ਰਾਹੁਲ ਗਾਂਧੀ ਨੇ ਕਿਹਾ: ਦੇਸ਼ ‘ਸਿਰਫ ਤਿੰਨ ਲੋਕਾਂ ਦੇ ਭਰੋਸੇ’ ਨਹੀਂ ਚੱਲ ਸਕਦਾ


ਨਵੀਂ ਦਿੱਲੀ, 11 ਜੂਨ, (ਪੋਸਟ ਬਿਊਰੋ)- ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਦੇਸ਼ ਭਾਜਪਾ ਤੇ ਆਰ ਐਸ ਐਸ ਆਗੂਆਂ ਦਾ ਗੁਲਾਮ ਬਣ ਕੇ ਰਹਿ ਗਿਆ ਹੈ, ਇਸ ਨੂੰ ਕੁੱਲ ਤਿੰਨ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਆਰ ਐਸ ਐਸ ਦੇ ਮੁਖੀ ਮੋਹਣ ਭਾਗਵਤ ਚਲਾ ਰਹੇ ਹਨ, ਪਰ ਅਗਲੇ 6 ਮਹੀਨਿਆਂ ਜਾਂ ਸਾਲ ਤਕ ਸਾਰੀਆਂ ਵਿਰੋਧੀ ਪਾਰਟੀਆਂ ਇਕੱਠੀਆਂ ਹੋ ਕੇ ਇਨ੍ਹਾਂ ਨੂੰ ਇਹ ਅਹਿਸਾਸ ਕਰਵਾ ਦੇਣਗੀਆਂ ਕਿ ਇਹ ਦੇਸ਼ ਇਥੋਂ ਦੇ ਲੋਕਾਂ ਵੱਲੋਂ ਚਲਾਇਆ ਜਾਂਦਾ ਹੈ, ਸਿਰਫ ਤਿੰਨ ਲੋਕਾਂ ਵੱਲੋਂ ਨਹੀਂ।
ਰਾਹੁਲ ਗਾਂਧੀ ਨੇ ਇਹ ਗੱਲ ਕਾਂਗਰਸ ਦੇ ਓ ਬੀ ਸੀ (ਅਦਰ ਬੈਕਵਾਰਡ ਕਲਾਸਿਜ਼) ਮੋਰਚੇ ਵੱਲੋਂ ਦਿੱਲੀ ਵਿਚਲੇ ਤਾਲਕਟੋਰਾ ਸਟੇਡੀਅਮ ਵਿੱਚ ਕਰਵਾਏ ਸਮਾਗਮ ਵਿੱਚ ਕਹੀ। ਰਾਹੁਲ ਗਾਂਧੀ ਨੇ ਕਿਹਾ ਕਿ ਨਰਿੰਦਰ ਮੋਦੀ, ਅਮਿਤ ਸ਼ਾਹ ਤੇ ਮੋਹਨ ਭਾਗਵਤ ਨੂੰ ਛੇਤੀ ਹੀ ਦੇਸ਼ ਦੀ ਤਾਕਤ ਪਤਾ ਲੱਗ ਜਾਵੇਗੀ ਕਿ ਦੇਸ਼ ਲੋਕਾਂ ਵੱਲੋਂ ਚਲਾਇਆ ਜਾਂਦਾ ਹੈ। ਉਨ੍ਹਾ ਨੇ ਦੱਸਿਆ ਕਿ ਭਾਜਪਾ ਦੇ 4-5 ਪਾਰਲੀਮੈਂਟ ਮੈਂਬਰ ਉਨ੍ਹਾਂ ਕੋਲ ਆਏ ਤੇ ਦੱਸਿਆ ਕਿ ਪ੍ਰਧਾਨ ਮੰਤਰੀ ਉਨ੍ਹਾਂ ਦੀ ਗੱਲ ਨਹੀਂ ਸੁਣਦੇ, ਸਿਰਫ਼ ਆਰ ਐਸ ਐਸ ਵਾਲਿਆਂ ਦੀ ਸੁਣੀ ਜਾਂਦੀ ਹੈ ਅਤੇ ਉਹ ਡਰਦੇ ਹੋਏ ਕੁਝ ਬੋਲ ਨਹੀਂ ਸਕਦੇ।
ਇਸ ਮੌਕੇ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਗਲਤ ਆਖਦੇ ਹਨ ਕਿ ਭਾਰਤ ਵਿੱਚ ਹੁਨਰ ਦੀ ਕਮੀ ਹੈ, ਏਥੇ ਤਾਂ ਓ ਬੀ ਸੀ ਭਾਈਚਾਰੇ ਵਿੱਚ ਵੀ ਹੁਨਰ ਦੀ ਭਰਮਾਰ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਕਿਸਾਨਾਂ ਦੀ ਸਾਰ ਨਹੀਂ ਲਈ, ਇਸ ਸਰਕਾਰ ਨੇ ਸਿਰਫ 15-20 ਅਮੀਰਾਂ ਲਈ ਨੀਤੀਆਂ ਬਣਾਈਆਂ, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਪ੍ਰਚਾਰ ਲਈ ਕਰੋੜਾਂ ਰੁਪਏ ਖਰਚ ਕੀਤੇ ਸਨ ਅਤੇ ਮੋਦੀ ਉਨ੍ਹਾਂ ਲਈ ਹੀ ਸਰਕਾਰ ਚਲਾ ਰਹੇ ਹਨ ਤੇ ਸਾਰਾ ਲਾਭ ਉਨ੍ਹਾਂ ਲੋਕਾਂ ਦੀ ਜੇਬ ਵਿੱਚ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਕਿਸਾਨਾਂ ਲਈ ਕੁਝ ਨਹੀਂ ਕੀਤਾ, ਜਿਹੜੇ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹਨ। ਮਿਹਨਤ ਕਰਨ ਵਾਲਿਆਂ ਦਾ ਕੋਈ ਮੁੱਲ ਨਹੀਂ ਪਾਇਆ।