ਰਾਸ਼ਟਰ ਭਗਤੀ ਦੀਆਂ ਪਹਿਰੇਦਾਰ ਧਿਰਾਂ ਵੀ ਨਸਲ ਪ੍ਰਸਤੀ ਦੇ ਰਾਹ

-ਆਕਾਰ ਪਟੇਲ
ਇਹ ਸ਼ਬਦ ਮੈਂ ਕੋਲਕਾਤਾ ਤੋਂ ਲਿਖ ਰਿਹਾ ਹਾਂ, ਜਿੱਥੇ ਮੈਂ ਸਾਹਿਤ ਮਹਾ ਉਤਸਵ ਵਿੱਚ ਭਾਸ਼ਣ ਦੇਣ ਲਈ ਆਇਆ ਹੋਇਆ ਹਾਂ। ਬੀਤੇ 10 ਸਾਲਾਂ ਦੌਰਾਨ ਭਾਰਤ ਵਿੱਚ ਇਸ ਤਰ੍ਹਾਂ ਦੇ ਅਨੇਕ ਆਯੋਜਨ ਸ਼ੁਰੂ ਹੋ ਗਏ ਹਨ ਅਤੇ ਕਿਸੇ ਵੀ ਹੋਰ ਦੇਸ਼ ਦੇ ਮੁਕਾਬਲੇ ਭਾਰਤ ਵਿੱਚ ਵੱਧ ਸਾਹਿਤ ਮਹਾ ਉਤਸਵ ਹੁੰਦੇ ਹਨ। ਮੈਨੂੰ ਇਹ ਗੱਲ ਬਹੁਤ ਵਰਣਨ ਯੋਗ ਮਹਿਸੂਸ ਹੁੰਦੀ ਹੈ ਕਿ ਬੇਸ਼ੱਕ ਸੱਭਿਆਚਾਰਕ ਪੱਖ ਤੋਂ ਅਸੀਂ ਆਮ ਤੌਰ ਉੱਤੇ ਲੇਖਨ ਅਤੇ ਸਾਹਿਤ ਵੱਲ ਆਕਰਸ਼ਿਤ ਹੁੰਦੇ ਹੋਈਏ, ਪਰ ਭਾਰਤੀ ਸਮਾਜ ਵਿੱਚ ਲੇਖਕ ਦਾ ਕੋਈ ਜ਼ਿਆਦਾ ਪ੍ਰਭਾਵ ਨਹੀਂ ਹੈ।
ਅਜਿਹੀ ਕੋਈ ਸੰਭਾਵਨਾ ਨਹੀਂ ਕਿ ਚੈੱਕ ਗਣਰਾਜ ਦੇ ਪਹਿਲੇ ਰਾਸ਼ਟਰਪਤੀ ਬਣਨ ਵਾਲੇ ਵੈਕਲਾਵ ਹੇਵਲ ਵਰਗਾ ਕੋਈ ਮਹਾਨ ਲੇਖਕ ਭਾਰਤ ਵਿੱਚ ਵੀ ਉਭਰੇਗਾ। ਅਧਿਆਪਕਾਂ ਵਾਂਗ ਲੇਖਕਾਂ ਦਾ ਵੀ ਸਨਮਾਨ ਤਾਂ ਕੀਤਾ ਜਾਂਦਾ ਹੈ, ਪਰ ਦੁਨੀਆ ਦੇ ਇਸ ਜ਼ਮੀਨੀ ਹਿੱਸੇ ਵਿੱਚ ਉਨ੍ਹਾਂ ਦੇ ਕਦਮਾਂ ਉਤੇ ਨਹੀਂ ਚੱਲਿਆ ਜਾਂਦਾ। ਅਜਿਹੀ ਹਾਲਤ ਵਿੱਚ ਸਵਾਲ ਪੈਦਾ ਹੁੰਦਾ ਹੈ ਕਿ ਫਿਰ ਸਾਡੇ ਦੇਸ਼ ਵਿੱਚ ਇੰਨੇ ਸਾਰੇ ਸਾਹਿਤ ਉਤਸਵ ਕਿਉਂ ਹੁੰਦੇ ਹਨ ਅਤੇ ਉਥੇ ਹਜ਼ਾਰਾਂ ਵਿੱਚੋਂ ਜ਼ਿਆਦਾਤਰ ਨੌਜਵਾਨ ਹੁੰਦੇ ਹਨ। ਮੇਰਾ ਜਾਇਜ਼ਾ ਹੈ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਅਜਿਹੀਆਂ ਗੱਲਾਂ ‘ਤੇ ਚਰਚਾ ਕਰਨ ਦਾ ਸਥਾਨ ਪੇਸ਼ ਕਰਦੇ ਹਨ, ਜਿਨ੍ਹਾਂ ਉੱਤੇ ਕਿਤੇ ਅਤੇ ਖਾਸ ਤੌਰ ‘ਤੇ ਜਨਤਕ ਤੌਰ ‘ਤੇ ਚਰਚਾ ਨਹੀਂ ਕੀਤੀ ਜਾ ਸਕਦੀ।
