ਰਾਸ਼ਟਰਵਾਦ ਉੱਤੇ ਮੈਕਰੋਨ ਦਾ ਭਾਸ਼ਣ ਸਾਡੀਆਂ ਅੱਖਾਂ ਖੋਲ੍ਹਣ ਵਾਲਾ

ਟਾਕਵਿੱਲੇ

-ਆਕਾਰ ਪਟੇਲ
180 ਸਾਲ ਪਹਿਲਾਂ ਅਮਰੀਕਾ ਦੀ ਯਾਤਰਾ ਲਈ ਗਏ ਇੱਕ ਫਰਾਂਸੀਸੀ ਵਿਅਕਤੀ ਨੇ ਅਮਰੀਕੀ ਲੋਕਤੰਤਰ ਦੀ ਵਿਆਖਿਆ ਕਰਦਿਆਂ ਇੱਕ ਲੇਖ ਲਿਖਿਆ ਸੀ। ਅਲੈਕਸੀ ਡੀ ਟਾਕਵਿੱਲੇ ਨਾਮੀ ਉਸ ਵਿਅਕਤੀ ਨੇ ਆਪਣੀ ਕਿਤਾਬ ‘ਚ ਅਮਰੀਕੀ ਲੋਕਤੰਤਰ ਵਿੱਚ ‘ਬਹੁਮਤ ਦੇ ਅਤਿਆਚਾਰ’ ਦੇ ਸੰਬੰਧ ਵਿੱਚ ਚਿਤਾਵਨੀ ਦਿੱਤੀ ਸੀ।
ਇਹ ਇੱਕ ਅਜਿਹੀ ਕਿਤਾਬ ਹੈ, ਜਿਸ ਨੂੰ ਅਮਰੀਕੀਆਂ ਨੇ ਪੀੜ੍ਹੀ ਦਰ ਪੀੜ੍ਹੀ ਬਹੁਤ ਗੰਭੀਰਤਾ ਨਾਲ ਲਿਆ ਸੀ, ਕਿਉਂਕਿ ਇਹ ਉਨ੍ਹਾਂ ਦੇ ਹਾਈ ਸਕੂਲਾਂ ਵਿੱਚ ਲਾਜ਼ਮੀ ਤੌਰ ‘ਤੇ ਪੜ੍ਹਾਈ ਜਾਂਦੀ ਸੀ। ਇਥੋਂ ਤੱਕ ਕਿ ਤੀਹ ਸਾਲ ਪਹਿਲਾਂ ਮੈਨੂੰ ਵੀ ਅਮਰੀਕੀ ਸਕੂਲ ‘ਚ ਇਹ ਕਿਤਾਬ ਪੜ੍ਹਨੀ ਪਈ ਸੀ।
ਅਮਰੀਕਾ ਵਿੱਚ ਫਰਾਂਸੀਸੀਆਂ ਨੂੰ ਆਮ ਤੌਰ ਉੱਤੇ ਸਭਿਆਚਾਰਕ ਨਫਰਤ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ। ਅਮਰੀਕੀ ਮਜ਼ਦੂਰ ਵਰਗ ਦੇ ਜੀਵਨ ਉੱਤੇ ਆਧਾਰਤ ਬਹੁਤ ਹੀ ਪ੍ਰਭਾਵਸ਼ਾਲੀ ਟੀ ਵੀ ਲੜੀਵਾਰ ‘ਦਿ ਸਿੰਪਸੰਸ’ ਨੇ ਦੂਜੀ ਸੰਸਾਰ ਜੰਗ ਵਿੱਚ ਪੈਰਿਸ ਵਾਸੀਆਂ ਦੀ ਭੂਮਿਕਾ ਬਾਰੇ ਇੱਕ ਕਥਨ ਘੜਿਆ ਸੀ: ‘ਪਨੀਰ ਖਾਣ ਵਾਲੇ ਆਤਮ ਸਮਰਪਕ ਬਾਂਦਰ’। ਇਸ ਦਾ ਅਰਥ ਇਹ ਸੀ ਕਿ ਉਹ ਅਜਿਹੇ ਬੇਕਾਰ ਦੇ ਆਧੁਨਿਕਤਾਵਾਦੀ ਹਨ, ਜੋ ਯਥਾਰਥ ਤੋਂ ਬਿਲਕੁਲ ਟੁੱਟੇ ਹੋਏ ਹਨ। ਬੀਤੇ ਮਹੀਨੇ ਫਰਾਂਸੀਸੀਆਂ ਦੇ ਮੂੰਹੋਂ ਅਮਰੀਕੀਆਂ ਨੂੰ ਵੀ ਅਜਿਹੇ ਸ਼ਬਦ ਸੁਣਨੇ ਪਏ ਤੇ ਉਹ ਵੀ ਅਮਰੀਕੀ ਪਾਰਲੀਮੈਂਟ ਭਵਨ ‘ਚ। ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਖੜ੍ਹੇ ਹੋਏ ਅਤੇ ਅਮਰੀਕੀਆਂ ਅਤੇ ਖਾਸ ਤੌਰ ਉੱਤੇ ਆਪਣੇ ਮਿੱਤਰ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕੁਝ ਕੌੜੀਆਂ ਸੱਚਾਈਆਂ ਤੋਂ ਜਾਣੂ ਕਰਵਾਇਆ।
ਮੈਕਰੋਨ ਨੇ ਟਾਕਵਿੱਲੇ ਦਾ ਜ਼ਿਕਰ ਨਹੀਂ ਕੀਤਾ, ਪਰ ਬੈਂਜਾਮਿਨ ਫ੍ਰੈਂਕਲਿਨ, ਅਬਰਾਹਮ ਲਿੰਕਨ, ਮਾਰਟਿਨ ਲੂਥਰ ਕਿੰਗ, ਛਾਤੋਬ੍ਰਯਾਂ ਅਤੇ ਵਾਲਟਯ ਦੇ ਜੀਵਨ ਦੇ ਪ੍ਰਸੰਗ ਸੁਣਾ ਸੁਣਾ ਕੇ ਅਮਰੀਕੀ ਸੀਨੇਟਰਾਂ ਅਤੇ ਕਾਂਗਰਸ ਦੇ ਮੈਂਬਰਾਂ ਨੂੰ ਤੈਸ਼ ਵਿੱਚ ਆਉਣ ਤੋਂ ਰੋਕੀ ਰੱਖਿਆ। ਇਹ ਸੋਚ ਕੇ ਹੈਰਾਨੀ ਹੁੰਦੀ ਹੈ ਕਿ ਮੈਕਰੋਨ ਨੇ ਜੋ ਕੁਝ ਕਿਹਾ ਸੀ, ਉਸ ਦੀ ਭਲਾ ਟਰੰਪ ਨੂੰ ਕੀ ਸਮਝ ਲੱਗੀ ਹੋਵੇਗੀ। ਦੁਨੀਆ ਅੱਜ ਜਿਸ ਪਾਸੇ ਜਾ ਰਹੀ ਹੈ, ਉਸ ਬਾਰੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਮੈਕਰੋਨ ਨੇ ਕਿਹਾ, ‘ਜੇ ਤੁਸੀਂ ਮੇਰੀ ਨਿੱਜੀ ਰਾਏ ਪੁੱਛੋ ਤਾਂ ਮੈਂ ਨਵੀਆਂ ਮਜ਼ਬੂਤ ਤਾਕਤਾਂ ਪ੍ਰਤੀ ਦੀਵਾਨਗੀ ਦਾ ਸਮਰਥਕ ਨਹੀਂ। ਮੈਂ ਆਜ਼ਾਦੀ ਦੇ ਤਿਆਗ ਤੇ ਕੌਮਵਾਦ ਦੀ ਮ੍ਰਿਗ ਤਿ੍ਰਸ਼ਨਾ ਪ੍ਰਤੀ ਵੀ ਕੋਈ ਦੀਵਾਨਗੀ ਦੀ ਭਾਵਨਾ ਨਹੀਂ ਰੱਖਦਾ।’
ਇਸ ਸੰਬੰਧ ਵਿੱਚ ਅਮਰੀਕਾ ਤੇ ਯੂਰਪ ਦੀ ਭੂਮਿਕਾ ਇਤਿਹਾਸਕ ਹੈ ਕਿਉਂਕਿ ਆਪਣੇ ਜਨਤਕ ਜੀਵਨ ਦੀਆਂ ਕਦਰਾਂ ਕੀਮਤਾਂ ਨੂੰ ਹੱਲਾਸ਼ੇਰੀ ਦੇਣ ਅਤੇ ਇਹ ਰਾਏ ਪ੍ਰਗਟਾਉਣ ਦੇ ਮਨੁੱਖੀ ਅਧਿਕਾਰ, ਘੱਟ-ਗਿਣਤੀਆਂ ਦੇ ਅਧਿਕਾਰ ਤੇ ਆਜ਼ਾਦੀ ਦੀ ਹਿੱਸੇਦਾਰੀ ਦੀ ਦੁਨੀਆ ਦੇ ਸਾਰੇ ਰੋਗਾਂ ਦਾ ਸ਼ਾਹੀ ਹੱਲ ਹੈ-ਜਿਵੇਂ ਵਿਚਾਰਾਂ ਦਾ ਸਮਰਥਨ ਕਰਨ ਦਾ ਇਹੋ ਇੱਕੋ-ਇੱਕ ਤਰੀਕਾ ਹੈ। ਮੈਂ ਇਨ੍ਹਾਂ ਅਧਿਕਾਰਾਂ ਤੇ ਜੀਵਨ ਦੀਆਂ ਕਦਰਾਂ-ਕੀਮਤਾਂ ‘ਚ ਆਸਥਾ ਰੱਖਦਾ ਹਾਂ।
ਰਾਸ਼ਟਰਵਾਦ ਦੇ ਮੁੱਦੇ ਉੱਤੇ ਮੈਕਰੋਨ ਨੇ ਆਪਣੇ ਵਿਚਾਰ ਵਿਸ਼ੇਸ਼ ਤੌਰ ‘ਤੇ ਜ਼ੋਰਦਾਰ ਢੰਗ ਨਾਲ ਪੇਸ਼ ਕਰਦਿਆਂ ਕਿਹਾ ਕਿ ‘ਅਸੀਂ ਵੱਖਵਾਦ ਤੇ ਕੌਮਵਾਦ ਵਿੱਚੋਂ ਚੋਣ ਕਰ ਸਕਦੇ ਹਾਂ। ਸਾਡੇ ਕੋਲ ਬਦਲ ਮੌਜੂਦ ਹੈ। ਸਾਡੇ ਵਿਚ ਲੁਕੇ ਵੱਖ-ਵੱਖ ਤਰ੍ਹਾਂ ਦੇ ਡਰ ਨੂੰ ਦੂਰ ਕਰਨ ਲਈ ਇਹ ਇੱਕ ਕੱਚੀ ਦਵਾਈ ਹੈ, ਪਰ ਜੇ ਅਸੀਂ ਦੁਨੀਆ ਪ੍ਰਤੀ ਆਪਣੇ ਬੂਹੇ ਬੰਦ ਕਰ ਲੈਂਦੇ ਹਾਂ ਤਾਂ ਇਸ ਨਾਲ ਦੁਨੀਆ ਦਾ ਵਿਕਾਸ ਰੁਕੇਗਾ ਨਹੀਂ। ਇਸ ਦੀ ਅੱਗ ਬੁਝਣ ਦੀ ਥਾਂ ਸਾਡੇ ਨਾਗਰਿਕਾਂ ਅੰਦਰ ਡਰ ਨੂੰ ਹੋਰ ਜ਼ਿਆਦਾ ਤਿੱਖਾ ਕਰੇਗੀ। ਸਾਡੀਆਂ ਨਜ਼ਰਾਂ ਦੇ ਐਨ ਸਾਹਮਣੇ ਜੋ ਨਵੇਂ-ਨਵੇਂ ਖਤਰੇ ਪੈਦਾ ਹੋ ਸਕਦੇ ਹਨ, ਸਾਨੂੰ ਉਨ੍ਹਾਂ ਪ੍ਰਤੀ ਆਪਣੀਆਂ ਅੱਖਾਂ ਖੁੱਲ੍ਹੀਆਂ ਰੱਖਣੀਆਂ ਪੈਣਗੀਆਂ। ਮੈਂ ਪੂਰੇ ਯਕੀਨ ਨਾਲ ਕਹਿ ਸਕਦਾ ਹਾਂ ਕਿ ਜੇ ਆਪਣੀਆਂ ਅੱਖਾਂ ਅਸੀਂ ਚੰਗੀ ਤਰ੍ਹਾਂ ਖੋਲ੍ਹ ਕੇ ਰੱਖਣ ਦਾ ਫੈਸਲਾ ਲੈਂਦੇ ਹਾਂ ਤਾਂ ਅਸੀਂ ਹੋਰ ਮਜ਼ਬੂਤ ਬਣਾਂਗੇ ਅਤੇ ਸਾਡੇ ਸਾਹਮਣੇ ਦਰਪੇਸ਼ ਖਤਰਿਆਂ ‘ਤੇ ਹਾਵੀ ਹੋ ਜਾਵਾਂਗੇ। ਅਸੀਂ ਸਿਖਰ ਕੌਮਵਾਦ ਦੀਆਂ ਤਬਾਹਕੁੰਨ ਤਾਕਤਾਂ ਨੂੰ ਵਿਆਪਕ ਖੁਸ਼ਹਾਲੀ ਦੀਆਂ ਆਪਣੀਆਂ ਉਮੀਦਾਂ ‘ਤੇ ਹਾਵੀ ਨਹੀਂ ਹੋਣ ਦੇਵਾਂਗੇ?’
ਕੀ ਤੁਹਾਨੂੰ ਯਾਦ ਹੈ ਕਿ ਤੁਸੀਂ ਅਜਿਹੇ ਵਿਚਾਰ ਇਸ ਤੋਂ ਪਹਿਲਾਂ ਇਸ ਨੇਤਾ ਦੇ ਮੂੰਹੋਂ ਸੁਣੇ ਸਨ? ਸੰਸਾਰੀਕਰਨ ਬਾਰੇ ਸਾਡੀ ਸਮਝ ਸਿਰਫ ਇਥੋਂ ਤੱਕ ਸੀਮਿਤ ਹੈ ਕਿ ਸਾਨੂੰ ਦੁਨੀਆ ਭਰ ਤੋਂ ਆਊਟਸੋਰਸਿੰਗ ਦਾ ਕੰਮ ਮਿਲਣਾ ਚਾਹੀਦਾ ਹੈ ਅਤੇ ਸਾਨੂੰ ਐੱਚ-1ਬੀ ਵੀਜ਼ੇ ਅਤੇ ਆਈਫੋਨ ਦਾ ਅਧਿਕਾਰ ਹੈ, ਪਰ ਅਸੀਂ ਸ਼ਰਨਾਰਥੀਆਂ ਨੂੰ ਨਹੀਂ ਚਾਹੁੰਦੇ। ਕੌਮਵਾਦ ਨੂੰ ਇੱਕ ਮ੍ਰਿਗ ਤਿ੍ਰਸ਼ਨਾ (ਜੋ ਸੱਚਮੁੱਚ ਹੈ ਹੀ) ਤੇ ਇੱਕ ਤਰ੍ਹਾਂ ਦਾ ਖਤਰਾ ਕਰਾਰ ਦੇਣਾ ਅਜਿਹੀ ਚੁਣੌਤੀ ਹੈ, ਜਿਸ ਦੀ ਸਾਡੇ ਇਲਾਕੇ ‘ਚ ਬਹੁਤ ਜ਼ਿਆਦਾ ਲੋੜ ਹੈ। ਸਾਡੀ ਬਦਕਿਸਮਤੀ ਕਹੋ ਕਿ ਸਾਨੂੰ ਕੌਮਵਾਦ ਦੀ ਵੱਧ ਤੋਂ ਵੱਧ ਗੁੜ੍ਹਤੀ ‘ਭਾਰਤ ਮਾਤਾ ਕੀ ਜੈ’ ਨਾਅਰੇ ਦੇ ਰੂਪ ਵਿੱਚ ਮਿਲ ਰਹੀ ਹੈ। ਤ੍ਰਾਸਦੀ ਇਹ ਹੈ ਕਿ ਇਸ ਬਾਰੇ ਸਾਨੂੰ ਉਸ ਦੇਸ਼ ਦੇ ਨੇਤਾ ਤੋਂ ਸਬਕ ਸਿੱਖਣਾ ਪੈ ਰਿਹਾ ਹੈ, ਜਿਸ ਨੇ 1789 ਵਿੱਚ ਕੌਮਵਾਦ ਦੀ ਖੋਜ ਕੀਤੀ ਸੀ। ਉਂਝ ਸਾਡਾ ਕੌਮਵਾਦ ਤਾਂ ਉਸ ਕੌਮਵਾਦ ਨਾਲੋਂ ਕਿਤੇ ਭਿਆਨਕ ਹੈ, ਜਿਸ ਦੇ ਸੰਬੰਧ ‘ਚ ਮੈਕਰੋਨ ਆਪਣੀ ਪ੍ਰਤੀਕਿਰਿਆ ਪੇਸ਼ ਕਰ ਰਹੇ ਸਨ। ਸਾਡਾ ਕੌਮਵਾਦ ਇਸ ਕਰ ਕੇ ਭਿਆਨਕ ਹੈ ਕਿ ਇਹ ਸਾਡੇ ਆਪਣੇ ਹੀ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ ਹੈ। ਮੈਨੂੰ ਇਹ ਵਿਆਖਿਆ ਕਰਨ ਦੀ ਲੋੜ ਨਹੀਂ ਕਿ ਇਸ ਦਾ ਭਾਵ ਕੀ ਹੈ, ਪਰ ਕੀ ਤੁਸੀਂ ਸੁਫਨੇ ‘ਚ ਵੀ ਇਹ ਸੋਚ ਸਕਦੇ ਹੋ ਕਿ ਸਾਡਾ ਨੇਤਾ ਕਹੇਗਾ : ‘ਘੱਟ ਗਿਣਤੀਆਂ ਦੇ ਅਧਿਕਾਰ ਹੀ ਦੁਨੀਆ ਦੇ ਰੋਗਾਂ ਦਾ ਸੱਚਾ ਇਲਾਜ ਹੈ?’
