ਰਾਹੁਲ ਗਾਂਧੀ ਉੱਤੇ ਹਮਲੇ ਦਾ ਦੋਸ਼ੀ ਯੂਥ ਭਾਜਪਾ ਆਗੂ ਗ੍ਰਿਫਤਾਰ

rahul gandhi car attack
ਅਹਿਮਦਾਬਾਦ, 6 ਅਗਸਤ (ਪੋਸਟ ਬਿਊਰੋ)- ਗੁਜਰਾਤ ਦੇ ਧਨੇਰਾ ਸ਼ਹਿਰ ਵਿੱਚ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਕਾਰ ‘ਤੇ ਹਮਲਾ ਕਰਨ ਦੇ ਦੋਸ਼ ‘ਚ ਪੁਲਸ ਨੇ ਕੱਲ੍ਹ ਭਾਜਪਾ ਦੇ ਯੂਥ ਆਗੂ ਨੂੰ ਗ੍ਰਿਫਤਾਰ ਕਰ ਲਿਆ ਜਦ ਕਿ ਧਨੇਰਾ ਦੇ ਭਾਜਪਾ ਪ੍ਰਧਾਨ ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ।
ਬਨਾਸਕਾਂਠਾ ਜ਼ਿਲ੍ਹੇ ਦੇ ਐੱਸ ਪੀ ਨੀਰਜ ਬਡਗੂਜਰ ਨੇ ਦੋਸ਼ੀ ਦੀ ਪਛਾਣ ਜੈਏਸ਼ ਦਰਜੀ ਉਰਫ ਅਨਿਲ ਰਾਠੌੜ ਵਜੋਂ ਕੀਤੀ ਹੈ। ਦੂਜੇ ਪਾਸੇ ਕਾਂਗਰਸ ਨੇ ਗੁਜਰਾਤ ਵਿੱਚ ਰਾਹੁਲ ਗਾਂਧੀ ‘ਤੇ ਹੋਏ ਕਾਤਲਾਨਾ ਹਮਲੇ ਪਿੱਛੇ ਭਾਜਪਾ ਅਤੇ ਆਰ ਐਸ ਐਸ ਦਾ ਹੱਥ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇੱਕ ਸੋਚੀ ਸਮਝੀ ਸਾਜ਼ਿਸ਼ ਹੇਠ ਅਜਿਹਾ ਕੀਤਾ ਗਿਆ। ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੇ ਕਾਫਲੇ ‘ਤੇ ਭਾਜਪਾ ਅਤੇ ਆਰ ਐੱਸ ਐੱਸ ਦੇ ਵਰਕਰਾਂ ਨੇ ਹਮਲਾ ਕੀਤਾ ਅਤੇ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੇ ਕੰਮ ਕਰਨ ਦਾ ਤਰੀਕਾ ਹੈ। ਉਨ੍ਹਾਂ ਕਿਹਾ, ਭਾਜਪਾ ਵਰਕਰਾਂ ਨੇ ਮੇਰੇ ਉਤੇ ਇੱਕ ਵੱਡਾ ਪੱਥਰ ਸੁੱਟਿਆ, ਜੋ ਇੱਕ ਸੁਰੱਖਿਆ ਅਧਿਕਾਰੀ ਨੂੰ ਲੱਗਾ। ਇਹ ਪੁੱਛੇ ਜਾਣ ‘ਤੇ ਕਿ ਨਾ ਪ੍ਰਧਾਨ ਮੰਤਰੀ ਅਤੇ ਨਾ ਭਾਜਪਾ ਨੇ ਇਸ ਹਮਲੇ ਦੀ ਨਿਖੇਧੀ ਕੀਤੀ ਹੈ, ਰਾਹੁਲ ਨੇ ਕਿਹਾ, ਜਿਨ੍ਹਾਂ ਖੁਦ ਇਹ ਹਰਕਤ ਕੀਤੀ ਹੈ, ਉਹ ਇਸ ਦੀ ਨਿਖੇਧੀ ਕਿਵੇਂ ਕਰ ਸਕਦੇ ਹਨ।