ਇਹ ਇੱਕ ਕਾਰਨ ਹੈ ਕਿ ਬਹੁਤ ਸਾਰੇ ਵਿਸ਼ਾਲ ਅਤੇ ਵੱਡੇ ਸਾਹਿਤਕ ਮੇਲਿਆਂ ਦਾ ਕਿਤਾਬਾਂ ਤੇ ਲੇਖਕਾਂ ਨਾਲ ਇੰਨਾ ਸੰਬੰਧ ਨਹੀਂ ਹੁੰਦਾ, ਜਿੰਨਾ ਚਲੰਤ ਮਾਮਲਿਆਂ ਤੇ ਸਾਡੇ ਸਮਾਜ ਦੀ ਬਦਲਦੀ ਪ੍ਰਕਿਰਤੀ ਤੇ ਪ੍ਰਵਿਰਤੀ ਨਾਲ ਹੁੰਦਾ ਹੈ। ਇਸ ਹਫਤੇ ਮੈਨੂੰ ਜਾਅਲੀ ਖਬਰਾਂ ਵਾਲੇ ਇੱਕ ਪੈਨਲ ‘ਚ ਬੈਠਣ ਦਾ ਮੌਕਾ ਮਿਲਿਆ। ਜਾਅਲੀ ਖਬਰਾਂ ਦੇ ਸਿਲਸਿਲੇ ਨੂੰ ਦੋ ਢੰਗਾਂ ਨਾਲ ਬਿਆਨ ਕੀਤਾ ਜਾ ਸਕਦਾ ਹੈ। ਇੱਕ ਤਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਤਰੀਕਾ। ਉਹ ਨਿਊ ਯਾਰਕ ਟਾਈਮਜ਼ ਵਾਸ਼ਿੰਗਟਨ ਪੋਸਟ ਅਤੇ ਸੀ ਐੱਨ ਐੱਨ ਵਰਗੇ ਮੁੱਖ ਧਾਰਾ ਮੀਡੀਆ ਨੂੰ ਵਿਸ਼ੇਸ਼ ਨਜ਼ਰੀਏ ਤੋਂ ਦੇਖਦੇ ਹਨ।
ਬਾਕੀ ਦੁਨੀਆ, ਖਾਸ ਤੌਰ ਉਤੇ ਵਿਸ਼ਵ ਪੱਧਰੀ ਪੱਤਰਕਾਰ ਹੋ ਸਕਦਾ ਹੈ ਇਨ੍ਹਾਂ ਸਮਾਚਾਰ ਪੱਤਰਾਂ ਅਤੇ ਟੀ ਵੀ ਚੈਨਲਾਂ ਨੂੰ ਬਹੁਤ ਸ਼ਲਾਘਾ ਯੋਗ ਤੇ ਪ੍ਰਮਾਣਿਕ ਮੰਨ ਲਵੇ, ਪਰ ਟਰੰਪ ਲਈ ਉਹ ਜੋ ਵੀ ਛਾਪਦੇ ਹਨ, ਸਭ ਝੂਠੀਆਂ ਖਬਰਾਂ ਹੁੰਦੀਆਂ ਹਨ, ਕਿਉਂਕਿ ਇਹ ਰਿਪੋਰਟਾਂ ਅਕਸਰ ਟਰੰਪ ਦੀ ਆਲੋਚਨਾ ਨਾਲ ਭਰੀਆਂ ਹੁੰਦੀਆਂ ਹਨ। ਜਾਅਲੀ ਖਬਰਾਂ ਨੂੰ ਬਿਆਨ ਕਰਨ ਦਾ ਦੂਜਾ ਤਰੀਕਾ ਹੈ ਕਿ ਮੁੱਖ ਤੌਰ ਉੱਤੇ ਸੋਸ਼ਲ ਮੀਡੀਆ ਰਾਹੀਂ ਸ਼ਰਾਰਤ ਭਰੇ ਢੰਗ ਨਾਲ ਅਜਿਹੀਆਂ ਖਬਰਾਂ ਪੇਸ਼ ਕੀਤੀਆਂ ਜਾਂਦੀਆਂ ਹਨ, ਜੋ ਸਰਾਸਰ ਗਲਤ ਅਤੇ ਮਨਘੜਤ ਹੁੰਦੀਆਂ ਹਨ।
