ਰਾਸ਼ਟਰਪਤੀ ਵੱਲੋਂ ਸਿਰਫ ਚੋਣਵੇਂ ਜੇਤੂਆਂ ਨੂੰ ਸਨਮਾਨ ਦੇਣ ਤੋਂ ਫਿਲਮ ਐਵਾਰਡ ਦਾ ਵਿਵਾਦ ਛਿੜਿਆ


* ਕਈ ਪੁਰਸਕਾਰ ਜੇਤੂਆਂ ਵੱਲੋਂ ਇਨਾਮ ਲੈਣ ਤੋਂ ਨਾਂਹ
ਨਵੀਂ ਦਿੱਲੀ, 3 ਮਈ, (ਪੋਸਟ ਬਿਊਰੋ)- ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਕੁਝ ਚੋਣਵੇਂ ਜੇਤੂਆਂ ਨੂੰ ਹੱਥੀਂ ਇਨਾਮ ਦੇ ਕੇ ਬਾਕੀਆਂ ਨੂੰ ਮੰਤਰੀ ਸਿਮ੍ਰਤੀ ਇਰਾਨੀ ਵੱਲੋਂ ਇਨਾਮ ਵੰਡੇ ਜਾਣ ਕਾਰਨ ਅੱਜ 65ਵਾਂ ਕੌਮੀ ਫਿਲਮ ਐਵਾਰਡ ਸਮਾਰੋਹ ਵਿਵਾਦਾਂ ਵਿੱਚ ਆ ਗਿਆ। ਕਈ ਐਵਾਰਡ ਜੇਤੂ ਇਨਾਮ ਲੈਣ ਹੀ ਨਹੀਂ ਗਏ।
ਮਿਲੀ ਜਾਣਕਾਰੀ ਅਨੁਸਾਰ ਅੱਜ ਵਿਗਿਆਨ ਭਵਨ ਵਿੱਚ ਕੀਤਾ ਗਿਆ ਇਹ ਸਮਾਰੋਹ ਦੋ ਭਾਗਾਂ ਵਿੱਚ ਵੰਡ ਦਿੱਤਾ ਗਿਆ ਸੀ। ਇਸ ਦੇ ਪਹਿਲੇ ਦੌਰ ਵਿੱਚ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਸਮ੍ਰਿਤੀ ਇਰਾਨੀ ਅਤੇ ਕੇਂਦਰੀ ਰਾਜ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਐਵਾਰਡ ਵੰਡੇ ਅਤੇ ਦੂਸਰੇ ਪੜਾਅ ਵਿੱਚ ਮਰਹੂਮ ਵਿਨੋਦ ਖੰਨਾ ਤੇ ਸ੍ਰੀਦੇਵੀ ਲਈ ਐਲਾਨੇ ਹੋਏ ਦਾਦਾ ਸਾਹਿਬ ਫ਼ਾਲਕੇ ਅਤੇ ਸਰਵੋਤਮ ਐਕਟਰੈੱਸ ਐਵਾਰਡ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਖੁਦ ਆਪਣੇ ਹੱਥੀਂ ਦਿੱਤੇ ਸਨ। ਇਸ ਮੌਕੇ ਰਾਸ਼ਟਪਤੀ ਨੇ ਕਿਹਾ, ‘ਅਸੀਂ ਉਨ੍ਹਾਂ ਨੂੰ ਸਦਾ ਯਾਦ ਰੱਖਾਂਗੇ।’ ਉਨ੍ਹਾ ਕਿਹਾ ਕਿ ਫਿਲਮ ਇੰਡਸਟਰੀ ਹੋਰਨਾਂ ਦੇ ਮੁਕਾਬਲੇ ਵਧੇਰੇ ਇੱਕਮੁੱਠ ਕਰਦੀ ਹੈ। ਅਸੀਂ ਜਾਣਦੇ ਹਾਂ ਕਿ ਵੰਨ ਸੁਵੰਨਤਾ ਸਾਡੀ ਏਕਤਾ ਤੇ ਸਭ ਤੋਂ ਵੱਡੀ ਤਾਕਤ ਹੈ। ਸਾਡੀਆਂ ਫਿਲਮਾਂ ਇਸ ਵੰਨ ਸੁਵੰਨਤਾ ਦਰਸਾਉਂਦੀਆਂ ਅਤੇ ਕਾਇਮ ਰੱਖਣ ਵਿੱਚ ਰੋਲ ਅਦਾ ਕਰਦੀਆਂ ਹਨ।’
ਇਸ ਤੋਂ ਪਹਿਲਾਂ ਜਦੋਂ ਸਮਾਰੋਹ ਦੀ ਰਿਹਰਸਲ ਮੌਕੇਂ ਪੁਰਸਕਾਰ ਜੇਤੂਆਂ ਨੂੰ ਪਤਾ ਲੱਗਾ ਕਿ ਸਾਰੇ ਐਵਾਰਡੀਜ਼ ਦੀ ਥਾਂ ਕੁਝ ਚੋਣਵੇਂ ਲੋਕਾਂ ਨੂੰ ਰਾਸ਼ਟਰਪਤੀ ਆਪਣੇ ਹੱਥੀਂ ਐਵਾਰਡ ਦੇਣਗੇ ਤੇ ਬਾਕੀਆਂ ਲਈ ਇਹ ਕੰਮ ਦੋ ਮੰਤਰੀ ਕਰਨਗੇ ਤਾਂ ਉਦੋਂ ਤੋਂ ਹੀ ਇਸ ਬਾਰੇ ਚਰਚਾ ਛਿੜ ਗਈ ਸੀ। ਰਵਾਇਤ ਵਜੋਂ ਰਾਸ਼ਟਰਪਤੀ ਆਪਣੇ ਹੱਥੀਂ ਸਾਰੇ ਕੌਮੀ ਐਵਾਰਡ ਦਿੰਦੇ ਹਨ ਅਤੇ ਇਸ ਤਰ੍ਹਾਂ ਰਿਵਾਇਤ ਤੋੜੀ ਜਾਣੀ ਸੀ। ਬਾਅਦ ਵਿੱਚ ਰਾਸ਼ਟਰਪਤੀ ਤੇ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਤੋਂ ਇਸ ਬਾਰੇ ਪੱਤਰ ਜਾਰੀ ਹੋਣ ਉੱਤੇ, ਕਿ ਰਾਸ਼ਟਰਪਤੀ ਸਿਰਫ਼ 11 ਜੇਤੂਆਂ ਨੂੰ ਐਵਾਰਡ ਦੇਣਗੇ, ਤੋਂ ਬਾਅਦ ਕਰੀਬ 70 ਕਲਾਕਾਰਾਂ ਨੇ ਸਮਾਰੋਹ ਵਿੱਚ ਆਉਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਸਨਮਾਨ ਦੀ ਥਾਂ ਓਥੇ ਬੇਇੱਜ਼ਤੀ ਹੋਣਾ ਮਹਿਸੂਸ ਕਰ ਰਹੇ ਹਨ। ਫਿਲਮ ਡਾਇਰੈਕਰ ਕੌਸ਼ਿਕ ਗਾਂਗੁਲੀ, ਬੈਸਟ ਸਪੋਰਟਿੰਗ ਐਕਟਰ ਦੇ ਐਵਾਰਡੀ ਫ਼ਹਾਦ ਫ਼ਾਸਿਲ ਅਤੇ ਗਾਇਕ ਕੇ ਜੇ ਯਸੂਦਾਸ ਦੇ ਦਸਖਤਾਂ ਹੇਠ ਜਾਰੀ ਪੱਤਰ ਦੇ ਮੁਤਾਬਕ ਇਹ ਤਰੀਕਾ ਇੱਕ ਭਰੋਸੇ ਨੂੰ ਤੋੜਨ ਦੇ ਬਰਾਬਰ ਤੇ 65 ਸਾਲਾਂ ਦੀ ਰਵਾਇਤ ਇਕੋ ਝਟਕੇ ਨਾਲ ਤੋੜਨ ਵਾਂਗ ਹੈ। ਗਾਂਗੁਲੀ ਨੇ ਕਿਹਾ ਕਿ ਹੋਰ ਕਲਾਕਾਰਾਂ ਨਾਲ ਚੱਲਦੇ ਹੋਏ ਉਨ੍ਹਾਂ ਨੇ ਸਮਾਰੋਹ ਵਿੱਚ ਨਾ ਜਾਣ ਦਾ ਫ਼ੈਸਲਾ ਲਿਆ। ਉਨ੍ਹਾਂ ਕਿਹਾ ਕਿ ਉਹ ਐਵਾਰਡ ਨੂੰ ਇਨਕਾਰ ਨਹੀਂ ਕਰ ਰਹੇ, ਪਰ ਰਾਸ਼ਟਰਪਤੀ ਵੱਲੋਂ ਇਹ ਖ਼ਿਤਾਬ ਖ਼ੁਦ ਮਿਲਣੇ ਚਾਹੀਦੇ ਸਨ।