ਰਾਹੁਲ ਗਾਂਧੀ ਨੇ ਕਿਹਾ : ਮੰਦਰ ਵਿੱਚ ਜਾਣਾ ਤਾਂ ਮੈਂ ਜਾਰੀ ਰੱਖਾਂਗਾ


ਜੇਵਾਰਗੀ (ਕਰਨਾਟਕਾ), 13 ਫਰਵਰੀ (ਪੋਸਟ ਬਿਊਰੋ)- ਮੰਦਰਾਂ ਦੇ ਦਰਸ਼ਨ ਕਰਨ ਤੋਂ ‘ਨਰਮ ਹਿੰਦੂਤਵ’ ਦੇ ਦੋਸ਼ ਦਾ ਸਾਹਮਣਾ ਕਰ ਰਹੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਧਾਰਮਿਕ ਸਥਾਨਾਂ ਦਾ ਉਨ੍ਹਾਂ ਦਾ ਦੌਰਾ ਜਾਰੀ ਰਹੇਗਾ। ਰਾਹੁਲ ਨੇ ਪੱਤਰਕਾਰਾਂ ਨੂੰ ਕਿਹਾ, ਮੈਨੂੰ ਮੰਦਰ ਜਾਣਾ ਪਸੰਦ ਹੈ, ਜਿੱਥੇ ਵੀ ਧਾਰਮਿਕ ਸਥਾਨ ਮਿਲਦਾ ਹੈ, ਮੈਂ ਉਥੇ ਜਾਂਦਾ ਹਾਂ, ਮੈਨੂੰ ਚੰਗਾ ਲੱਗਦਾ ਹੈ ਅਤੇ ਖੁਸ਼ੀ ਮਿਲਦੀ ਹੈ ਤੇ ਮੈਂ ਇਹ ਕਰਦਾ ਰਹਾਂਗਾ।
ਕਰਨਾਟਕਾ ਵਿੱਚ ਚਾਰ ਦਿਨਾਂ ਦੇ ਚੋਣ ਦੌਰੇ ‘ਤੇ ਪਹੁੰਚੇ ਰਾਹੁਲ ਗਾਂਧੀ ਕਰਨਾਟਕਾ ਦੀ ਭਾਜਪਾ ਦੇ ਪ੍ਰਧਾਨ ਬੀ ਐਸ ਯੇਦੀਯੁਰੱਪਾ ਦੇ ਦੋਸ਼ ਦਾ ਜਵਾਬ ਦੇ ਰਹੇ ਸਨ, ਜਿਸ ਨੇ ਕਿਹਾ ਸੀ ਕਿ ‘ਮੈਂ ਚੋਣਾਂ ਦੌਰਾਨ ਹਿੰਦੂ ਰਾਹੁਲ ਗਾਂਧੀ ਦਾ ਬੇਲਾਰੀ ਵਿੱਚ ਬਹੁਤ ਸਵਾਗਤ ਕਰਦਾ ਹਾਂ। ਕਾਂਗਰਸ ਪ੍ਰਧਾਨ ਕਾਂਗਰਸ ਮੁਕਤ ਕਰਨਾਟਕਾ ਦੇ ਸਾਡੇ ਸੁਫਨੇ ਨੂੰ ਪੂਰਾ ਕਰਨਗੇ।’
ਰਾਹੁਲ ਗਾਂਧੀ ਨੇ ਏਥੇ ਆਣ ਕੇ ਦੇਵੀ ਹੁਲਿੰਗਮਾ ਦੇ ਮੰਦਰ ਤੇ ਗਵਿ ਸਿੱਧੇਸ਼ਵਰ ਮਠ ਵਿੱਚ ਜਾ ਕੇ ਦਰਸ਼ਨ ਕੀਤੇ। ਉਹ ਰਾਏਚੂਰ ਜ਼ਿਲ੍ਹੇ ਵਿੱਚ ਇੱਕ ਦਰਗਾਹ ਵਿੱਚ ਵੀ ਗਏ। ਪ੍ਰਧਾਨ ਮੰਤਰੀ ਮੋਦੀ ਅਤੇ ਯੇਦੀਯੁਰੱਪਾ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਰਾਹੁਲ ਗਾਂਧੀ ਨੇ ਕਿਹਾ, ਜਦ ਯੇਦੀਯੁਰੱਪਾ ਅਤੇ ਪ੍ਰਧਾਨ ਮੰਤਰੀ ਮੋਦੀ ਭਿ੍ਰਸ਼ਟਾਚਾਰ ਬਾਰੇ ਗੱਲ ਕਰਦੇ ਹਨ ਤਾਂ ਉਨ੍ਹਾਂ ਨੂੰ ਲੋਕਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਭਾਜਪਾ ਦੇ ਸ਼ਾਸਨ ਵਿੱਚ ਚਾਰ ਮੰਤਰੀ ਅਤੇ ਖੁਦ ਯੇਦੀਯੁਰੱਪਾ ਜੇਲ੍ਹ ਗਏ ਸਨ।