ਇਸ ਦੀ ਇੱਕ ਮਿਸਾਲ ਹੈ ਕਿ ਦੁਨੀਆ ਦੇ ਇੱਕ ਹਿੱਸੇ ਵਿੱਚ ਇੱਕ ਹਿੰਸਕ ਘਟਨਾ ਚੱਕਰ ਨੂੰ ਦਿਖਾਉਣ ਵਾਲੀ ਇੱਕ ਤਸਵੀਰ ਇਹ ਕਹਿ ਕੇ ਪ੍ਰਚਾਰਿਤ ਕੀਤੀ ਗਈ ਕਿ ਇਹ ਦੁਨੀਆ ਦੇ ਕਿਸੇ ਹੋਰ ਹਿੱਸੇ ਨਾਲ ਸੰਬੰਧਤ ਹੈ ਜਾਂ ਏਦਾਂ ਦੀਆਂ ਖਬਰਾਂ ਤੱਥਾਂ ਦੀ ਇੱਕ ਪੂਰੀ ਲੜੀ ਹੋ ਸਕਦੀ ਹੈ, ਜੋ ਕਿਸੇ ਘਟਨਾ ਜਾਂ ਵਿਅਕਤੀ ਦੀ ਪ੍ਰੋਫਾਈਲ ਦੀ ਵਿਆਖਿਆ ਕਰਨ ਦਾ ਦਾਅਵਾ ਕਰਦੀ ਹੈ, ਪਰ ਇਹ ਤੱਥ ਬਿਲਕੁਲ ਹੀ ਨਹੀਂ ਹੁੰਦੇ, ਸਗੋਂ ਸੌ ਫੀਸਦੀ ਜਾਅਲਸਾਜ਼ੀ ਹੁੰਦੀ ਹੈ। ਸਾਨੂੰ ਸਾਰਿਆਂ ਨੂੰ ਅਜਿਹੀ ਸਮੱਗਰੀ ਵ੍ਹਟਸਐਪ ਰਾਹੀਂ ਮਿਲਦੀ ਹੈ, ਜਿਸ ਨਾਲ ਇਹ ਅਪੀਲ ਕੀਤੀ ਹੁੰਦੀ ਹੈ ਕਿ ਇਸ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾਵੇ। ਮੈਂ ਇਸ ਦੇ ਜ਼ਿਆਦਾ ਵਿਸਥਾਰ ਵਿੱਚ ਨਹੀਂ ਜਾਵਾਂਗਾ।
ਜਿਸ ਪੈਨਲ ਵਿੱਚ ਮੈਂ ਸ਼ਾਮਲ ਸੀ, ਉਸ ਵਿੱਚ ਪ੍ਰਤੀਕ ਸਿਨ੍ਹਾ ਨਾਂਅ ਦਾ ਇੱਕ ਵਿਅਕਤੀ ਵੀ ਸੀ, ਜੋ ਅਹਿਮਦਾਬਾਦ ਤੋਂ ਆਇਆ ਸੀ। ਸਿਨ੍ਹਾ ਇੱਕ ਵੈੱਬਸਾਈਟ ਚਲਾਉਂਦੇ ਹਨ, ਜਿਸ ਦਾ ਨਾਂਅ ਅਲਟਨੲੱਸ।ਨਿ ਹੈ, ਜਿਥੇ ਉਹ ਇਸ ਕਿਸਮ ਦੀ ਸਮੱਗਰੀ ਦੀ ਨਿਗਰਾਨੀ ਕਰਦੇ ਹਨ, ਜੋ ਮਾੜੀ ਭਾਵਨਾ ਨਾਲ ਫੈਲਾਈ ਜਾ ਰਹੀ ਹੋਵੇ ਜਾਂ ਕੋਈ ਅਜਿਹੀ ਸਮੱਗਰੀ ਨੂੰ ਸਰਟੀਫਾਈ ਕਰਦੇ ਜਾਂ ਇਸ ਦੀ ਪੋਲ ਖੋਲ੍ਹਦੇ ਹਨ। ਇਹ ਵੈੱਬਸਾਈਟ ਖਾਸ ਤੌਰ ‘ਤੇ ਅਜਿਹੀਆਂ ਜਾਅਲੀ ਖਬਰਾਂ ਨੂੰ ਨੰਗਾ ਕਰਨ ਵਿੱਚ ਬਹੁਤ ਵਰਣਨ ਯੋਗ ਕੰਮ ਕਰਦੀ ਹੈ, ਜੋ ਅਪੁਸ਼ਟ ਤੇ ਸੁਣੀਆਂ-ਸੁਣਾਈਆਂ ਰਿਪੋਰਟਾਂ ਦੇ ਆਧਾਰ ‘ਤੇ ਭਾਰਤੀ ਸਮਾਜ ਦਾ ਧਰੁਵੀਕਰਨ ਕਰਦੀਆਂ ਹਨ। ਇਸੇ ਤਰ੍ਹਾਂ ਦੀ ਇੱਕ ਜਾਅਲੀ ਖਬਰ ਝਾਰਖੰਡ ਦੇ ਬੱਚਾ ਚੋਰਾਂ ਬਾਰੇ ਸੀ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਬੀਤੇ ਸਾਲ ਮਈ ਵਿੱਚ ਲੋਕਾਂ ਨੇ ਸੱਤ ਵਿਅਕਤੀਆਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ।
ਸਿਨ੍ਹਾ ਨੇ ਕੁਝ ਦਿਲਚਸਪ ਅੰਕੜੇ ਪੇਸ਼ ਕੀਤੇ, ਜਿਵੇਂ ਬੀਤੇ ਕੁਝ ਸਾਲਾਂ ਦੌਰਾਨ ਭਾਰਤ ਵਿੱਚ ਇੰਟਰਨੈਟ ਡਾਟਾ ਦੀ ਖਪਤ ਪੰਜ ਗੁਣਾ ਤੋਂ ਵੱਧ ਗਈ ਹੈ, ਜਿਸ ਦਾ ਮਤਲਬ ਇਹ ਹੈ ਕਿ ਬਹੁਤ ਸਾਰੇ ਲੋਕਾਂ ਨੇ ਸਮਾਰਟਫੋਨ ਵਰਤਣੇ ਸ਼ੁਰੂ ਕਰ ਦਿੱਤੇ ਤੇ ਸਮਾਂ ਬੀਤਣ ਦੇ ਨਾਲ ਜਾਅਲੀ ਅਤੇ ਅਪੁਸ਼ਟ ਖਬਰਾਂ ਨੂੰ ਫਾਰਵਰਡ ਕਰਨ ਦੀ ਪ੍ਰਵਿਰਤੀ ਵਧਦੀ ਜਾ ਰਹੀ ਹੈ।
ਜਿਵੇਂ ਜਿਵੇਂ ਮੀਡੀਆ ਜ਼ਿਆਦਾ ਵਿਕੇਂਦਿ੍ਰਤ ਅਤੇ ਖੰਡਿਤ ਹੁੰਦਾ ਜਾ ਰਿਹਾ ਹੈ, ਉਵੇਂ ਉਵੇਂ ਬਹੁਤ ਸਾਰੇ ਆਜ਼ਾਦ ਅਤੇ ਛੋਟੇ-ਛੋਟੇ ਸੰਗਠਨ ਤੇ ਇਥੋਂ ਤੱਕ ਕਿ ਵਿਅਕਤੀ ਖੁਦ ਪ੍ਰਕਾਸ਼ਕ ਬਣਦੇ ਜਾ ਰਹੇ ਹਨ। ਅਜਿਹੀ ਸਥਿਤੀ ਵਿੱਚ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਭਾਰਤੀਆਂ ਕੋਲ ਖਬਰਾਂ ਅਤੇ ਜਾਣਕਾਰੀਆਂ ਦੇ ਸੋਮਿਆਂ ਦੇ ਪ੍ਰਮਾਣੀਕਰਨ ਤੱਕ ਵੱਧ ਪਹੁੰਚ ਹੋਣੀ ਚਾਹੀਦੀ ਹੈ। ਫਿਰ ਵੀ ਮੈਂ ਇਸ ਗੱਲ ਨੂੰ ਲੈ ਕੇ ਹੈਰਾਨ ਹਾਂ ਕਿ ਸਾਡੀ ਵੱਡੀ ਸਮੱਸਿਆ ਜਾਅਲੀ ਖਬਰਾਂ ਨਹੀਂ, ਸਗੋਂ ਅਸਲੀ ਖਬਰਾਂ ਵਿੱਚ ਰੁਚੀ ਦੀ ਘਾਟ ਜ਼ਿਆਦਾਤਰ ਖਤਰਨਾਕ ਹੈ।
