ਰਾਸ਼ਟਰਪਤੀ ਚੋਣ: ਮੁਕਾਬਲਾ ਕੋਵਿੰਦ ਤੇ ਮੀਰਾ ਵਿਚਾਲੇ ਰਹਿ ਗਿਆ, ਬਾਕੀ ਉਮੀਦਵਾਰਾਂ ਦੇ ਕਾਗਜ਼ ਰੱਦ

kovind and meera
* ਉਪ ਰਾਸ਼ਟਰਪਤੀ ਦੀ ਚੋਣ ਵੀ 5 ਅਗਸਤ ਨੂੰ
ਨਵੀਂ ਦਿੱਲੀ, 29 ਜੂਨ, (ਪੋਸਟ ਬਿਊਰੋ)- ਭਾਰਤ ਦੇ ਅਗਲੇ ਰਾਸ਼ਟਰਪਤੀ ਦੀ ਚੋਣ ਲਈ ਕੌਮੀ ਜਮੂਹਰੀ ਗੱਠਜੋੜ ਦੇ ਉਮੀਦਵਾਰ ਰਾਮ ਨਾਥ ਕੋਵਿੰਦ ਤੇ ਵਿਰੋਧੀ ਪਾਰਟੀਆਂ ਦੀ ਉਮੀਦਵਾਰ ਮੀਰਾ ਕੁਮਾਰ ਤੋਂ ਬਿਨਾਂ ਇਸ ਅਹੁਦੇ ਲਈ ਬਾਕੀ ਸਾਰੇ ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਅੱਜ ਪੜਤਾਲ ਦੌਰਾਨ ਰੱਦ ਹੋ ਗਏ। ਇਸ ਤੋਂ ਪਹਿਲਾਂ ਕੋਵਿੰਦ ਅਤੇ ਮੀਰਾ ਕੁਮਾਰ ਸਮੇਤ ਕੁੱਲ 95 ਉਮੀਦਵਾਰ ਚੋਣ ਲਈ ਮੈਦਾਨ ਵਿੱਚ ਸਨ।
ਚੋਣ ਦੇ ਮੁੱਖ ਕੇਂਦਰ ਲੋਕ ਸਭਾ ਸਕੱਤਰੇਤ ਦੇ ਸੂਤਰਾਂ ਮੁਤਾਬਕ ਵੱਡੀ ਗਿਣਤੀ ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਰੱਦ ਹੋਣ ਦੀ ਮੁੱਖ ਵਜ੍ਹਾ ਉਨ੍ਹਾਂ ਕੋਲ ਸੰਬੰਧਤ ਚੋਣ ਦੇ ਵੋਟਰਾਂ ਦੀ ਲੋੜੀਂਦੀ ਹਮਾਇਤ ਨਾ ਹੋਣਾ ਸੀ। ਅੱਜ ਜਾਂਚ ਪੜਤਾਲ ਦੇ ਦੌਰਾਨ ਇਹ ਨਾਮਜ਼ਦਗੀ ਕਾਗਜ਼ ਰੱਦ ਕੀਤੇ ਗਏ। ਨਿਯਮਾਂ ਮੁਤਾਬਕ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਬਣਨ ਵਾਸਤੇ ਨਾਮਜ਼ਦਗੀ ਪੱਤਰ ਉੱਤੇ ਘੱਟੋ ਘੱਟ 50 ਵੋਟਰਾਂ ਤੋਂ ਪਹਿਲਾਂ ਤਜਵੀਜ਼ ਅਤੇ ਇੰਨੇ ਮੈਂਬਰਾਂ ਵੱਲੋਂ ਹੀ ਇਸ ਦੀ ਤਾਈਦ ਕਰਾਉਣੀ ਲਾਜ਼ਮੀ ਹੁੰਦੀ ਹੈ। ਲੋਭ ਸਭਾ ਤੇ ਰਾਜ ਸਭਾ ਦੇ ਮੈਂਬਰਾਂ ਤੋਂ ਬਿਨਾ ਰਾਜਾਂ ਦੀਆਂ ਅਸੈਂਬਲੀਆਂ ਦੇ ਮੈਂਬਰ ਇਸ ਦੇ ਵੋਟਰ ਹਨ। ਲੋਕ ਸਭਾ ਦੇ ਸਕੱਤਰ ਜਨਰਲ ਇਸ ਚੋਣ ਲਈ ਰਿਟਰਨਿੰਗ ਅਫ਼ਸਰ ਲਾਏ ਗਏ ਹਨ। ਰਾਸ਼ਟਰਪਤੀ ਚੋਣ ਦੀ ਵੋਟਿੰਗ 17 ਜੁਲਾਈ ਨੂੰ ਹੋਵੇਗੀ ਅਤੇ ਨਤੀਜਿਆਂ ਦਾ ਐਲਾਨ 20 ਜੁਲਾਈ ਨੂੰ ਕੀਤਾ ਜਾਵੇਗਾ। ਮੌਜੂਦਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਕਾਰਜਕਾਲ 24 ਜੂਨ ਨੂੰ ਪੂਰਾ ਹੋਵੇਗਾ।
ਇਸ ਦੌਰਾਨ ਭਾਰਤ ਦੇ ਅਗਲੇ ਉਪ ਰਾਸ਼ਟਰਪਤੀ ਦੀ ਚੋਣ 5 ਅਗਸਤ ਨੂੰ ਕਰਵਾਏ ਜਾਣ ਦਾ ਐਲਾਨ ਵੀ ਹੋ ਗਿਆ ਹੈ। ਉਪ ਰਾਸ਼ਟਰਪਤੀ ਹਾਮਿਦ ਅਨਸਾਰੀ, ਜੋ ਪਿਛਲੇ ਦਸ ਸਾਲਾਂ ਤੋਂ ਇਸ ਅਹੁਦੇ ਉੱਤੇ ਹਨ, ਦਾ ਕਾਰਜਕਾਲ 10 ਅਗਸਤ ਨੂੰ ਪੂਰਾ ਹੋਵੇਗਾ। ਮੁੱਖ ਚੋਣ ਕਮਿਸ਼ਨਰ ਨਸੀਮ ਜ਼ੈਦੀ ਨੇ ਅੱਜ ਚੋਣ ਪ੍ਰੋਗਰਾਮ ਜਾਰੀ ਕਰਦੇ ਹੋਏ ਕਿਹਾ ਕਿ ਉਪ ਰਾਸ਼ਟਰਪਤੀ ਦੀ ਚੋਣ ਦਾ ਨੋਟੀਫਿਕੇਸ਼ਨ 4 ਜੁਲਾਈ ਨੂੰ ਜਾਰੀ ਹੋ ਕੇ 18 ਜੁਲਾਈ ਤਕ ਨਾਮਜ਼ਦਗੀ ਕਾਗਜ਼ ਭਰੇ ਜਾਣਗੇ, ਜਿਨ੍ਹਾਂ ਦੀ ਪੜਤਾਲ 19 ਜੁਲਾਈ ਨੂੰ ਹੋਵੇਗੀ ਅਤੇ 21 ਜੁਲਾਈ ਤਕ ਵਾਪਸ ਲਏ ਜਾ ਸਕਣਗੇ। ਜੇਕਰ ਵੋਟਿੰਗ ਕਰਾਉਣ ਦੀ ਲੋੜ ਪਈ ਤਾਂ 5 ਅਗਸਤ ਨੂੰ ਹੋ ਕੇ ਉਸੇ ਦਿਨ ਸ਼ਾਮ ਨੂੰ ਨਤੀਜਾ ਐਲਾਨ ਕੀਤਾ ਜਾਵੇਗਾ।