ਰਾਧੇ ਮਾਂ ਕੇਸ ਵਿੱਚ ਐੱਸ ਐੱਸ ਪੀ ਨੇ ਅਦਾਲਤ ਨੂੰ ਜਵਾਬ ਸੌਂਪਿਆ


ਚੰਡੀਗੜ੍ਹ, 14 ਨਵੰਬਰ (ਪੋਸਟ ਬਿਊਰੋ)- ਹਾਈ ਕੋਰਟ ਦੇ ਹੁਕਮ ਦੇ ਬਾਵਜੂਦ ਰਾਧੇ ਮਾਂ ਉੱਤੇ ਕਾਰਵਾਈ ਨਾ ਕਰਨ ਦੇ ਮਾਮਲੇ ਵਿੱਚ ਕਪੂਰਥਲਾ ਦੇ ਸੁਰਿੰਦਰ ਮਿੱਤਲ ਨੇ ਐੱਸ ਐੱਸ ਪੀ ਕਪੂਰਥਲਾ ਦੇ ਖਿਲਾਫ ਅਦਾਲਤੀ ਹੁਕਮਾਂ ਦੀ ਉਲੰਘਣਾ ਦੀ ਪਟੀਸ਼ਨ ਦਾਇਰ ਕੀਤੀ ਸੀ। ਇਸ ਕੇਸ ਵਿੱਚ ਕੱਲ੍ਹ ਐੱਸ ਐੱਸ ਪੀ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੂੰ ਹੁਕਮਾਂ ਦੀ ਕਾਪੀ ਨਹੀਂ ਮਿਲੀ ਸੀ, ਇਸ ਲਈ ਪਾਲਣਾ ਨਹੀਂ ਹੋ ਸਕੀ। ਪਟੀਸ਼ਨਰ ਸੁਰਿੰਦਰ ਮਿੱਤਲ ਨੇ ਐੱਸ ਐੱਸ ਪੀ ਉੱਤੇ ਅਦਾਲਤ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ ਹੈ। ਹਾਈ ਕੋਰਟ ਨੇ ਦੋਵਾਂ ਦੇ ਜਵਾਬ ਨੂੰ ਰਿਕਾਰਡ ਉਤੇ ਲੈ ਕੇ ਸੁਣਵਾਈ 10 ਜਨਵਰੀ ਤੱਕ ਟਾਲ ਦਿੱਤੀ ਹੈ।
ਇਸ ਕੇਸ ਬਵਿੱਚ ਪਟੀਸ਼ਨ ਕਰਤਾ ਸੁਰਿੰਦਰ ਮਿੱਤਲ ਨੇ ਦੱਸਿਆ ਕਿ ਉਸ ਨੇ ਸਾਲ 2015 ਵਿੱਚ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਕੇ ਕਿਹਾ ਸੀ ਕਿ ਰਾਧੇ ਮਾਂ ਧਰਮ ਦੇ ਨਾਂਅ ਉੱਤੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਉਹ ਖੁਦ ਨੂੰ ਮਾਂ ਦੁਰਗਾ ਦਾ ਅਵਤਾਰ ਦੱਸਦੀ ਤੇ ਲੋਕਾਂ ਨੂੰ ਗੁੰਮਰਾਹ ਕਰਦੀ ਹੈ ਅਤੇ ਹੱਥ ਵਿੱਚ ਤਿ੍ਰਸ਼ੂਲ ਲੈ ਕੇ ਮਾਂ ਦੁਰਗਾ ਦਾ ਰੂਪ ਧਾਰਨ ਕਰ ਕੇ ਜਗਰਾਤਿਆਂ ਵਿੱਚ ਜਾਂਦੀ ਹੈ। ਇਸ ਦੀ ਸ਼ਿਕਾਇਤ ਐੱਸ ਐੱਸ ਪੀ ਕਪੂਰਥਲਾ ਨੂੰ ਦਿੱਤੀ ਗਈ, ਪਰ ਠੋਸ ਕਾਰਵਾਈ ਨਹੀਂ ਕੀਤੀ ਗਈ। ਇਸ ਦੇ ਬਾਅਦ ਉਸ ਨੇ ਆਰ ਟੀ ਆਈ ਤੋਂ ਜਾਣਕਾਰੀ ਲਈ ਤਾਂ ਰਾਧੇ ਮਾਂ ਦੇ ਪਰਵਾਰ ਦੇ ਵੀ ਅਪਰਾਧਕ ਕੇਸਾਂ ਵਿੱਚ ਸ਼ਾਮਲ ਹੋਣ ਦੀ ਗੱਲ ਵੀ ਸਾਹਮਣੇ ਆਈ। ਇਸ ਦੌਰਾਨ ਇੱਕ ਮਹਿਲਾ ਨੇ ਉਸ ਨੂੰ ਮੁੰਬਈ ਤੋਂ ਫੋਨ ਕਰ ਕੇ ਦੱਸਿਆ ਕਿ ਰਾਧੇ ਮਾਂ ਉਸ ਦੇ ਪਤੀ ਨਾਲ ਮਿਲ ਕੇ ਉਸ ਨੂੰ ਪ੍ਰੇਸ਼ਾਨ ਕਰ ਰਹੀ ਹੈ। ਇਸ ਲਈ ਉਸ ਨੂੰ ਰਾਧੇ ਮਾਂ ਦੇ ਖਿਲਾਫ ਸਬੂਤ ਚਾਹੀਦੇ ਹਨ। ਜਦ ਰਾਧੇ ਮਾਂ ਉਰਫ ਸੁਖਵਿੰਦਰ ਕੌਰ ਨੂੰ ਇਸ ਦਾ ਪਤਾ ਲੱਗਾ ਤਾਂ ਉਸ ਨੇ ਲਾਲਚ ਦਿਵਾਇਆ ਕਿ ਉਹ ਅਜਿਹਾ ਨਾ ਕਰੇ, ਜਦ ਉਹ ਨਹੀਂ ਮੰਨੀ ਤਾਂ ਅਚਾਨਕ ਉਸ ਨੂੰ ਰਾਧੇ ਮਾਂ ਦਾ ਖੁਦ ਫੋਨ ਆਇਆ ਅਤੇ ਉਸ ਤੋਂ ਪੁੱਛਿਆ ਕਿ ਉਸ ਨੂੰ ਕੀ ਚਾਹੀਦਾ ਹੈ, ਜੋ ਚਾਹੀਦਾ ਹੈ, ਮਿਲ ਜਾਏਗਾ, ਪਰ ਉਸ ਨੇ ਇਨਕਾਰ ਕਰ ਦਿੱਤਾ। ਇਸ ਦੇ ਬਾਅਦ ਵੀ ਵਾਰ-ਵਾਰ ਫੋਨ ਆਉਂਦੇ ਰਹੇ। ਉਸ ਨੇ ਕਾਲ ਦੀ ਰਿਕਾਰਡਿੰਗ ਕਰ ਲਈ ਤੇ ਕਿਹਾ ਕਿ ਹੁਣ ਪ੍ਰੇਸ਼ਾਨ ਕੀਤਾ ਤਾਂ ਉਹ ਪੁਲਸ ਨੂੰ ਦੇ ਦੇਵੇਗਾ। ਇਸ ਦੇ ਬਾਅਦ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ। ਸਾਰੇ ਕੇਸਾਂ ਨੂੰ ਐੱਸ ਐੱਸ ਪੀ ਦੇ ਧਿਆਨ ਵਿੱਚ ਲਿਆਂਦਾ ਗਿਆ ਅਤੇ ਰਾਧੇ ਮਾਂ ਦੇ ਖਿਲਾਫ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ।