੀ ਉਹ ਗਠਜੋੜ ਨੂੰ ਲੀਡਰਸ਼ਿਪ ਹਾਸਲ ਕਰਾਉਣ ‘ਚ ਸਮਰੱਥ ਹੋਣਗੇ? ਯੂ ਪੀ ਏ ਗੱਠਜੋੜ ਦੇ ਸਹਿਯੋਗੀ ਰਾਹੁਲ ਗਾਂਧੀ ਦੀ ਲੁਕਣਮੀਟੀ ਵਾਲੀ ਸਿਆਸਤ ਤੋਂ ਨਿਰਾਸ਼ ਹਨ। ਉਹ ਐਨ ਸੀ ਪੀ ਦੇ ਸ਼ਰਦ ਪਵਾਰ, ਤਿ੍ਰਣਮੂਲ ਕਾਂਗਰਸ ਦੀ ਮਮਤਾ ਬੈਨਰਜੀ ਜਾਂ ਰਾਸ਼ਟਰੀ ਜਨਤਾ ਦਲ ਦੇ ਲਾਲੂ ਪ੍ਰਸਾਦ ਯਾਦਵ ਨਾਲੋਂ ਜੂਨੀਅਰ ਹਨ। ਜਿੱਥੇ ਸੋਨੀਆ ਗਾਂਧੀ ਦੀ ਅਗਵਾਈ ਹੇਠ ਉਨ੍ਹਾਂ ਨੂੰ ਕੰਮ ਕਰਨ ਵਿੱਚ ਪ੍ਰੇਸ਼ਾਨੀ ਨਹੀਂ ਸੀ, ਉਥੇ ਕੀ ਉਹ ਰਾਹੁਲ ਗਾਂਧੀ ਨੂੰ ਯੂ ਪੀ ਏ ਗੱਠਜੋੜ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਵਜੋਂ ਪ੍ਰਵਾਨ ਕਰਨਗੇ?
ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਸ਼ਾਇਦ ਉਨ੍ਹਾਂ ਦੀ ਲੀਡਰਸ਼ਿਪ ਨੂੰ ਸਥਾਪਤ ਕਰ ਸਕੇਗੀ, ਇਥੋਂ ਤੱਕ ਕਿ ਸਹਿਯੋਗੀਆਂ ਵਿੱਚ ਵੀ, ਪਰ ਸਭ ਤੋਂ ਅਹਿਮ ਗੱਲ ਇਹ ਹੈ ਕਿ ‘ਸਕ੍ਰਿਪਟ’ ਕਿਵੇਂ ਬਦਲੀ ਜਾਵੇਗੀ? ਇਹ ਸਾਫ ਹੈ ਕਿ ਅਜੇ ਤੱਕ ਫਿਰਕਾਪ੍ਰਸਤੀ/ ਧਰਮ-ਨਿਰਪੱਖਤਾ ਦਾ ਸਿਧਾਂਤ ਕੰਮ ਨਹੀਂ ਆ ਸਕਿਆ। ਸਿਰਫ ਮੋਦੀ ਸਰਕਾਰ ਦੀ ਆਲੋਚਨਾ ਕਰਨ ਨਾਲ ਕਾਂਗਰਸ ਨੂੰ ਵੋਟਾਂ ਨਹੀਂ ਮਿਲ ਜਾਣੀਆਂ। ਇਸ ਨੂੰ ਸਪੱਸ਼ਟ ਏਜੰਡੇ ਨਾਲ ਅੱਗੇ ਆਉਣਾ ਪਵੇਗਾ ਕਿ ਇਸ ਦਾ ਰੁਖ਼ ਕੀ ਹੈ ਅਤੇ ਲੋਕਾਂ ਦਾ ਮਨ ਜਿੱਤਣ ਲਈ ਇਹ ਪਾਰਟੀ ਕੀ ਕਰਨਾ ਚਾਹੁੰਦੀ ਹੈ?
ਗਰੀਬ ਸਮਰਥਕ ਨੀਤੀਆਂ ਤੇ ਇੱਕ ਵਿਹਾਰਕ ਜਾਤੀ ਮਿਸ਼ਰਣ ਚੋਣਾਂ ਜਿੱਤਣ ਲਈ ਬਹੁਤ ਜ਼ਰੂਰੀ ਹਨ, ਮੋਦੀ ਦੀ ਅਗਵਾਈ ਹੇਠ ਭਾਜਪਾ ਨੇ ਇਹ ਸਿੱਧ ਕੀਤਾ ਹੈ। ਕਾਂਗਰਸ ਨੂੰ ਵੀ ਆਰਥਿਕ ਏਜੰਡੇ ਨਾਲ ਸਾਹਮਣੇ ਆਉਣਾ ਪਵੇਗਾ, ਜੋ ਵੋਟਰਾਂ ਨੂੰ ਆਪਣੇ ਵੱਲ ਖਿੱਚ ਸਕੇ। ਸੰਚਾਰ ਵੀ ਇੱਕ ਖਾਸ ਪਹਿਲੂ ਹੈ। ਹੁਣ ਤੱਕ ਲੋਕਾਂ ਨਾਲ ਸੰਪਰਕ ਬਣਾਉਣ ਦੇ ਉਨ੍ਹਾਂ ਦੇ ਯਤਨ ਅਸਫਲ ਰਹੇ ਹਨ। ਸੋਸ਼ਲ ਮੀਡੀਆ ‘ਤੇ ਧਿਆਨ ਕੇਂਦਰਿਤ ਕਰਨ ਦੇ ਉਨ੍ਹਾਂ ਦੇ ਯਤਨਾਂ ਨੇ ਕੁਝ ਨਤੀਜੇ ਦਿਖਾਏ ਹਨ ਕਿਉਂਕਿ ਪਿਛਲੇ ਦੋ ਮਹੀਨਿਆਂ ਵਿੱਚ ਉਨ੍ਹਾਂ ਦੇ ਟਵਿੱਟਰ ਅਕਾਊਂਟ ਵਿੱਚ 20 ਲੱਖ ਫਾਲੋਅਰਜ਼ ਸ਼ਾਮਲ ਹੋ ਗਏ ਹਨ।
ਕਿਸੇ ਨੂੰ ਵੀ ਆਸ ਨਹੀਂ ਕਿ ਰਾਹੁਲ ਕੋਈ ਜਾਦੂ ਦੀ ਛੜੀ ਘੁਮਾਉਣਗੇ। ਬਹੁਤ ਸਾਰੇ ਲੋਕਾਂ ਦੀ ਉਨ੍ਹਾਂ ‘ਤੇ ਨੇੜਲੀ ਨਜ਼ਰ ਹੋਵੇਗੀ। ਇਹ ਰਾਹੁਲ ‘ਤੇ ਨਿਰਭਰ ਕਰਦਾ ਹੈ ਕਿ ਅਗਲੇ 18 ਮਹੀਨਿਆਂ ਵਿੱਚ ਆਪਣੀ ਗੁਣਵੱਤਾ ਸਿੱਧ ਕਰਨ।