ਮਿਸਾਲ ਦੇ ਤੌਰ ਉਤੇ ਅਸੀਂ ਸਿਹਤ ਉਤੇ ਲਗਭਗ 40 ਹਜ਼ਾਰ ਕਰੋੜ ਰੁਪਏ ਖਰਚ ਕਰਦੇ ਹਾਂ, ਜਦ ਕਿ ਰੱਖਿਆ ਉਤੇ 10 ਗੁਣਾ ਵੱਧ। ਇਹ ਕੋਈ ਤਾਜ਼ਾ ਘਟਨਾ ਚੱਕਰ ਨਹੀਂ। ਅਸੀਂ ਹਮੇਸ਼ਾ ਤੋਂ ਹਸਪਤਾਲ, ਡਾਕਟਰਾਂ ਤੇ ਦਵਾਈਆਂ ਦੀ ਤੁਲਨਾ ਵਿੱਚ ਨਵੇਂ ਟੈਂਕਾਂ, ਜੰਗੀ ਜਹਾਜ਼ਾਂ ਅਤੇ ਜੰਗੀ ਬੇੜਿਆਂ ਦੀ ਖਰੀਦ ‘ਤੇ ਕਿਤੇ ਵੱਧ ਪੈਸਾ ਖਰਚ ਕਰਦੇ ਆਏ ਹਾਂ। ਹਰ ਸਰਕਾਰ ਨੇ ਇਹ ਕੰਮ ਕੀਤਾ ਹੈ, ਤੇ ਕੋਈ ਪਾਰਟੀ ਇਸ ਦਾ ਵਿਰੋਧ ਨਹੀਂ ਕਰਦੀ।
ਪੂਰਬ-ਉੱਤਰ ਵਿੱਚ ਅੰਦਰੂਨੀ ਸੁਰੱਖਿਆ ਉਤੇ ਰੱਖਿਆ ਬਲਾਂ ਦੀ ਤੈਨਾਤੀ ਨੂੰ 2018 ਵਿੱਚ 60 ਸਾਲ ਹੋ ਜਾਣਗੇ। ਕੀ ਸਾਨੂੰ ਇਹ ਸਵਾਲ ਨਹੀਂ ਪੁੱਛਣਾ ਚਾਹੀਦਾ ਕਿ ਭਾਰਤੀ ਨਾਗਰਿਕਾਂ ਨੂੰ ਇੰਨੇ ਲੰਮੇ ਸਮੇਂ ਤੱਕ ਫੌਜੀ ਸ਼ਾਸਨ ਕਿਉਂ ਸਹਿਣਾ ਪੈਂਦਾ ਹੈ। ਮੈਂ ਇਥੋਂ ਤੱਕ ਕਹਾਂਗਾ ਕਿ ਆਰਮਡ ਫੋਰਸਿਜ਼ ਸਪੈਸ਼ਲ ਪਾਵਰਜ਼ ਐਕਟ ਦੇ ਅਧੀਨ ਜਿਊਣ ਵਾਲੇ ਲੋਕਾਂ ਨੂੰ ਵੀ ਇੱਕ ਤਰ੍ਹਾਂ ਫੌਜੀ ਸ਼ਾਸਨ ਸਹਿਣਾ ਪੈਂਦਾ ਹੈ, ਪਰ ਇਹ ਵੀ ਅਜਿਹਾ ਮੁੱਦਾ ਹੈ, ਜਿਸ ਵਿੱਚ ਨਾ ਸਿਆਸੀ ਪਾਰਟੀਆਂ ਦੀ ਕੋਈ ਰੁਚੀ ਹੈ ਅਤੇ ਨਾ ਪੂਰਬ-ਉੱਤਰ ਤੋਂ ਬਾਹਰ ਕਿਸੇ ਭਾਰਤੀ ਦੀ। ਤੀਜੀ ਮਿਸਾਲ ਵੱਧ ਤਾਜ਼ਾ ਹੈ। ਸਾਡੇ ਦੇਸ਼ ਵਿੱਚ ਅਜਿਹੀ ਪਾਰਟੀ ਸੱਤਾ ਵਿੱਚ ਹੈ, ਜੋ ਦਾਅਵਾ ਇਹ ਕਰਦੀ ਹੈ ਕਿ ਉਹ ਰਾਸ਼ਟਰਵਾਦ ਦੀ ਪਹਿਰੇਦਾਰ ਹੈ, ਪਰ ਵਿਹਾਰਕ ਤੌਰ ‘ਤੇ ਸਿਆਸੀ ਨਸਲ ਪ੍ਰਸਤੀ ਦੇ ਰਸਤੇ ‘ਤੇ ਚੱਲਦੀ ਹੈ। ਜਿਨ੍ਹਾਂ ਰਾਜਾਂ ਵਿੱਚ ਭਾਰਤੀ ਜਨਤਾ ਪਾਰਟੀ ਸੱਤਾਧਾਰੀ ਹੈ, ਉਥੇ ਮੁਸਲਿਮ ਵਿਧਾਇਕਾਂ ਦੀ ਗਿਣਤੀ ‘ਤੇ ਜ਼ਰਾ ਗੌਰ ਕਰਨਾ ਵੱਧ ਅਰਥ ਪੂਰਨ ਹੋਵੇਗਾ: ਗੁਜਰਾਤ-0, ਉੱਤਰ ਪ੍ਰਦੇਸ਼-0, ਮੱਧ ਪ੍ਰਦੇਸ਼-0, ਛੱਤੀਸਗੜ੍ਹ-0, ਝਾਰਖੰਡ-0, ਹੋਰਨਾਂ ਥਾਵਾਂ ਉਤੇ ਵੀ ਇਸ ਨੇ ਉਹੀ ਦਾਅਵਾ ਅਪਣਾਇਆ ਹੈ, ਜਿਸ ਦਾ ਹੋਰਨਾਂ ਪਾਰਟੀਆਂ ‘ਤੇ ਇਹ ਦੋਸ਼ ਲਾਉਂਦੀ ਰਹੀ ਹੈ।
ਐਨ ਸਾਡੀਆਂ ਅੱਖਾਂ ਸਾਹਮਣੇ ਭਾਰਤੀਆਂ ਦੀ ਮਜ਼੍ਹਬ ਦੇ ਆਧਾਰ ‘ਤੇ ਵੰਡ ਹੋ ਰਹੀ ਹੈ, ਪਰ ਇਸ ਦੀ ਅਣਦੇਖੀ ਹੋ ਰਹੀ ਹੈ ਤੇ ਇਸ ‘ਤੇ ਚਰਚਾ ਨਹੀਂ ਹੁੰਦੀ। ਇਸ ‘ਤੇ ਕੋਈ ਖਬਰਾਂ ਨਹੀਂ ਆਉਂਦੀਆਂ। ਕਿਉਂ? ਇਹ ਇਸ ਲਈ ਹੁੰਦਾ ਹੈ ਕਿ ਅਸਹਿਮਤੀ ਦੇ ਸੁਰਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਤੇ ਇਹ ਸੁਰ ਸਿਰਫ ਸਾਹਿਤ ਉਤਸਵ ਵਰਗੇ ਸਮਾਰੋਹਾਂ ਵਿੱਚ ਹੀ ਉਠਾਏ ਜਾਂਦੇ ਹਨ।
ਡੋਨਾਲਡ ਟਰੰਪ ਅਤੇ ਪੱਛਮੀ ਜਗਤ ਲਈ ਜਾਅਲੀ ਖਬਰਾਂ ਦੀ ਸਮੱਸਿਆ ਮਹੱਤਵ ਪੂਰਨ ਨਹੀਂ ਹੈ, ਭਾਵ ਉਹ ਵੀ ਇਨ੍ਹਾਂ ਨੂੰ ਸਾਡੇ ਵਰਗੇ ਨਜ਼ਰੀਏ ਨਾਲ ਦੇਖਦੇ ਹਨ। ਭਾਰਤ ਵਿੱਚ ਜਾਅਲੀ ਖਬਰਾਂ ਤੁਹਾਡੇ ਲਈ ਜਾਨ ਗੁਆਉਣ ਦਾ ਕਾਰਨ ਬਣ ਸਕਦੀਆਂ ਹਨ। ਫਿਰ ਵੀ ਸਾਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਜਾਅਲੀ ਖਬਰਾਂ ਪੂਰੀ ਤਰ੍ਹਾਂ ਖਤਮ ਹੋਣ ਦੇ ਬਾਵਜੂਦ ਸਾਡੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਬਣੀਆਂ ਰਹਿਣਗੀਆਂ।