ਮੈਂ ਇਹ ਮੰਨਦਾ ਹਾਂ ਕਿ ਆਪਣੇ ਦੇਸ਼ ਦੇ ਨੇਤਾ ਦੇ ਮੂੰਹੋਂ ਅਜਿਹੇ ਸ਼ਬਦ ਸੁਣਨ ਦੀ ਕਲਪਨਾ ਨਹੀਂ ਕਰ ਸਕਦਾ, ਫਿਰ ਵੀ ਮੈਂ ਸਖਤ ਮਿਹਨਤ ਕਰ ਕੇ ਅਜਿਹੇ ਪਲ ਦੀ ਖਾਸ ਤੌਰ ‘ਤੇ ਕਲਪਨਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਘੱਟ ਗਿਣਤੀਆਂ ਲਈ ‘ਜ਼ਹਿਰੀਲੇ’ ਵਰਗਾ ਨਾਂਅ ਵਰਤਣ ਤੋਂ ਬਾਅਦ ਅਸੀਂ ਆਸ ਕਿਸ ਗੱਲ ਦੀ ਕਰ ਸਕਦੇ ਹਾਂ। ਮੈਨੂੰ ਇਹ ਗੱਲ ਮੰਨਣੀ ਚਾਹੀਦੀ ਹੈ ਕਿ ਮੈਕਰੋਨ ਦੇ ਇੱਕ ਹੋਰ ਜ਼ਿਕਰ ਤੋਂ ਮੈਂ ਅਚਾਨਕ ਹੱਕਾ-ਬੱਕਾ ਰਹਿ ਗਿਆ, ਜਦੋਂ ਉਨ੍ਹਾਂ ਕਿਹਾ ਸੀ ਕਿ ‘ਸਾਡੇ ਦਰਮਿਆਨ ਸਭ ਤੋਂ ਤਾਕਤਵਾਰ ਤੇ ਸਭ ਤੋਂ ਵੱਧ ਸਪੱਸ਼ਟ ਬੰਧਨ ਉਹ ਹੈ, ਜੋ ਸਾਡੇ ਲੋਕਾਂ ਨੂੰ ਅਬਰਾਹਮ ਲਿੰਕਨ ਦੇ ਸ਼ਬਦਾਂ ਵਿੱਚ ‘ਲੋਕਤੰਤਰ ਦੇ ਅਧੂਰੇ ਏਜੰਡੇ’ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਅੱਗੇ ਵਧਾਉਣ ਲਈ ਸੂਤਰ ‘ਚ ਪਿਰੋਂਦਾ ਹੈ।” ਆਖਰ ਲੋਕਤੰਤਰ ਦਾ ਇਹ ਅਧੂਰਾ ਏਜੰਡਾ ਕੀ ਹੈ? ਮੈਕਰੋਨ ਇਸ ਦੀ ਵਿਆਖਿਆ ‘ਸਭਨਾਂ ਲਈ ਮਨੁੱਖੀ ਅਧਿਕਾਰ’ ਦੇ ਰੂਪ ਵਿੱਚ ਕਰਦੇ ਹਨ। ਮਨੁੱਖੀ ਅਧਿਕਾਰਾਂ ਪ੍ਰਤੀ ਹਾਂ-ਪੱਖੀ, ਜ਼ਿਕਰ ਸਾਡੇ ਜ਼ਮਾਨੇ ਵਿੱਚ ਕੁਝ ਅਜੀਬ ਜਿਹਾ ਲੱਗਦਾ ਹੈ। ‘ਸੌਕੁਲਰ’ ਅਤੇ ‘ਉਦਾਰਵਾਦੀ’ ਸ਼ਬਦਾਂ ਵਾਂਗ ਭਾਰਤੀ ਮਜ਼੍ਹਬੀ ਕੌਮਵਾਦ ਦੀਆਂ ਵਾਨਰ ਸੈਨਾਵਾਂ ਨੇ ‘ਮਨੁੱਖੀ ਅਧਿਕਾਰਾਂ’ ਨੂੰ ਲੋਕਾਂ ਲਈ ਇੱਕ ਡਰਾਉਣੀ ਚੀਜ਼ ਬਣਾ ਕੇ ਰੱਖ ਦਿੱਤਾ ਹੈ ਅਤੇ ਇਹ ਉਨ੍ਹਾਂ ਦੀ ਹੋਂਦ ਦੀ ਗਾਰੰਟੀ ਬਿਲਕੁਲ ਨਹੀਂ ਰਹਿ ਗਿਆ ਹੈ। ਫਰਾਂਸੀਸੀ ਰਾਸ਼ਟਰਪਤੀ ਦੇ ਸ਼ਬਦਾਂ ‘ਚ ਇੱਕ ਕਾਵਿਕਤਾ ਹੈ, ਜੋ ਸਾਨੂੰ ਦੱਸਦੀ ਹੈ ਕਿ ਇਸ ਭਾਸ਼ਣ ਨੂੰ ਉਨ੍ਹਾਂ ਭਾਸ਼ਣਾਂ ਵਾਂਗ ਭੁਲਾ ਨਹੀਂ ਦਿੱਤਾ ਜਾਏਗਾ, ਜਿਹੜੇ ਉਨ੍ਹਾਂ ਤੋਂ ਪਹਿਲਾਂ ਅਮਰੀਕੀ ਪਾਰਲੀਮੈਂਟ ਵਿੱਚ ਦਿੱਤੇ ਗਏ ਸਨ। (ਸਾਡੇ ਦੇਸ਼ ਦੇ ਨੇਤਾ ਨੇ ਇਸੇ ਥਾਂ ਜੋ ਭਾਸ਼ਣ ਦਿੱਤਾ ਸੀ, ਉਸ ਦਾ ਇੱਕ ਵੀ ਸ਼ਬਦ ਜ਼ਿਹਨ ‘ਚ ਨਹੀਂ ਆਉਂਦਾ) ਇਹੋ ਵਜ੍ਹਾ ਹੈ ਕਿ ਮੈਕਰੋਨ ਦੇ ਭਾਸ਼ਣ ਨੂੰ ਅਮਰੀਕਾ ‘ਚ ਅਜਿਹੀ ਕਵਰੇਜ ਮਿਲੀ, ਜਿਹੜੀ ਬਹੁਤ ਘੱਟ ਭਾਸ਼ਣਾਂ ਨੂੰ ਮਿਲਦੀ ਹੈ।
ਮੈਕਰੋਨ ਦੇ ਭਾਸ਼ਣ ਨੂੰ ਪੜ੍ਹਨ ਤੋਂ ਇਹ ਜ਼ਾਹਰ ਹੋ ਜਾਵੇਗਾ ਕਿ ਅਸੀਂ ਲੋਕ ਇਸ ਤਰ੍ਹਾਂ ਸ਼ਰਮਨਾਕ ਹੱਦ ਤੱਕ ਸੌੜੀ ਮਾਨਸਿਕਤਾ ਵਾਲੇ ਬਣ ਚੁੱਕੇ ਹਾਂ। ਸੱਚਮੁੱਚ ਅਜੀਬ ਗੱਲ ਇਹ ਹੈ ਕਿ ਮੈਕਰੋਨ ਦੇ ਭਾਸ਼ਣ ਦੀ ਗਰਾਮਰ ਪੂਰੀ ਤਰ੍ਹਾਂ ਸਾਡੇ ਸੰਵਿਧਾਨ ਨਾਲ ਮਿਲਦੀ ਹੈ। ਜੋ ਉਨ੍ਹਾਂ ਨੇ ਕਿਹਾ ਹੈ, ਉਹ ਕਿਸੇ ਵੀ ਤਰ੍ਹਾਂ ਉਸ ਨਾਲੋਂ ਵੱਖ ਨਹੀਂ ਹੈ, ਜਿਸ ਦਾ ਵਾਅਦਾ 15 ਅਗਸਤ 1947 ਦੀ ਅੱਧੀ ਰਾਤ ਨੂੰ ਭਾਰਤ ਦੇ ਲੋਕਾਂ ਨਾਲ ਸਾਡੇ ਆਗੂਆਂ ਨੇ ਕੀਤਾ ਸੀ।